ਪਿੰਡ ਠੱਠੀਆਂ ਮਹੰਤਾਂ ’ਚ ਦੇਰ ਸ਼ਾਮ ਹੋਇਆ ਸਰਪੰਚ ਹਰਬਰਿੰਦਰ ਸਿੰਘ ਦਾ ਸਸਕਾਰ
ਪਿੰਡ ਠੱਠੀਆਂ ਮਹੰਤਾਂ ’ਚ ਦੇਰ ਸ਼ਾਮ ਹੋਇਆ ਸਰਪੰਚ ਹਰਬਰਿੰਦਰ ਸਿੰਘ ਦਾ ਸਸਕਾਰ
Publish Date: Thu, 19 Feb 2026 08:45 PM (IST)
Updated Date: Fri, 20 Feb 2026 04:10 AM (IST)

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਸਮੇਤ ਵੱਡੀ ਗਿਣਤੀ ਲੋਕਾਂ ਨੇ ਕੀਤੀ ਸ਼ਮੂਲੀਅਤ ਸਟਾਫ ਰਿਪੋਰ੍ਟਰ/ਕੇਪੀ ਗਿੱਲ•, ਪੰਜਾਬੀ ਜਾਗਰਣ, ਤਰਨਤਾਰਨ : ਨੈਸ਼ਨਲ ਹਾਈਵੇ ’ਤੇ ਸਥਿਤ ਸਿੱਧੂ ਫਾਰਮ ਵਿਚ ਗੋਲੀ ਮਾਰ ਕੇ ਕਤਲ ਕੀਤੇ ਗਏ ਆਮ ਆਦਮੀ ਪਾਰਟੀ ਦੇ ਸਰਪੰਚ ਹਰਬਰਿੰਦਰ ਸਿੰਘ ਦਾ ਵੀਰਵਾਰ ਦੇਰ ਸ਼ਾਮ ਪਿੰਡ ਠੱਠੀਆਂ ਮਹੰਤਾਂ ’ਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਦੇਹ ਤਰਨਤਾਰਨ ਦੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਉਪਰੰਤ ਜਿਵੇਂ ਹੀ ਪਿੰਡ ਪੁੱਜੀ ਤਾਂ ਮਾਹੌਲ ਗਮਗੀਨ ਬਣ ਗਿਆ। ਪਰਿਵਾਰ ਦਾ ਵਿਰਲਾਪ ਝੱਲਿਆ ਨਹੀਂ ਸੀ ਜਾ ਰਿਹਾ। 38 ਸਾਲਾ ਸਰਪੰਚ ਹਰਬਰਿੰਦਰ ਸਿੰਘ ਨੂੰ ਅੰਤਿਮ ਵਿਦਾਇਗੀ ਦੇਣ ਲਈ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੀ ਪੁੱਜੇ ਤੇ ਉਨ੍ਹਾਂ ਨੇ ਸਰਪੰਚ ਜੋ ਉਨ੍ਹਾਂ ਦੇ ਬਹੁਤ ਨਜ਼ਦੀਕੀ ਦੱਸੇ ਜਾਂਦੇ ਹਨ, ਦੀ ਅਰਥੀ ਨੂੰ ਮੋਢਾ ਵੀ ਦਿੱਤਾ। ਪਿੰਡ ਠੱਠੀਆਂ ਮਹੰਤਾਂ ਤੋਂ ਆਮ ਆਦਮੀ ਪਾਰਟੀ ਦੇ ਸਰਪੰਚ ਹਰਬਰਿੰਦਰ ਸਿੰਘ ਆਪਣੇ ਸਕਿਆਂ ਵਿੱਚੋਂ ਹੀ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਪਰਿਵਾਰ ਸਣੇ ਅੰਮ੍ਰਿਤਸਰ-ਬਠਿੰਡਾ ਹਾਈਵੇ ’ਤੇ ਸਥਿਤ ਸਿੱਧੂ ਪੈਲੇਸ ਪੁੱਜੇ ਸਨ। ਉਨ੍ਹਾਂ ਨੇ ਵਿਆਹ ਸਮਾਗਮ ਦੌਰਾਨ ਭੰਗੜਾ ਵੀ ਪਾਇਆ ਅਤੇ ਫਿਰ ਹੋਰ ਸਾਕ ਸਬੰਧੀਆਂ ਨਾਲ ਸੋਫੇ ਉੱਪਰ ਬੈਠ ਗਏ। ਪਰ ਇਸੇ ਦੌਰਾਨ ਹੀ ਦੋ ਹਮਲਾਵਰਾਂ ਨੇ ਪੈਲੇਸ ਵਿਚ ਦਾਖਲ ਹੋ ਕੇ ਸਰਪੰਚ ਦੇ ਸਿਰ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਹਮਲੇ ਤੋਂ ਬਾਅਦ ਡੀਜੇ ’ਤੇ ਵੱਜਦੇ ਗਾਣੇ ਬੰਦ ਹੋ ਗਏ ਅਤੇ ਪੈਲੇਸ ’ਚ ਵਿਰਲਾਪ ਗੂੰਝਣ ਲੱਗਾ। ਆਨਨ ਫਾਨਨ ਵਿਚ ਸਰਪੰਚ ਅਤੇ ਉਸਦੇ ਚਚੇਰੇ ਭਰਾ ਜਰਮਨ ਸਿੰਘ, ਜਿਸ ਨੂੰ ਵੀ ਹਮਲਾਵਰਾਂ ਨੇ ਗੋਲੀਆਂ ਮਾਰ ਦਿੱਤੀਆਂ ਸਨ, ਨੂੰ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਟੀ ਹਸਪਤਾਲ ਲਿਆਂਦਾ ਗਿਆ। ਜਿਥੇ ਸਰਪੰਚ ਹਰਬਰਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਜਰਮਨ ਸਿੰਘ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਜਿਥੇ ਉਸਦਾ ਇਲਾਜ ਚੱਲ ਰਿਹਾ ਹੈ। ਉੱਧਰ ਤਰਨਤਾਰਨ ਤੋਂ ਪੋਸਟਮਾਰਟਮ ਉਪਰੰਤ ਸਰਪੰਚ ਹਰਬਰਿੰਦਰ ਸਿੰਘ ਦੀ ਦੇਹ ਨੂੰ ਪਿੰਡ ਠੱਠੀਆਂ ਮਹੰਤਾਂ ਸਥਿਤ ਉਨ੍ਹਾਂ ਦੇ ਘਰ ਲਿਜਾਇਆ ਗਿਆ। ਜਿਥੋਂ ਸ਼ਵ ਯਾਤਰਾ ਸ਼ਮਸ਼ਾਨਘਾਟ ਪੁੱਜੀ। ਇਸ ਦੌਰਾਨ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਜਿਥੇ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਸ਼ਾਮਲ ਹੋਏ। ਉਥੇ ਹੀ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਤੇ ਪਿੰਡ ਵਾਸੀਆਂ ਨੇ ਵੀ ਸਰਪੰਚ ਨੂੰ ਆਖਰੀ ਵਿਦਾਇਗੀ ਦਿੱਤੀ। ਸ਼ਮਸ਼ਾਨਘਾਟ ਵਿਚ ਦੇਰ ਸ਼ਾਮ ਜਦੋਂ ਚਿਖਾ ਨੂੰ ਅਗਨੀ ਦਿੱਤੀ ਗਈ ਤਾਂ ਮਾਹੌਲ ਬਹੁਤ ਹੀ ਗਮਗੀਨ ਬਣ ਗਿਆ। ਦੱਸ ਦਈਏ ਕਿ 38 ਸਾਲਾ ਸਰਪੰਚ ਹਰਬਰਿੰਦਰ ਸਿੰਘ ਦੇ ਦੋ ਨਾਬਾਲਿਗ ਬੱਚੇ ਹਨ।