ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਨੇ ਵਧਾਈਆਂ ਲੋਕਾਂ ਦੀਆਂ ਮੁਸ਼ਕਿਲਾਂ, ਜਨ ਜੀਵਨ ਪ੍ਰਭਾਵਿਤ
ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਨੇ ਵਧਾਈਆਂ ਲੋਕਾਂ ਦੀਆਂ ਮੁਸ਼ਕਿਲਾਂ, ਜਨ ਜੀਵਨ ਪ੍ਰਭਾਵਿਤ
Publish Date: Sat, 10 Jan 2026 06:58 PM (IST)
Updated Date: Sun, 11 Jan 2026 04:10 AM (IST)

ਪੰਜਾਬੀ ਜਾਗਰਣ ਟੀਮ, ਤਰਨਤਾਰਨ : ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵਧਾ ਦਿੱਤਾ ਹੈ। ਧੁੰਦ ਅਤੇ ਕੋਰੇ ਦੇ ਕਰਕੇ ਜਿਥੇ ਜਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ। ਉਥੇ ਹੀ ਲੋਕ ਠੰਢ ਤੋਂ ਬਚਣ ਲਈ ਕਈ ਤਰ੍ਹਾਂ ਦੇ ਉਪਾਅ ਕਰ ਰਹੇ ਹਨ। ਹਾਲਾਕਿ ਰੋਜ ਮਰਾ ਦੇ ਕੰਮ ਕਾਰਨ ਨਾਲ ਜੀਵਿਕਾ ਚਲਾਉਣ ਵਾਲਿਆਂ ਦੇ ਕੰਮ ਵੀ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਹਨ। ਜਦੋਂਕਿ ਉਸਾਰੀ ਨਾਲ ਸਬੰਧਤ ਮਜ਼ਦੂਰਾਂ ਨੂੰ ਦੇ ਕੰਮ ਨੂੰ ਵੀ ਖੜ੍ਹੋਤ ਆਉਂਦੀ ਦਿਖਾਈ ਦੇ ਰਹੀ ਹੈ। ਦੱਸ ਦਈਏ ਕਿ ਸਮੁੱਚੇ ਪੰਜਾਬ ਦੀ ਤਰ੍ਹਾਂ ਤਰਨਤਾਰਨ ਜ਼ਿਲ੍ਹੇ ’ਚ ਵੀ ਠੰਢ ਦਾ ਭਾਰੀ ਪ੍ਰਕੋਪ ਵੇਖਣ ਨੂੰ ਮਿਲ ਰਿਹਾ ਹੈ। ਸਵੇਰ ਅਤੇ ਰਾਤ ਦੀ ਵਧੇਰੇ ਠੰਢ ਨਾਲ ਪਾਰਾ ਹੇਠਾਂ ਆ ਗਿਆ ਹੈ ਅਤੇ ਕੜਾਕੇ ਦੀ ਠੰਢ ਦੇ ਕਰਕੇ ਬਜੁਰਗ ਅਤੇ ਬੱਚਿਆਂ ਨੂੰ ਵਧੇਰੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਸ਼ੱਕ ਸਕੂਲਾਂ ਵਿਚ ਛੁੱਟੀਆਂ ਚੱਲ ਰਹੀਆਂ ਹਨ। ਪਰ ਸਕੂਲ ਖੁੱਲ੍ਹਣ ਦੇ ਸਮੇਂ ਤੱਕ ਜੇਕਰ ਠੰਢ ਦੇ ਹਾਲਾਤ ਇਹੋ ਰਹੇ ਤਾਂ ਬੱਚਿਆਂ ਦਾ ਸਕੂਲ ਜਾਣਾ ਵੀ ਔਖਾ ਹੋਵੇਗਾ। ਦੂਜੇ ਪਾਸੇ ਠੰਢ ਤੋਂ ਬਚਣ ਲਈ ਲੋਕ ਗਰਮ ਕੱਪੜਿਆਂ ਦੇ ਨਾਲ ਨਾਲ ਅੱਗ ਦਾ ਸਹਾਰਾ ਵੀ ਲੈ ਰਹੇ ਹਨ। ਜਿਸਦੇ ਚੱਲਦਿਆਂ ਗਲੀਆਂ ਬਾਜ਼ਾਰਾਂ ਵਿਚ ਆਮ ਹੀ ਲੋਕ ਅੱਗ ਸੇਕਦੇ ਦਿਖਾਈ ਦਿੰਦੇ ਹਨ। ਰਾਤ ਅਤੇ ਸਵੇਰ ਨੂੰ ਅੱਗ ਦੇ ਆਸ-ਪਾਸ ਲੋਕਾਂ ਦੀ ਗਿਣਤੀ ਵਧੇਰੇ ਹੋ ਜਾਂਦੀ ਹੈ। ਦੂਜੇ ਪਾਸੇ ਬਾਜ਼ਾਰਾਂ ਵਿਚ ਗਾਹਕਾਂ ਦੀ ਕਮੀਂ ਵੀ ਦਰਜ ਹੋ ਰਹੀ ਹੈ। ਹਾਲਾਂਕਿ ਟੋਪੀਆਂ, ਜੁਰਾਬਾਂ ਤੇ ਹੋਰ ਗਰਮ ਕੱਪੜਿਆਂ ਦੇ ਨਾਲ-ਨਾਲ ਠੰਢ ਦੌਰਾਨ ਖਾਦੀਆਂ ਜਾਣ ਵਾਲੀਆਂ ਵਸਤੂਆਂ ਦੀ ਖਰੀਦਦਾਰੀ ਚੱਲ ਰਹੀ ਹੈ। ਕਈ ਦਿਨਾਂ ਤੋਂ ਸਹੀ ਢੰਗ ਨਾਲ ਸੂਰਜ ਦੇਵਤਾ ਦੇ ਦਰਸ਼ਨ ਨਾ ਹੋਣ ਕਰਕੇ ਪਤੰਗਬਾਜ਼ ਵੀ ਕਾਫੀ ਨਿਰਾਸ਼ ਦਿਖਾਈ ਦੇ ਰਹੇ ਹਨ। ਕਿਉਂਕਿ ਲੋਹੜੀ ਦਾ ਤਿਉਹਾਰ ਸਿਰ ’ਤੇ ਆ ਚੁੱਕਾ ਹੈ। ਖਰਾਬ ਮੌਸਮ ਦੇ ਚੱਲਦਿਆਂ ਸ਼ਨਿਚਰਵਾਰ ਨੂੰ ਧੁੱਪ ਨਾ ਮਾਤਰ ਹੀ ਨਿਕਲੀ ਜਿਸ ਦੇ ਚੱਲਦਿਆਂ ਸਾਰਾ ਦਿਨ ਸੀਤ ਲਹਿਰ ਦਾ ਪ੍ਰਕੋਪ ਜਾਰੀ ਰਿਹਾ। ਦੁਕਾਨਦਾਰਾਂ ਬਲਵਿੰਦਰ ਸਿੰਘ, ਦੀਪਕ ਕੁਮਾਰ, ਰਣਬੀਰ ਸਿੰਘ, ਹਰਜਗਜੀਤ ਸਿੰਘ ਆਦਿ ਨੇ ਦੱਸਿਆ ਕਿ ਠੰਢ ਦੇ ਚੱਲਦਿਆਂ ਕਾਰੋਬਾਰ ਪ੍ਰਭਾਵਿਤ ਹੋਣਾ ਸੁਭਾਵਿਕ ਹੈ। ਰਾਹਗੀਰਾਂ ਨਿਹਾਲ ਸਿੰਘ, ਰੁਪਿੰਦਰ ਸਿੰਘ, ਪਰਮਿੰਦਰ ਸਿੰਘ, ਰਵੀ ਖਾਲਸਾ ਸਟੋਰ ਵਾਲਿਆਂ ਆਦਿ ਨੇ ਕਿਹਾ ਕਿ ਦੋ ਪਹੀਆ ਵਾਹਨਾਂ ’ਤੇ ਸਫਰ ਕਰਨ ’ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਹੱਢ ਚੀਰਵੀਂ ਠੰਢ ਅੰਦਰ ਤੱਕ ਝੰਜੋੜ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਠੰਢ ਤੋਂ ਬਚਣ ਲਈ ਅੱਗ ਦਾ ਸਹਾਰਾ ਲੈਣਾ ਪੈਂਦਾ ਹੈ। ਜਦੋਂਕਿ ਬੱਚਿਆਂ ਤੇ ਬਜੁਰਗਾਂ ਤੇ ਖਾਸ ਕਰਕੇ ਬਿਮਾਰਾਂ ਨੂੰ ਇਸ ਮੌਸਮ ਵਿਚ ਵਧੇਰੇ ਮੁਸ਼ਕਿਲ ਆ ਰਹੀ ਹੈ। === ਧੁੰਦ ਦੌਰਾਨ ਖਰਾਬ ਵਾਹਨਾਂ ਨੂੰ ਸੁਰੱਖਿਅਤ ਖੜ੍ਹਾ ਕੀਤਾ ਜਾਵੇ : ਮੇਜਰ ਸਿੰਘ ਸ੍ਰੀ ਗੁਰੂ ਅਰਜਨ ਦੇਵ ਜੀ ਖੂਨਦਾਨ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ ਬਿੱਲਾ ਨੇ ਕਿਹਾ ਕਿ ਧੁੰਦ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਜਿਸ ਕਾਰਨ ਸੜਕ ’ਤੇ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਅਜੇ ਧੁੰਦ ਘੱਟ ਹੈ, ਪਰ ਅੱਗੇ ਧੁੰਦ ਵਧ ਸਕਦੀ ਹੈ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਜੋ ਸੜਕ ’ਤੇ ਗੱਡੀਆਂ ਖਰਾਬ ਹੋ ਜਾਂਦੀਆਂ ਹਨ, ਉਨ੍ਹਾਂ ਨੂੰ ਇਕ ਪਾਸੇ ਕਰਵਾਇਆ ਜਾਵੇ ਤੇ ਜਰੂਰੀ ਚਿੰਨ੍ਹ ਵੀ ਲਗਾਏ ਜਾਣ ਤਾਂ ਜੋ ਕੋਈ ਹੋਰ ਰਾਹਗੀਰ ਧੁੰਦ ਕਾਰਨ ਹਾਦਸੇ ਦਾ ਸ਼ਿਕਾਰ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਖਰਾਬ ਵਾਹਨ ਦੇ ਇਛਾਰੇ ਤੇ ਪਾਰਕਿੰਗ ਲਾਈਟਾਂ ਜਰੂਰ ਜਗਾਈਆਂ ਜਾਣ। ==== ਠੰਢ ਨਾਲ ਵਧਣ ਵਾਲੀਆਂ ਬਿਮਾਰੀਆਂ ਤੋਂ ਰਹੋ ਸੁਚੇਤ : ਡਾ. ਸਰਬਜੀਤ ਸਿੰਘ ਤਰਨਤਾਰਨ ਦੇ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਠੰਢ ਦੌਰਾਨ ਵਧਣ ਵਾਲੀਆਂ ਬਿਮਾਰੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿਚ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਮਰੀਜਾਂ ਦੀਆਂ ਤਕਲੀਫਾਂ ਵਿਚ ਵਾਧਾ ਹੁੰਦਾ ਹੈ। ਜਦੋਂਕਿ ਛੋਟੇ ਬੱਚਿਆਂ ਨੂੰ ਵੀ ਇਸ ਠੰਢ ਤੋਂ ਬਚਾਉਣ ਲਈ ਵਧੇਰੇ ਚੌਕਸੀ ਰੱਖਣੀ ਪੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਵਾਲੇ ਮਰੀਜਾਂ ਨੂੰ ਚਾਹੀਦਾ ਹੈ ਕਿ ਤਕਲੀਫ ਹੋਣ ’ਤੇ ਤੁਰੰਤ ਡਾਕਟਰੀ ਜਾਂਚ ਕਰਵਾਈ ਜਾਵੇ ਤਾਂ ਜੋ ਕਿਸੇ ਵੀ ਸੰਭਾਵੀ ਖਤਰੇ ਤੋਂ ਬਚਿਆ ਜਾ ਸਕੇ। === ਛੋਟੀ ਜਿਹੀ ਅਣਗਿਹਲੀ ਖੋ ਸਕਦੀ ਹੈ ਕੀਮਤੀ ਜ਼ਿੰਦਗੀ : ਰਮਨੀਕ ਖੇੜਾ ਸੜਕ ਹਾਦਸਿਆਂ ਨੂੰ ਰੋਕਣ ਲਈ ਯਤਨਸ਼ੀਲ ਸੁਸਾਇਟੀ ਫਾਰ ਐਕਸੀਡੈਂਟ ਏਡ ਅਤੇ ਟਰੈਫਿਕ ਹੈਲਪ ਸਾਥ ਦੇ ਚੇਅਰਮੈਨ ਰਮਨੀਕ ਸਿੰਘ ਖੇੜਾ ਨੇ ਕਿਹਾ ਕਿ ਅਕਸਰ ਵੇਖਣ ਵਿਚ ਆਉਂਦਾ ਹੈ ਕਿ ਸੜਕਾਂ ’ਤੇ ਬਿਨਾ ਟੇਲ ਲਾਈਟਾਂ ਤੇ ਰਿਫੈਲਕਟਰਾਂ ਵਾਲੇ ਵਾਹਨ ਧੁੰਦ ਦੌਰਾਨ ਹਾਦਸਿਆਂ ਦਾ ਕਾਰਨ ਬਣਦੇ ਹਨ। ਇਸ ਲਈ ਚਾਹੀਦਾ ਹੈ ਕਿ ਅਜਿਹੇ ਵਾਹਨਾਂ ਨੂੰ ਦਰੁਸਤ ਕੀਤਾ ਜਾਵੇ ਅਤੇ ਜੇਕਰ ਲਾਈਟਾਂ ਜਾਂ ਰਿਫਲੈਕਟਰ ਨਹੀਂ ਲੱਗੇ ਤਾਂ ਵਾਹਨ ਨੂੰ ਸੜਕਾਂ ਤੋਂ ਦੂਰ ਰੱਖਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਛੋਟੀ ਜਿਹੀ ਅਣਗਿਹਲੀ ਕਿਸੇ ਕੀਮਤੀ ਜਾਨ ਨੂੰ ਹਮੇਸ਼ਾ ਲਈ ਪਰਿਵਾਰ ਕੋਲੋਂ ਖੋਹ ਸਕਦੀ ਹੈ।