ਛੇ ਰੋਜ਼ਾ ਕਸ਼ਮੀਰੀ ਯੂਥ ਐਕਸਚੇਂਜ ਪ੍ਰੋਗਰਾਮ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੂਰਨ
ਪ੍ਰੋਗਰਾਮ ’ਚ ਕਸ਼ਮੀਰ ਦੇ ਬਾਰਾਮੂਲਾ, ਕੁਪਵਾੜਾ, ਬਡਗਾਮ, ਸ੍ਰੀਨਗਰ, ਪੁਲਵਾਮਾ, ਅਨੰਤਨਾਗ ਜ਼ਿਲ੍ਹਿਆਂ ਦੇ 120 ਭਾਗੀਦਾਰਾਂ ਨੇ ਹਿੱਸਾ ਲਿਆ।
Publish Date: Mon, 30 Mar 2026 05:34 PM (IST)
Updated Date: Tue, 31 Mar 2026 04:07 AM (IST)

ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਗ੍ਰਹਿ ਮੰਤਰਾਲੇ ਤੇ ਯੁਵਾ ਮਾਮਲਿਆਂ ਤੇ ਖੇਡ ਮੰਤਰਾਲੇ ਦੀ ਸਾਂਝੀ ਪਹਿਲ ਕਦਮੀ ਸਦਕਾ ਮੇਰਾ ਯੁਵਾ ਭਾਰਤ ਦੁਆਰਾ ਯੂਥ ਹੋਸਟਲ ਤਰਨਤਾਰਨ ਵਿਖੇ ਕਰਵਾਇਆ ਛੇ ਰੋਜ਼ਾ ਕਸ਼ਮੀਰੀ ਯੂਥ ਐਕਸਚੇਂਜ ਪ੍ਰੋਗਰਾਮ ਅਮਿੱਟ ਯਾਦਾਂ ਬਿਖੇਰਦਾ ਸੋਮਵਾਰ ਨੂੰ ਸਮਾਪਤ ਹੋ ਗਿਆ। ਡਿਪਟੀ ਡਾਇਰੈਕਟਰ ਜਸਲੀਨ ਕੌਰ ਦੀ ਨਿਗਰਾਨੀ ਹੇਠ ਕਰਵਾਏ ਇਸ ਪ੍ਰੋਗਰਾਮ ’ਚ ਕਸ਼ਮੀਰ ਦੇ ਬਾਰਾਮੂਲਾ, ਕੁਪਵਾੜਾ, ਬਡਗਾਮ, ਸ੍ਰੀਨਗਰ, ਪੁਲਵਾਮਾ, ਅਨੰਤਨਾਗ ਜ਼ਿਲ੍ਹਿਆਂ ਦੇ 120 ਭਾਗੀਦਾਰਾਂ ਨੇ ਹਿੱਸਾ ਲਿਆ। ਸਮਾਪਨ ਸਮਾਰੋਹ ’ਚ ਡੀਐੱਸਪੀ ਕਮਲਜੀਤ ਸਿੰਘ ਔਲਖ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਜਦੋਕਿ ਐੱਸਐੱਚਓ ਨਵਦੀਪ ਸਿੰਘ ਭੱਟੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਅਕਾਊਂਟਸ ਤੇ ਪ੍ਰੋਗਰਾਮ ਸੁਪਰਵਾਈਜ਼ਰ ਸਾਧੂ ਰਾਮ ਸਲਗੋਤਰਾ ਵੱਲੋਂ ਮਹਿਮਾਨਾਂ ਦੇ ਸਵਾਗਤ ਨਾਲ ਹੋਈ। ਇਸ ਤੋਂ ਬਾਅਦ ਡਿਪਟੀ ਡਾਇਰੈਕਟਰ ਜਸਲੀਨ ਕੌਰ ਨੇ ਛੇ ਦਿਨਾਂ ਦੇ ਪ੍ਰੋਗਰਾਮ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਇਸ ਦੌਰਾਨ ਹੋਈਆਂ ਗਤੀਵਿਧੀਆਂ ਤੇ ਸਿੱਖਣ ਵਾਲੇ ਅਨੁਭਵਾਂ ਬਾਰੇ ਰੋਸ਼ਨੀ ਪਾਈ। ਇਸ ਮੌਕੇ ਭਾਗੀਦਾਰਾਂ ਵੱਲੋਂ ਰੰਗਾ-ਰੰਗ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ਭਾਗੀਦਾਰਾਂ ਵੱਲੋਂ ਆਪਣੇ ਤਜ਼ਰਬੇ ਸਾਂਝੇ ਕੀਤੇ ਗਏ, ਜਿੱਥੇ ਉਨ੍ਹਾਂ ਨੇ ਪੰਜਾਬ ਦੀ ਸੰਸਕ੍ਰਿਤੀ ਤੇ ਵਿਰਾਸਤ ਨੂੰ ਜਾਣਨ ਦੇ ਮੌਕੇ ਲਈ ਧੰਨਵਾਦ ਕੀਤਾ। ਸਮਾਰੋਹ ਦੌਰਾਨ ਭਾਗੀਦਾਰਾਂ ਨੂੰ ਇਨਾਮ ਤੇ ਸਰਟੀਫਿਕੇਟ ਵੀ ਵੰਡੇ ਗਏ। ਆਪਣੇ ਸੰਬੋਧਨ ’ਚ ਡੀਐੱਸਪੀ ਕਮਲਜੀਤ ਸਿੰਘ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਤੇ ਨੌਜਵਾਨਾਂ ਨੂੰ ਦੇਸ਼ ਦੀ ਏਕਤਾ, ਅਨੁਸ਼ਾਸਨ ਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ। ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ ਭੱਟੀ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਅੰਤ ’ਚ ਜਸਲੀਨ ਕੌਰ ਵੱਲੋਂ ਵੋਟ ਆਫ਼ ਥੈਂਕਸ ਪੇਸ਼ ਕੀਤਾ ਗਿਆ, ਜਿਸ ’ਚ ਉਨ੍ਹਾਂ ਨੇ ਸਾਰੇ ਮਹਿਮਾਨਾਂ, ਭਾਗੀਦਾਰਾਂ ਤੇ ਸਹਿਯੋਗੀ ਸਟਾਫ ਦਾ ਧੰਨਵਾਦ ਕੀਤਾ। ਇਹ ਪ੍ਰੋਗਰਾਮ ਨੌਜਵਾਨਾਂ ’ਚ ਸੱਭਿਆਚਾਰਕ ਅਦਾਨ-ਪ੍ਰਦਾਨ, ਆਪਸੀ ਸਮਝ ਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਵੱਲ ਮਹੱਤਵਪੂਰਨ ਕਦਮ ਸਾਬਤ ਹੋਇਆ।