- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਪੰਚ ਹਰਬਰਿੰਦਰ ਸਿੰਘ ਕਤਲ ਮਾਮਲੇ ਵਿਚ ਸ਼ਾਮਲ ਦੋ ਹੋਰ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਦੌਰਾਨ ਕਾਬੂ ਕੀਤਾ ਹੈ। ਦੋਵਾਂ ਵਿੱਚੋਂ ਇਕ ਕੋਲ ਏਕੇ-47 ਰਾਈਫਲ ਸੀ ਅਤੇ ਦੂਸਰੇ ਕੋਲ ਪਿਸਤੌਲ। ਲੱਤਾਂ ਵਿਚ ਗੋਲੀਆਂ ਲੱਗਣ ਨਾਲ ਜ਼ਖਮੀ ਹੋਏ ਦੋਵਾਂ ਨੌਜਵਾਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਜਸਪਾਲ ਜੱਸੀ/ਰਾਕੇਸ਼ ਨਈਅਰ• ਪੰਜਾਬੀ ਜਾਗਰਣ, ਤਰਨਤਾਰਨ/ਚੋਹਲਾ ਸਾਹਿਬ : ਸਰਪੰਚ ਹਰਬਰਿੰਦਰ ਸਿੰਘ ਕਤਲ ਮਾਮਲੇ ਵਿਚ ਸ਼ਾਮਲ ਦੋ ਹੋਰ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਦੌਰਾਨ ਕਾਬੂ ਕੀਤਾ ਹੈ। ਦੋਵਾਂ ਵਿੱਚੋਂ ਇਕ ਕੋਲ ਏਕੇ-47 ਰਾਈਫਲ ਸੀ ਅਤੇ ਦੂਸਰੇ ਕੋਲ ਪਿਸਤੌਲ। ਲੱਤਾਂ ਵਿਚ ਗੋਲ਼ੀਆਂ ਲੱਗਣ ਨਾਲ ਜ਼ਖਮੀ ਹੋਏ ਦੋਵਾਂ ਨੌਜਵਾਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਪਿੰਡ ਘੜਕਾ ਵਿਖੇ ਬਿਆਸ ਦਰਿਆ ’ਤੇ ਬਣੇ ਡਰੰਮਾ ਵਾਲਾ ਪੁਲ਼ ਨੇੜੇ ਹੋਏ ਉਕਤ ਮੁਕਾਬਲੇ ਵੀ ਜਗ੍ਹਾ ’ਤੇ ਪੁੱਜੇ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਸਿੱਧੂ ਫਾਰਮ ਵਿਚ ਸਰਪੰਚ ਹਰਬਰਿੰਦਰ ਸਿੰਘ ਨੂੰ ਕਤਲ ਕਰਨ ਦੇ ਮਾਮਲੇ ਵਿਚ ਸ਼ਾਮਲ ਮੁਲਜ਼ਮਾਂ ਦੀ ਭਾਲ ਚੱਲ ਰਹੀ ਸੀ। ਇਸੇ ਦੌਰਾਨ ਥਾਣਾ ਚੋਹਲਾ ਸਾਹਿਬ ਦੇ ਮੁਖੀ ਸਬ ਇੰਸਪੈਕਟਰ ਰਾਜ ਕੁਮਾਰ ਨੂੰ ਸੂਚਨਾ ਮਿਲੀ ਕਿ ਘੜਕਾ ਪਿੰਡ ’ਚ ਦਰਿਆ ਬਿਆਸ ਦੇ ਪਾਰ ਅਣਪਛਾਤੇ ਸ਼ੱਕੀ ਘੁੰਮਦੇ ਦਿਖਾਈ ਦਿੱਤੇ ਹਨ ਜਿਸ ਦੇ ਚੱਲਦਿਆਂ ਉਹ ਪੁਲਿਸ ਪਾਰਟੀ ਸਮੇਤ ਪੁੱਜੇ। ਥਾਣੇ ਦੀ ਪੁਲਿਸ ਤੋਂ ਇਲਾਵਾ ਏਜੀਟੀਐੱਫ ਅਤੇ ਵੱਖ-ਵੱਖ ਥਾਣਿਆਂ ਦੀਆਂ ਟੀਮਾਂ ਵੀ ਮੌਕੇ ’ਤੇ ਪੁੱਜ ਗਈਆਂ। ਜਦੋਂ ਇਲਾਕੇ ਦੀ ਤਲਾਸ਼ੀ ਸ਼ੁਰੂ ਕੀਤੀ ਤਾਂ ਉਥੇ ਮੋਟਰ ਵਾਲੇ ਕਮਰੇ ’ਚੋਂ ਦੋ ਨੌਜਵਾਨ ਨਿਕਲੇ ਜਿਨ੍ਹਾਂ ਵਿੱਚੋਂ ਇਕ ਕੋਲ ਅਸਾਲਟ ਰਾਈਫਲ ਏਕੇ-47 ਵੀ ਸੀ। ਉਨ੍ਹਾਂ ਨੂੰ ਭੱਜਣ ਤੋਂ ਰੋਕਣ ਲਈ ਚਿਤਾਵਨੀ ਦਿੱਤੀ ਤਾਂ ਉਨ੍ਹਾਂ ਨੇ ਏਕੇ-47 ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਟੀਮਾਂ ਵੱਲੋਂ ਬਚਾਅ ਲਈ ਕੀਤੀ ਜਵਾਬੀ ਗੋਲ਼ੀਬਾਰੀ ਦੌਰਾਨ ਦੋਵੇਂ ਨੌਜਵਾਨ ਲੱਤਾਂ ਵਿਚ ਗੋਲ਼ੀਆਂ ਲੱਗਣ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਕਾਬੂ ਕਰ ਲਿਆ ਗਿਆ।
ਐੱਸਐੱਸਪੀ ਨੇ ਦੱਸਿਆ ਕਿ ਮੌਕੇ ਤੋਂ ਏਕੇ-47 ਤੇ ਪਿਸਤੌਲ ਤੋਂ ਇਲਾਵਾ ਕਾਰਤੂਸ ਤੇ ਖੋਲ ਮਿਲੇ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਦੀ ਪਛਾਣ ਮਨਪ੍ਰੀਤ ਸਿੰਘ ਮੰਨੂ ਵਾਸੀ ਵਰਪਾਲ ਅਤੇ ਗੁਰਦੇਵ ਸਿੰਘ ਦੇਬਾ ਵਾਸੀ ਖਡੂਰ ਸਾਹਿਬ ਵਜੋਂ ਹੋਈ ਹੈ। ਇਹ ਦੋਵੇਂ ਜਣੇ ਸਰਪੰਚ ਹਰਬਰਿੰਦਰ ਸਿੰਘ ਕਤਲ ਕੇਸ ਵਿਚ ਸ਼ਾਮਲ ਸਨ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਕਤਲ ਮੌਕੇ ਮੌਜੂਦ ਚਾਰ ਸ਼ੂਟਰਾਂ ਨੂੰ ਪੁਲਿਸ ਟੀਮਾਂ ਨੇ ਵੱਖ-ਵੱਖ ਥਾਵਾਂ ’ਤੇ ਮੁਕਾਬਲੇ ਦੌਰਾਨ ਕਾਬੂ ਕੀਤਾ ਹੈ ਜਦੋਂਕਿ ਸ਼ੂਟਰਾਂ ਨੂੰ ਪੈਸੇ ਪਹੁੰਚਾਉਣ, ਕਾਰ ਮੁਹੱਈਆ ਕਰਵਾਉਣ ਅਤੇ ਹੋਰ ਸਹਾਇਤਾ ਦੇਣ ਵਾਲੇ 11 ਲੋਕਾਂ ਨੂੰ ਹੁਣ ਤੱਕ ਕਾਬੂ ਕੀਤਾ ਜਾ ਚੁੱਕਾ ਹੈ ਅਤੇ ਇਸ ਮੋਡਿਊਲ ਵਿਚ ਸ਼ਾਮਲ ਕਿਸੇ ਵੀ ਮੁਲਜ਼ਮ ਨੂੰ ਛੱਡਿਆ ਨਹੀਂ ਜਾਵੇਗਾ।