ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0 ਤਹਿਤ ਬਲਾਕ ਭਿੱਖੀਵਿੰਡ ਦੀਆਂ ਆਂਗਣਵਾੜੀ ਵਰਕਰਾਂ ਦੀ ਟਰੇਨਿੰਗ ਦਾ ਦੂਜਾ ਬੈਂਚ ਸ਼ੁਰੂ
ਟ੍ਰੇਨਿੰਗ ਵਿਚ 3 ਤੋਂ 6 ਸਾਲ ਦੇ ਬੱਚਿਆਂ ਲਈ ਖੇਡ-ਅਧਾਰਿਤ ਪਲੇਅ ਵੇਅ ਸਿੱਖਣ ਵਿਧੀਆਂ ’ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ
Publish Date: Mon, 02 Feb 2026 04:28 PM (IST)
Updated Date: Tue, 03 Feb 2026 04:05 AM (IST)

ਸਟਾਫ਼ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹਾ ਤਰਨਤਾਰਨ ਵਿਚ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਧੀਨ ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0 ਯੋਜਨਾ ਤਹਿਤ ‘ਪੋਸ਼ਣ ਵੀ, ਪੜ੍ਹਾਈ ਵੀ’ ਮੁਹਿੰਮ ਦੇ ਅਧੀਨ ਆਂਗਣਵਾੜੀ ਵਰਕਰਾਂ ਲਈ ਟਾਇਰ ਟੂ-ਫੇਸ ਟੂ ਟਰੇਨਿੰਗ ਦੇ ਦੂਜੇ ਬੈਂਚ ਦੀ ਅੱਜ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਾਹੁਲ ਅਰੋੜਾ ਨੇ ਦੱਸਿਆ ਕਿ ਬਲਾਕ ਭਿੱਖੀਵਿੰਡ ਦੇ ਆਂਗਣਵਾੜੀ ਵਰਕਰਾਂ ਲਈ ਦੂਜੇ ਬੈਂਚ ਦੀ ਤਿੰਨ ਦਿਨ੍ਹਾਂ ਟ੍ਰੇਨਿੰਗ ਅੱਜ ਤੋਂ ਸ਼ੁਰੂ ਹੋਈ ਹੈ। ਇਸ ਮੌਕੇ ਗਗਨਦੀਪ ਸਿੰਘ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਤਰਨਤਾਰਨ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ ਤੇ ਉਨ੍ਹਾਂ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਬੱਚਿਆਂ ਦੀ ਸ਼ੁਰੂਆਤੀ ਸਿੱਖਿਆ ਤੇ ਪੋਸ਼ਣ ਨਾਲ ਸਬੰਧਿਤ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਟ੍ਰੇਨਿੰਗ ਦੌਰਾਨ ਵਰਕਰਾਂ ਨੂੰ ਬੱਚਿਆਂ ਦੀ ਸਮੁੱਚੀ ਵਿਕਾਸੀ ਪ੍ਰਕਿਰਿਆ, ਪੋਸ਼ਣ, ਸਿਹਤ, ਸ਼ੁਰੂਆਤੀ ਬਚਪਨ ਸਿੱਖਿਆ ਈਸੀਸੀਈ ਤੇ ਸਰਗਰਮੀ ਆਧਾਰਿਤ ਸਿੱਖਿਆ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਟ੍ਰੇਨਿੰਗ ਵਿਚ 3 ਤੋਂ 6 ਸਾਲ ਦੇ ਬੱਚਿਆਂ ਲਈ ਖੇਡ-ਅਧਾਰਿਤ ਪਲੇਅ ਵੇਅ ਸਿੱਖਣ ਵਿਧੀਆਂ ’ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਅਧੀਨ ਭਾਸ਼ਾ ਵਿਕਾਸ, ਬੌਧਿਕ ਵਿਕਾਸ, ਰਚਨਾਤਮਕ ਵਿਕਾਸ, ਸਰੀਰਿਕ ਵਿਕਾਸ ਤੇ ਸੱਭਿਆਚਾਰਕ ਵਿਕਾਸ ਨਾਲ ਸਬੰਧਿਤ ਵੱਖ-ਵੱਖ ਗਤੀ-ਵਿਧੀਆਂ ਸ਼ਾਮਿਲ ਹਨ। ਇਸ ਮੌਕੇ ‘ਪ੍ਰਥਮ ਐਜੂਕੇਸ਼ਨ ਫਾਊਂਡੇਸ਼ਨ’ ਦੀ ਟੀਮ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਖੇਡ-ਅਧਾਰਿਤ ਤੇ ਸਰਗਰਮੀ ਆਧਾਰਿਤ ਸਿੱਖਿਆ ਸਬੰਧੀ ਵਿਹਾਰਕ ਡੈਮੋਨਸਟ੍ਰੇਸ਼ਨ ਦਿੱਤੀ ਜਾ ਰਹੀ ਹੈ। ਪ੍ਰਥਮ ਟੀਮ ’ਚ ਪ੍ਰਭਦੀਪ ਕੌਰ ਜ਼ਿਲ੍ਹਾ ਕੋਆਰਡੀਨੇਟਰ, ਤਰਨਤਾਰਨ, ਸਾਹਿਲਪ੍ਰੀਤ ਕੌਰ ਅਸਿਸਟੈਂਟ ਜ਼ਿਲ੍ਹਾ ਕੋਆਰਡੀਨੇਟਰ, ਤਰਨਤਾਰਨ ਤੇ ਨਵਦੀਪ ਕੌਰ ਅਸਿਸਟੈਂਟ ਜ਼ਿਲ੍ਹਾ ਕੋਆਰਡੀਨੇਟਰ, ਅੰਮ੍ਰਿਤਸਰ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਟ੍ਰੇਨਿੰਗ ਗੁਰਵੇਲ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਪੋਸ਼ਣ ਅਤੇ ਹਰਚੰਦ ਬਲਾਕ ਕੋਆਰਡੀਨੇਟਰ, ਪੋਸ਼ਣ ਦੀ ਅਗਵਾਈ ਹੇਠ ਸੁਚੱਜੇ ਢੰਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਸੁਨੀਤਾ ਸੁਪਰਵਾਈਜ਼ਰ, ਬਲਾਕ ਭਿੱਖੀਵਿੰਡ ਅਤੇ ਮਨਜੀਤ ਕੌਰ ਸੁਪਰਵਾਈਜ਼ਰ, ਬਲਾਕ ਵਲਟੋਹਾ ਵੱਲੋਂ ਵੀ ਟ੍ਰੇਨਿੰਗ ਦੌਰਾਨ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਕਿਹਾ ਕਿ ਅਜਿਹੀਆਂ ਟ੍ਰੇਨਿੰਗਾਂ ਰਾਹੀਂ ਆਂਗਣਵਾੜੀ ਵਰਕਰਾਂ ਦੀ ਸਮੱਰਥਾ ’ਚ ਵਾਧਾ ਕਰ ਕੇ ਬੱਚਿਆਂ ਨੂੰ ਪੋਸ਼ਣ ਦੇ ਨਾਲ-ਨਾਲ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕੀਤੀ ਜਾ ਸਕੇਗੀ।