ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਠੱਕਰਪੁਰਾ ਦਾ 2025-26 ਦਾ ਸਲਾਨਾ ਨਤੀਜਾ ਐਲਾਨਿਆ
ਸਕੂਲ ਹਮੇਸ਼ਾ ਹੀ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਵੱਖ-ਵੱਖ ਗਤੀਵਿਧੀਆਂ ਤੇ ਮੌਕੇ ਪ੍ਰਦਾਨ ਕਰਦਾ ਰਹੇਗਾ।
Publish Date: Mon, 16 Mar 2026 04:39 PM (IST)
Updated Date: Tue, 17 Mar 2026 04:04 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਪੱਟੀ : ਇਲਾਕੇ ਦੀ ਪ੍ਰਸਿੱਧ ਸਿੱਖਿਆ ਸੰਸਥਾ ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਠੱਕਰਪੁਰਾ ਵਿਖੇ ਸਾਲ 2025-26 ਦਾ ਸਾਲਾਨਾ ਨਤੀਜਾ ਸ਼ਾਨਦਾਰ ਢੰਗ ਨਾਲ ਐਲਾਨਿਆ ਗਿਆ। ਇਸ ਮੌਕੇ ਸਕੂਲ ’ਚ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਜਿਸ ’ਚ ਸਕੂਲ ਦੇ ਸਟਾਫ਼, ਅਧਿਆਪਕਾਂ ਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਸਮਾਰੋਹ ਦੌਰਾਨ ਵੱਖ-ਵੱਖ ਕਲਾਸਾਂ ’ਚੋਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤੇ ਸਰਟੀਫਿਕੇਟ ਦੇ ਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੱਚਿਆਂ ਦੇ ਚਿਹਰਿਆਂ ‘ਤੇ ਖੁਸ਼ੀ ਤੇ ਉਤਸ਼ਾਹ ਦੇ ਨਜ਼ਾਰੇ ਵੇਖਣ ਨੂੰ ਮਿਲੇ। ਇਸ ਦੌਰਾਨ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਹਰਬੀਰ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਜੀਵਨ ਦੀ ਸਭ ਤੋਂ ਵੱਡੀ ਪੂੰਜੀ ਹੈ ਅਤੇ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਹੀ ਬੱਚੇ ਆਪਣੇ ਸੁਪਨੇ ਪੂਰੇ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉੱਚ ਦਰਜੇ ਦੀ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਸ਼ਖ਼ਸੀਅਤ ਦਾ ਸੰਪੂਰਨ ਵਿਕਾਸ ਕਰਨਾ ਹੈ। ਉਨ੍ਹਾਂ ਵਿਦਿਆਰਥੀਆਂ ਦੀ ਇਸ ਉਪਲਬਧੀ ਲਈ ਅਧਿਆਪਕਾਂ ਤੇ ਮਾਪਿਆਂ ਦੀ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਬੱਚਿਆਂ ਦੀ ਸਫ਼ਲਤਾ ’ਚ ਉਨ੍ਹਾਂ ਦੀ ਮਿਹਨਤ ਤੇ ਮਾਰਗਦਰਸ਼ਨ ਦਾ ਵੀ ਵੱਡਾ ਯੋਗਦਾਨ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਕੂਲ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਤੇ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ, ਤਾਂ ਜੋ ਬੱਚੇ ਭਵਿੱਖ ’ਚ ਦੇਸ਼ ਅਤੇ ਸਮਾਜ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕਣ। ਇਸ ਮੌਕੇ ਹਰਨੂਰ ਸਿੰਘ ਗਿੱਲ, ਪਰਮਿੰਦਰ ਕੌਰ ਅਤੇ ਸਕੂਲ ਦੀ ਮੁਖੀ ਰਾਜਬੀਰ ਕੌਰ ਨੇ ਵੀ ਸਾਰੇ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ ਤੇ ਅਗਲੇ ਸਾਲ ਹੋਰ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾ ਹੀ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਵੱਖ-ਵੱਖ ਗਤੀਵਿਧੀਆਂ ਤੇ ਮੌਕੇ ਪ੍ਰਦਾਨ ਕਰਦਾ ਰਹੇਗਾ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਤੇ ਬੱਚਿਆਂ ਦੇ ਮਾਪੇ ਵੀ ਹਾਜਰ ਸਨ। ਸਮਾਰੋਹ ਦੇ ਅੰਤ ’ਚ ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ ਤੇ ਅਧਿਆਪਕਾਂ ਦੀ ਮਿਹਨਤ ਦੀ ਵੀ ਸਰਾਹਨਾ ਕੀਤੀ ਗਈ।