ਹਫ਼ਤਾਵਾਰੀ ਸਮਾਗਮ ਦੌਰਾਨ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ’ਚ ਹੋਇਆ ਸਤਿਸੰਗ
ਜਿਥੇ ਪਵਿੱਤਰਤਾ ਹੈ ਉਥੇ ਹੀ ਖੁਦਾਈ ਦਾ ਵਾਸਾ ਹੁੰਦਾ ਹੈ।
Publish Date: Tue, 27 Jan 2026 04:05 PM (IST)
Updated Date: Wed, 28 Jan 2026 04:01 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਤਰਨਤਾਰਨ ਆਸ਼ਰਮ ਵਲੋਂ ਸਪਤਾਹਿਕ ਸਤਿਸੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਆਈ ਸੰਗਤ ਨੂੰ ਸੰਬੋਧਨ ਕਰਦਿਆਂ ਸਾਧਵੀ ਪਰਮਜੀਤ ਭਾਰਤੀ ਨੇ ਕਿਹਾ ਕਿ ਗੁਰੂ ਦਾ ਖਿਆਲ ਜ਼ਹਿਨ ਵਿਚ ਆਉਂਦੇ ਹੀ ਭਗਤ ਦੇ ਤਨ ਮਨ ਵਿਚ ਇਕ ਮਿੱਠੀ ਜਿਹੀ ਤੜਫ਼ ਪੈਦਾ ਹੁੰਦੀ ਹੈ। ਜਿਸ ਨੂੰ ਅਲਫ਼ਾਜਾਂ ਵਿਚ ਬਿਆਨ ਕਰਨਾ ਉਨ੍ਹਾਂ ਹੀ ਔਖਾ ਹੈ, ਜਿਨ੍ਹਾਂ ਕਿ ਵਿਸ਼ਾਲ ਸਮੁੰਦਰ ਨੂੰ ਇਕ ਕੁੱਜੇ ਵਿਚ ਬੰਦ ਕਰਨਾ। ਜਦੋਂ ਇਕ ਗੁਰੂ ਭਗਤ ਤੋਂ ਦੂਰ ਹੁੰਦਾ ਹੈ, ਤਾਂ ਗੁਰੂ ਦਾ ਵਿਯੋਗ ਉਸਦੇ ਲਈ ਅਸਹਿਣਯੋਗ ਹੁੰਦਾ ਹੈ। ਪਰ ਫਿਰ ਵੀ ਇਕ ਸੇਵਕ ਗੁਰੂ ਦੀ ਨੇੜਤਾ ਨੂੰ ਆਪਣੇ ਅੰਗ ਸੰਗ ਹਮੇਸ਼ਾ ਮਹਿਸੂਸ ਕਰਦਾ ਰਹਿੰਦਾ ਹੈ। ਇਕ ਭਗਤ ਦੇ ਦਿਲ ਦੇ ਤਾਰ ਹਮੇਸ਼ਾ ਆਪਣੇ ਪ੍ਰਭੂ ਪ੍ਰੀਤਮ ਦੇ ਨਾਲ ਜੁੜੇ ਹੋਏ ਹੁੰਦੇ ਹਨ। ਗੁਰੂ ਦੀ ਸੇਵਕ ਨਾਲ ਨੇੜਤਾ ਕਿਸੇ ਦੁਨਿਆਵੀ ਮੋਹ ਦਾ ਨਤੀਜਾ ਨਹੀਂ ਹੋਇਆ ਕਰਦੀ। ਉਨ੍ਹਾਂ ਦਾ ਰਿਸ਼ਤਾ ਤਾਂ ਰੂਹਾਨੀਅਤ ਦਾ ਹੋਇਆ ਕਰਦਾ ਹੈ। ਇਕ ਸੱਚਾ ਸੇਵਕ ਇਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਸਦੇ ਜੀਵਨ ਵਿਚ ਗੁਰੂ ਦੀ ਕੀ ਦੇਣ ਹੈ। ਗੁਰੂ ਨੇ ਹੀ ਉਸਦੇ ਸਰੀਰ ਰੂਪੀ ਰੱਥ ਦੀ ਵਾਗਡੋਰ ਫੜੀ ਹੋਈ ਹੈ। ਸੇਵਕ ਧਿਆਨ ਦੀਆਂ ਗਹਿਰਾਈਆਂ ਦੇ ਅੰਦਰ ਉਤਰ ਕੇ ਹੀ ਗੁਰੂ ਨੂੰ ਸਮਝ ਸਕਦਾ ਹੈ। ਸਾਧਵੀ ਨੇ ਦੱਸਿਆ ਕਿ ਵਿਸ਼ਵ ਸ਼ਾਂਤੀ ਦੀ ਮੰਗਲ ਕਾਮਨਾ ਦੀ ਉਦੇਸ਼ ਨਾਲ ਆਸ਼ਰਮ ਅੰਦਰ ਤਿੰਨ ਦਿਨ੍ਹਾਂ ਦੇ ਧਿਆਨ ਸਾਧਨਾ ਕੀਤੀ ਗਈ। ਅੱਜ 21ਵੀਂ ਸਦੀ ਦੇ ਵਿਗਿਆਨਿਕ ਯੁੱਗ ਦੇ ਵਿਚ ਮਾਨਵ ਦੇ ਕੋਲ ਭੌਤਿਕ ਸੁੱਖ ਸੁਵਿਧਾਵਾਂ ਤਾਂ ਹੈ, ਪਰ ਮਾਨਸਿਕ ਸ਼ਾਂਤੀ ਨਹੀਂ ਹੈ। ਸਾਡੀ ਸਨਾਤਨ ਪੁਰਾਤਨ ਸੰਸਕ੍ਰਿਤੀ ਦੇ ਅੰਦਰ ਦੱਸਿਆ ਗਿਆ ਹੈ ਕਿ ਇਕ ਮਾਨਵ ਮਾਨਸਿਕ ਸ਼ਾਂਤੀ ਨੂੰ ਧਿਆਨ ਦੇ ਦੁਆਰਾ ਪ੍ਰਾਪਤ ਕਰ ਸਕਦਾ ਹੈ। ਜਦੋਂ ਇਕ ਸਾਧਕ ਪੂਰਨ ਗੁਰੂ ਦੀ ਸ਼ਰਨਗਤ ਹੋ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਦਾ ਹੈ। ਫਿਰ ਸ਼ੁਰੂ ਹੁੰਦੀ ਹੈ ਧਿਆਨ ਦੀ ਸ਼ਾਸਵਤ ਪ੍ਰਕਿਰਿਆ, ਜਿਸ ਦੇ ਦੁਆਰਾ ਇਕ ਸਾਧਕ ਆਪਣੇ ਅੰਦਰ ਉਸ ਈਸ਼ਵਰ ਦੇ ਦਰਸ਼ਨ ਪ੍ਰਾਪਤ ਕਰਦਾ ਹੈ। ਈਸ਼ਵਰ ਦੇ ਨਾਲ ਏਕਾਕਾਰ ਹੁੰਦੇ ਹੋਏ, ਸਾਧਕ ਦਾ ਹਰ ਇਕ ਦਿਨ ਹਰ ਇਕ ਪਲ ਅਨੰਦ ਦਾਇਕ ਬਣ ਜਾਂਦਾ ਹੈ। ਫਿਰ ਜਦੋਂ ਇਕ ਸੇਵਕ ਗੁਰੂ ਵਲੋਂ ਦਰਸਾਏ ਹੋਏ ਮਾਰਗ ਉਪਰ ਚੱਲਦਾ ਹੈ। ਆਪਣੇ ਜੀਵਨ ਅੰਦਰਲੀਆਂ ਊਣਤਾਈਆਂ ਨੂੰ ਪਛਾਣ ਕੇ ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਸਦਾ ਇਹੀ ਕਰਮ ਉਸਨੂੰ ਹਰ ਪਲ ਗੁਰੂ ਦੇ ਨਜ਼ਦੀਕ ਲੈ ਜਾਂਦਾ ਹੈ। ਉਸਦੇ ਹਿਰਦੇ ਵਿਚ ਆਈ ਇਹ ਪਵਿੱਤਰਤਾ ਹੀ ਉਸਨੂੰ ਈਸ਼ਵਰ ਨਾਲ ਇਕ ਮਿਕ ਕਰ ਦਿੰਦੀ ਹੈ। ਕਿਉਂਕਿ ਜਿਥੇ ਪਵਿੱਤਰਤਾ ਹੈ ਉਥੇ ਹੀ ਖੁਦਾਈ ਦਾ ਵਾਸਾ ਹੁੰਦਾ ਹੈ। ਪ੍ਰੋਗਰਾਮ ਦੇ ਦੌਰਾਨ ਸਾਧਵੀ ਰਮਨਦੀਪ ਭਾਰਤੀ, ਸਾਧਵੀ ਲਖਵਿੰਦਰ ਭਾਰਤੀ ਨੇ ਸ਼ਬਦ ਗੁਰਬਾਣੀ ਤੇ ਭਜਨਾਂ ਦਾ ਗਾਇਨ ਕੀਤਾ।