ਤਰਨਤਾਰਨ ਜ਼ਿਲ੍ਹੇ ’ਚੋਂ ਲੰਘਦੇ ਨੈਸ਼ਨਲ ਹਾਈਵੇ ਨੰਬਰ 54 ’ਤੇ ਸਥਿਤ ਪਿੰਡ ਸ਼ੇਰੋਂ ਦੇ ਸਿੱਧੂ ਫਾਰਮ ਵਿਚ ਰਿਸ਼ਤੇਦਾਰਾਂ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਆਏ ਆਮ ਆਦਮੀ ਪਾਰਟੀ ਦੇ ਪਿੰਡ ਠੱਠੀਆਂ ਮਹੰਤਾਂ ਦੇ ਸਰਪੰਚ ਹਰਬਰਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ’ਚ ਪੁਲਿਸ ਨੇ ਇਕ ਹੋਰ ਗ੍ਰਿਫਤਾਰੀ ਕੀਤੀ ਹੈ।

ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ’ਚੋਂ ਲੰਘਦੇ ਨੈਸ਼ਨਲ ਹਾਈਵੇ ਨੰਬਰ 54 ’ਤੇ ਸਥਿਤ ਪਿੰਡ ਸ਼ੇਰੋਂ ਦੇ ਸਿੱਧੂ ਫਾਰਮ ਵਿਚ ਰਿਸ਼ਤੇਦਾਰਾਂ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਆਏ ਆਮ ਆਦਮੀ ਪਾਰਟੀ ਦੇ ਪਿੰਡ ਠੱਠੀਆਂ ਮਹੰਤਾਂ ਦੇ ਸਰਪੰਚ ਹਰਬਰਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ’ਚ ਪੁਲਿਸ ਨੇ ਇਕ ਹੋਰ ਗ੍ਰਿਫਤਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੂਟਰਾਂ ਦੇ ਖਾਤੇ ’ਚ ਪੈਸੇ ਪਾਉਣ ਵਾਲੇ ਇਕ ਨੌਜਵਾਨ ਨੂੰ ਏਜੀਟੀਐੱਫ ਅਤੇ ਕਾਉਂਟਰ ਇੰਟੈਲੀਜੈਂਸੀ ਦੀਆਂ ਟੀਮਾਂ ਨੇ ਸਾਂਝੇ ਤੌਰ ’ਤੇ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਕਾਬੂ ਕੀਤਾ। ਜਦੋਂ ਉਸ ਨੂੰ ਕਾਬੂ ਕੀਤਾ ਗਿਆ ਤਾਂ ਉਹ ਦੁਬਈ ਜਾ ਰਹੇ ਸਪਾਈਸ ਜੈੱਟ ਦੇ ਜਹਾਜ਼ ’ਚ ਸਵਾਰ ਹੋ ਚੁੱਕਾ ਸੀ ਅਤੇ ਪੁਲਿਸ ਨੇ ਰਨ-ਵੇ ਤੋਂ ਉਸ ਨੂੰ ਵਾਪਸ ਲਿਆ ਕੇ ਡਿਪੋਰਟ ਕਰਵਾਇਆ।
ਐੱਸਐਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ 18 ਫਰਵਰੀ ਨੂੰ ਸਿੱਧੂ ਫਾਰਮ ਵਿਚ ਸਰਪੰਚ ਹਰਬਰਿੰਦਰ ਸਿੰਘ ਨੂੰ ਕਤਲ ਕਰਨ ਤੇ ਉਸ ਦੇ ਚਚੇਰੇ ਭਰਾ ਜਰਮਨ ਸਿੰਘ ਨੂੰ ਜ਼ਖਮੀ ਕਰਨ ਦੀ ਵਾਰਦਾਤ ਸਬੰਧੀ ਥਾਣਾ ਸਰਹਾਲੀ ਵਿਚ ਕੇਸ ਦਰਜ ਕਰਕੇ ਇਸ ਕੇਸ ਨੂੰ ਹੱਲ ਕਰਨ ਲਈ ਚਾਰ ਟੀਮਾਂ ਗਠਤ ਕੀਤੀਆਂ ਗਈਆਂ ਸਨ। ਜਿਨ੍ਹਾਂ ਵੱਲੋਂ ਮੁੱਖ ਸ਼ੂਟਰ ਰੋਮਨਪ੍ਰੀਤ ਸਿੰਘ ਅਤੇ ਉਸ ਦੇ ਪਨਾਹਗਾਰ ਅਰਸ਼ਦੀਪ ਸਿੰਘ ਨੂੰ ਪੱਟੀ ਦੇ ਨੇੜਲੇ ਪਿੰਡ ਜੱਲੋਕੇ ਸ਼ਰਨਪ੍ਰੀਤ ਸਿੰਘ ਅਤੇ ਹਰਦੀਪ ਸਿੰਘ ਨੂੰ ਨੌਸ਼ਹਿਰਾ ਪਨੂੰਆਂ ਕੋਲ ਮੁਕਾਬਲੇ ਦੌਰਾਨ ਜਖਮੀ ਹਾਲਤ ’ਚ ਕਾਬੂ ਕੀਤਾ ਗਿਆ ਸੀ। ਇਸ ਤੋਂ ਇਲਾਵਾ ਗੁਰਪਾਲ ਸਿੰਘ ਖੁਸੀ, ਨਵਜੋਤ ਸਿੰਘ ਕਾਲੂ ਨੂੰ ਸ਼ੂਟਰਾਂ ਦਾ ਸਹਿਯੋਗ ਕਰਨ ਦੇ ਚੱਲਦਿਆਂ ਗ੍ਰਿਫਤਾਰ ਕੀਤਾ ਗਿਆ ਹੈ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਸੁਖਬੀਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਪਿੰਡ ਜਹਾਗੀਰ ਜ਼ਿਲ੍ਹਾ ਅੰਮ੍ਰਿਤਸਰ ਨੇ ਸ਼ੂਟਰਾਂ ਦੇ ਖਾਤੇ ਵਿਚ ਪੈਸੇ ਪਾਏ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਉਸਦੀ ਤਲਾਸ਼ ਵਿਚ ਸਨ, ਇਸੇ ਦੌਰਾਨ ਪਤਾ ਲੱਗਾ ਕਿ ਉਹ ਦੇਸ਼ ਛੱਡ ਕੇ ਜਾ ਰਿਹਾ ਹੈ। ਪੁਲਿਸ ਟੀਮਾਂ ਤੁਰੰਤ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜੀਆਂ ਅਤੇ ਰਨਵੇ ’ਤੇ ਪਹੁੰਚ ਚੁੱਕੇ ਸਪਾਈਸ ਜੈੱਟ ਦੇ ਜਹਾਜ਼ ਨੂੰ ਰੁਕਵਾ ਕੇ ਸੁਖਬੀਰ ਸਿੰਘ ਨੂੰ ਡਿਪੋਰਟ ਕਰਵਾ ਕੇ ਹਿਰਾਸਤ ਵਿਚ ਲਿਆ। ਇਸ ਮੌਕੇ ਐੱਸਪੀ ਇਨਵੈਸਟੀਗੇਸ਼ਨ ਡਾ. ਰਿਪੂਤਪਨ ਸਿੰਘ ਨੇ ਦੱਸਿਆ ਕਿ ਸੁਖਬੀਰ ਸਿੰਘ ਨੂੰ ਅਦਾਲਤ ’ਚ ਪੇਸ਼ ਕਰਕੇ ਦੋ ਦਿਨਾ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ ਅਤੇ ਇਸ ਦੌਰਾਨ ਉਸ ਕੋਲੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।