ਸੇਰੋ ਸ਼ੂਗਰ ਮਿੱਲ ਦੀ ਨਿੱਜੀਕਰਨ ਨੀਤੀ ਕਿਸਾਨਾਂ ਨਾਲ ਵੱਡਾ ਧੱਕਾ – ਬ੍ਰਹਮਪੁਰਾ
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਕਿਸਾਨਾਂ ਦੀ ਨਹੀਂ, ਸਗੋਂ ਵੱਡੇ ਕਾਰਪੋਰੇਸ਼ਨ ਘਰਾਣਿਆਂ ਦੀ ਸਰਕਾਰ ਹੈ
Publish Date: Wed, 21 Jan 2026 05:36 PM (IST)
Updated Date: Thu, 22 Jan 2026 04:04 AM (IST)

ਸੇਰੋ ਸ਼ੂਗਰ ਮਿੱਲ ਦੀ ਨਿੱਜੀਕਰਨ ਨੀਤੀ ਕਿਸਾਨਾਂ ਨਾਲ ਵੱਡਾ ਧੱਕਾ : ਬ੍ਰਹਮਪੁਰਾ ਕਿਸਾਨਾਂ ਦੇ 60 ਫ਼ੀਸਦੀ ਸ਼ੇਅਰ ਹੋਣ ਦੇ ਬਾਵਜੂਦ ਮਿੱਲ ਪ੍ਰਾਈਵੇਟ ਹੱਥਾਂ ‘ਚ ਦੇਣਾ ਗੰਭੀਰ ਸਾਜ਼ਿਸ਼ : ਰਵਿੰਦਰ ਸਿੰਘ ਬ੍ਰਹਮਪੁਰਾ ਗੁਰਬਰਿੰਦਰ ਸਿੰਘ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਤੇ ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਸੇਰੋ ਸ਼ੂਗਰ ਮਿੱਲ ਦੀ ਮਾਲਕੀ ਕਿਸੇ ਪ੍ਰਾਈਵੇਟ ਕਾਰਪੋਰੇਸ਼ਨ ਨੂੰ ਸੌਂਪਣ ਦੇ ਫ਼ੈਸਲੇ ਦੀ ਨਿਖੇਧੀ ਕੀਤੀ ਹੈ। ਬ੍ਰਹਮਪੁਰਾ ਨੇ ਕਿਹਾ ਕਿ ਇਹ ਮਿੱਲ ਸਿਰਫ਼ ਇਕ ਸਰਕਾਰੀ ਸੰਸਥਾ ਨਹੀਂ, ਸਗੋਂ ਇਸ ’ਚ ਕਿਸਾਨਾਂ ਦੇ 60 ਫ਼ੀਸਦੀ ਸ਼ੇਅਰ ਹਨ ਤੇ ਇਸ ਮਿੱਲ ਨੂੰ ਨਿੱਜੀ ਹੱਥਾਂ ’ਚ ਦੇਣਾ ਕਿਸਾਨਾਂ ਨਾਲ ਸਿੱਧਾ ਧੋਖਾ ਤੇ ਉਨ੍ਹਾਂ ਦੇ ਹੱਕਾਂ ‘ਤੇ ਖੁੱਲ੍ਹਾ ਡਾਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਕਿਸਾਨਾਂ ਦੀ ਨਹੀਂ, ਸਗੋਂ ਵੱਡੇ ਕਾਰਪੋਰੇਸ਼ਨ ਘਰਾਣਿਆਂ ਦੀ ਸਰਕਾਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਕਈ ਕੀਮਤੀ ਸਰਕਾਰੀ ਜਾਇਦਾਦਾਂ ਨੂੰ ਵੇਚਣ ਜਾਂ ਨਿੱਜੀ ਹੱਥਾਂ ’ਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਤਾਂ ਜੋ ਕੁਝ ਚੋਣਵੇਂ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਇਆ ਜਾ ਸਕੇ। ਇਹ ਨੀਤੀ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਤੇ ਸੂਬੇ ਦੇ ਭਵਿੱਖ ਲਈ ਬਹੁਤ ਹੀ ਖ਼ਤਰਨਾਕ ਹੈ। ਬ੍ਰਹਮਪੁਰਾ ਨੇ ਸਖ਼ਤ ਸ਼ਬਦਾਂ ’ਚ ਕਿਹਾ ਕਿ ਜੇਕਰ ਇਹ ਫ਼ੈਸਲਾ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਕਿਸਾਨਾਂ ਦੇ ਹੱਕਾਂ ’ਤੇ ਕਿਸੇ ਅਨਜਾਣ ਤੇ ਲਾਭਖੋਰ ਕਾਰਪੋਰੇਸ਼ਨ ਦਾ ਕਬਜ਼ਾ ਹੋ ਜਾਵੇਗਾ, ਜੋ ਕਦੇ ਵੀ ਕਿਸਾਨਾਂ ਦੇ ਭਲੇ ਬਾਰੇ ਨਹੀਂ ਸੋਚੇਗੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੇਰੋ ਸ਼ੂਗਰ ਮਿੱਲ ਦੀ ਨਿੱਜੀਕਰਨ ਸਬੰਧੀ ਮਾਲਕੀ ਨੂੰ ਜਲਦ ਰੱਦ ਕੀਤਾ ਜਾਵੇ ਤੇ ਮਿੱਲ ਨੂੰ ਕਿਸਾਨਾਂ ਤੇ ਪੰਜਾਬ ਦੀ ਜਨਤਾ ਦੇ ਹਿੱਤ ’ਚ ਸਰਕਾਰੀ ਮਲਕੀਅਤ ਹੇਠ ਹੀ ਚਲਾਇਆ ਜਾਵੇ। ਉਨ੍ਹਾਂ ਅੱਗੇ ਕਿਹਾ ਸ਼੍ੋਮਣੀ ਅਕਾਲੀ ਦਲ ਹਮੇਸ਼ਾ ਹੀ ਕਿਸਾਨਾਂ ਦੇ ਹਿੱਤਾਂ ਦੀ ਲੜਾਈ ਲੜਦਾ ਰਿਹਾ ਹੈ ਤੇ ਇਸ ਵਾਰ ਵੀ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਨੂੰ ਕਿਸੇ ਤਰੀਕ਼ੇ ਦਾ ਆਰਥਿਕ ਜਾ ਨਿੱਜੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਸਰਕਾਰ ਦਾ ਸਖ਼ਤ ਵਿਰੋਧ ਕਰੇਗਾ। ਕੈਪਸ਼ਨ : ਰਵਿੰਦਰ ਸਿੰਘ ਬ੍ਰਹਮਪੁਰਾ ।