ਫਤਿਆਬਾਦ ‘ਚ ਸ਼ਰਧਾ ਨਾਲ ਸਜਾਈ ਸ਼ੋਭਾ ਯਾਤਰਾ, ਸੰਗਤ ਨੇ ਵੱਡੀ ਗਿਣਤੀ ‘ਚ ਭਰੀ ਹਾਜਰੀ
ਵੱਡੀ ਗਿਣਤੀ ’ਚ ਸੰਗਤਾਂ ਨੇ ਸ਼ੋਭਾ ਯਾਤਰਾ ’ਚ ਸ਼ਾਮਲ ਹੋ ਕੇ ਮਾਤਾ ਰਾਣੀ ਦੀਆਂ ਖ਼ੁਸ਼ੀਆਂ ਹਾਸਲ ਕੀਤੀਆਂ
Publish Date: Sat, 21 Mar 2026 05:39 PM (IST)
Updated Date: Sun, 22 Mar 2026 04:08 AM (IST)

ਗੁਰਬਰਿੰਦਰ ਸਿੰਘ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਮੰਦਰ ਸ੍ਰੀ ਕੁਲਵੰਤ ਦੇਵਾ ਜੀ ਫਤਿਆਬਾਦ ਵਿਖੇ ਹੋਣ ਵਾਲੇ 33ਵੇਂ ਸਾਲਾਨਾ ਜਾਗਰਣ ਮੌਕੇ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ ਵਿਸ਼ੇਸ਼ ਸ਼ੋਭਾ ਯਾਤਰਾ ਸਜਾਈ ਗਈ। ਜੋ ਮੰਦਰ ਸ੍ਰੀ ਕੁਲਵੰਤ ਦੇਵਾ ਜੀ ਤੋਂ ਆਰੰਭ ਹੋ ਕੇ ਨਗਰ ਦੇ ਵੱਖ-ਵੱਖ ਪੜਾਵਾਂ ’ਤੇ ਪਹੁੰਚੀ। ਜਿੱਥੇ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਤੇ ਜੈਕਾਰਿਆਂ ਦੀ ਗੂੰਜ ਨਾਲ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ। ਮਾਤਾ ਰਾਣੀ ਦੀ ਪਵਿੱਤਰ ਜਗਦੀ ਜੋਤ ’ਤੇ 31 ਪਵਿੱਤਰ ਜਲ ਕਲਸ਼ਾਂ ਦੀ ਅਗਵਾਈ ਬੈਂਡ ਵਾਜਿਆਂ ਤੇ ਢੋਲ ਨਗਾਰਿਆਂ ਨੇ ਕੀਤੀ। ਇਸ ਮੌਕੇ ਵੱਖ-ਵੱਖ ਭਜਨ ਮੰਡਲੀਆਂ ਤੇ ਮੰਦਰ ਪ੍ਰਮੁੱਖ ਕੁਲਵੰਤ ਦੇਵਾ ਜੀ ਵੱਲੋਂ ਮਾਤਾ ਰਾਣੀ ਦਾ ਗੁਣਗਾਨ ਕੀਤਾ ਗਿਆ। ਵੱਡੀ ਗਿਣਤੀ ’ਚ ਸੰਗਤਾਂ ਨੇ ਸ਼ੋਭਾ ਯਾਤਰਾ ’ਚ ਸ਼ਾਮਲ ਹੋ ਕੇ ਮਾਤਾ ਰਾਣੀ ਦੀਆਂ ਖ਼ੁਸ਼ੀਆਂ ਹਾਸਲ ਕੀਤੀਆਂ। ਸ਼ੋਭਾ ਯਾਤਰਾ ਨਾਲ ਚੱਲ ਰਹੀਆਂ ਸੰਗਤਾਂ ਲਈ ਵੱਖ-ਵੱਖ ਪੜਾਵਾਂ ’ਤੇ ਸ਼ਰਧਾਲੂਆਂ ਵੱਲੋਂ ਲੰਗਰ ਵਰਤਾਏ ਗਏ। ਪ੍ਰਬੰਧਕ ਆਗੂਆਂ ਦੱਸਿਆ ਕਿ 24 ਮਾਰਚ ਮੰਗਲਵਾਰ ਨੂੰ ਹਵਨ ਤੇ ਸਤਿਸੰਗ ਉਪਰੰਤ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਸਥਾਪਨਾ ਕੀਤੀ ਜਾਵੇਗੀ ਤੇ 25 ਮਾਰਚ ਬੁੱਧਵਾਰ ਝੰਡੇ ਦੀ ਰਸਮ ਸਤਿਸੰਗ ਤੇ ਪੂਜਾ ਅਰਚਨਾ ਤੋਂ ਬਾਅਦ ਜੋਤੀ ਪ੍ਰਚੰਡ ਤੇ ਜਾਗਰਣ ਦੀ ਅਰੰਭਤਾ ਹੋਵੇਗੀ। ਜਿਸ ’ਚ ਪ੍ਰਸਿੱਧ ਕਲਾਕਾਰ ਮਨੀ ਲਾਡਲਾ, ਆਸ਼ੂ ਸਿੰਘ, ਅਮਨਦੀਪ ਗਿੱਲ, ਸੁਖਦੇਵ ਨਾਹਰ ਤੇ ਭਜਨ ਮੰਡਲੀਆਂ ਮਹਾਮਈ ਦੀ ਮਹਿਮਾ ਦਾ ਗੁਣਗਾਨ ਕਰਨਗੇ।