ਸੇਵਾ ਕੇਂਦਰ ਮੁਲਾਜ਼ਮਾਂ ਨੇ ਤਰਨਤਾਰਨ ਸ਼ਹਿਰ ’ਚ ਰੋਸ ਮਾਰਚ ਕਰਕੇ ਕੀਤਾ ਪ੍ਰਦਰਸ਼ਨ
ਸੇਵਾ ਕੇਂਦਰ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਾਉਣ ਲਈ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮਿਲਕੇ ਹੱਲ ਕਰਵਾਉਣਗੇ।
Publish Date: Mon, 01 Jun 2026 07:02 PM (IST)
Updated Date: Tue, 02 Jun 2026 04:07 AM (IST)

ਸੇਵਾ ਕੇਂਦਰ ਮੁਲਾਜ਼ਮਾਂ ਨੇ ਤਰਨਤਾਰਨ ਸ਼ਹਿਰ ’ਚ ਰੋਸ ਮਾਰਚ ਕਰਕੇ ਕੀਤਾ ਪ੍ਰਦਰਸ਼ਨ ਜਸਪਾਲ ਸਿੰਘ ਜੱਸੀ,•ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹਾ ਤਰਨਤਾਰਨ ਦੇ ਸਮੂਹ ਸੇਵਾ ਕੇਂਦਰ ਮੁਲਾਜ਼ਮਾਂ ਨੇ ਸੂਬਾ ਕਮੇਟੀ ਯੂਨੀਅਨ ਦੇ ਸੱਦੇ ‘ਤੇ ਪ੍ਰਧਾਨ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਰੋਸ ਮਾਰਚ ਕਰਕੇ ਤਰਨਤਾਰਨ ਦੇ ਵਾਸੀਆਂ ਨੂੰ ਆਪਣੀਆਂ ਹੱਕੀ ਮੰਗਾਂ ਤੋਂ ਜਾਣੂੰ ਕਰਾਇਆ। ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ 10 ਸਾਲ ਤੋਂ ਸੇਵਾ ਕੇਂਦਰ ਵਿਚ ਬਹੁਤ ਘੱਟ ਤਨਖਾਹ ’ਤੇ ਕੰਮ ਕਰ ਰਹੇ ਹਨ। ਪਰ ਸਰਕਾਰ ਅਤੇ ਕੰਪਨੀ ਨੇ ਰਲ ਕੇ ਮੁਲਾਜ਼ਮਾਂ ਉਪਰ ਤਾਨਾਸ਼ਾਹੀ ਰੁੱਖ ਅਪਣਾਇਆ ਹੋਇਆ ਹੈ। ਹੈਰਾਨਗੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੋ ਦਿਨ ਪਹਿਲਾਂ ਵੱਖ-ਵੱਖ ਵਿਭਾਗਾਂ ’ਚ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਪ੍ਰਚਾਰਿਆ ਸੀ। ਪ੍ਰੈੱਸ ਸਕੱਤਰ ਹਰਮਨ ਸਿੰਘ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਲਿਸਟ ਅਨੁਸਾਰ ਸੇਵਾ ਕੇਂਦਰ ਮੁਲਾਜ਼ਮਾਂ ਦਾ ਨਾਮ ਨਹੀਂ ਆਇਆ। ਉਨ੍ਹਾਂ ਦਾ ਨਾਮ ਨਾ ਆਉਣ ਕਰਕੇ ਸਾਰੇ ਸੇਵਾ ਕੇਂਦਰ ਦੇ ਮੁਲਾਜ਼ਮਾਂ ’ਚ ਭਾਰੀ ਰੋਸ ਹੈ, ਜਿਸ ਕਰਕੇ ਸਾਨੂੰ ਸਰਕਾਰ ਦੇ ਖਿਲਾਫ਼ ਰੋਸ ਮਾਰਚ ਤੇ ਧਰਨੇ ਲਗਾਉਣੇ ਪੈ ਰਹੇ ਹਨ। ਇਸ ਸਮੇਂ ਯੂਨੀਅਨ ਦੇ ਮੈਂਬਰ ਬੇਅੰਤ ਕੌਰ ਨੇ ਕਿਹਾ ਕਿ ਸਾਡੇ ਸੇਵਾ ਕੇਂਦਰ ਦੇ ਕਈ ਮੁਲਾਜ਼ਮਾਂ ਨੂੰ ਟਰਮੀਨੇਟ ਦੀਆਂ ਈ-ਮੇਲ ਕਰਕੇ 3 ਜੂਨ ਨੂੰ ਰੁਜ਼ਗਾਰ ਮੇਲਾ ਲਗਾ ਰਹੀ ਹੈ ਅਤੇ ਸਰਕਾਰ ਤੇ ਕੰਪਨੀ ਨੂੰ ਸਾਡੀ ਚੇਤਾਵਨੀ ਹੈ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ, ਤਾਂ 3 ਜੂਨ ਨੂੰ ਰੁਜ਼ਗਾਰ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਸਮੇਂ ਸਲਾਹਕਾਰ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਜੋ ਕੰਪਨੀ ਵੱਲੋਂ ਸਾਨੂੰ ਤਰ੍ਹਾਂ-ਤਰ੍ਹਾਂ ਦੇ ਡਰਾਵੇ ਮਾਰੇ ਜਾ ਰਹੇ। ਉਨ੍ਹਾਂ ਦਾ ਸਾਡੇ ’ਤੇ ਕੋਈ ਅਸਰ ਨਹੀਂ ਹੈ, ਸਾਡੀ ਹੁਣ ਕੰਪਨੀ ਨਾਲ ਲੜਾਈ ਨਹੀਂ ਸਰਕਾਰ ਨਾਲ ਹੈ ਤੇ ਉਹ ਸਰਕਾਰ ਦਾ ਡੱਟ ਕੇ ਵਿਰੋਧ ਕਰਨਗੇ ਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਪੈਦਲ ਮਾਰਚ ਕਰਦਿਆਂ ਸੇਵਾ ਕੇਂਦਰ ਮੁਲਾਜ਼ਮਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਮੰਗ ਪੱਤਰ ਸੌਂਪਿਆ ਤੇ ਮੰਗਾਂ ਬਾਰੇ ਜਾਣੂੰ ਕਰਵਾਇਆ ਗਿਆ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਸੇਵਾ ਕੇਂਦਰ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਾਉਣ ਲਈ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮਿਲਕੇ ਹੱਲ ਕਰਵਾਉਣਗੇ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਖਦੇਵ ਸਿੰਘ ਜਵੰਦਾ, ਮੰਗਲ ਸਿੰਘ ਜਵੰਦਾ, ਖੁਸ਼ਦੀਪ ਸਿੰਘ ਤੁੜ, ਦਲੇਰ ਸਿੰਘ ਤੁੜ, ਜ਼ਮਹੂਰੀ ਕਿਸਾਨ ਸਭਾ ਦੇ ਮੈਂਬਰ ਸੁਖਦੇਵ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਜਥੇਬੰਦੀਆਂ ਸੇਵਾ ਕੇਂਦਰ ਯੂਨੀਅਨ ਦਾ ਹਰੇਕ ਤਰ੍ਹਾਂ ਦਾ ਸਮਰਥਨ ਕਰਨਗੀਆਂ। ਰੋਸ ਮਾਰਚ ਦੌਰਾਨ ਪਹੁੰਚੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਤਰਨਤਾਰਨ ਦੇ ਇੰਚਾਰਜ ਬੀਬੀ ਕੰਚਨਪ੍ਰੀਤ ਕੌਰ ਅਤੇ ਬੀਜੇਪੀ ਦੇ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਸੇਵਾ ਕੇਂਦਰ ਮੁਲਾਜ਼ਮਾਂ ਦੇ ਸੰਘਰਸ਼ ਦਾ ਸਮਰਥਨ ਕਰਦੇ ਹੋਏ ਮਾਰਚ ਵਿਚ ਸ਼ਿਰਕਤ ਕੀਤੀ ਅਤੇ ਵਿਸ਼ਵਾਸ਼ ਦਿਵਾਇਆ ਕਿ ਉਹ ਇਸ ਸੰਘਰਸ਼ ਵਿਚ ਹਰੇਕ ਤਰ੍ਹਾਂ ਦਾ ਸਾਥ ਦੇਣਗੇ ਅਤੇ ਸਾਡੀ ਸਰਕਾਰ ਆਉਣ ’ਤੇ ਸੇਵਾ ਕੇਂਦਰ ਮੁਲਾਜ਼ਮਾਂ ਨੂੰ ਠੇਕਾ ਪ੍ਰਣਾਲੀ ਤੋਂ ਕੱਢ ਕੇ ਸਰਕਾਰ ਵਿਚ ਪੱਕਾ ਕੀਤਾ ਜਾਵੇਗਾ। ਇਸ ਮੌਕੇ ਸੇਵਾ ਕੇਂਦਰ ਯੂਨੀਅਨ ਦੇ ਸੇਵਾ ਸਹਾਇਕ ਪ੍ਰਧਾਨ ਵਰਿੰਦਰ ਸਿੰਘ ਜੋਤੀ ਨੇ ਰੋਸ ਮਾਰਚ ਵਿਚ ਪਹੁੰਚੇ ਜਥੇਬੰਦੀਆਂ ਦੇ ਆਗੂ ਅਤੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ l