‘ਸਰਬੱਤ ਦਾ ਭਲਾ ਟਰੱਸਟ’ ਨੇ ਸਰਹਾਲੀ ਕਾਲਜ ਦੇ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਕੀਤੀ ਪ੍ਰਦਾਨ
ਡਾ.ਐੱਸਪੀ ਸਿੰਘ ਓਬਰਾਏ ਦੇ ਨੇਕ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਦੇਸ਼-ਵਿਦੇਸ਼ ਵਿਚ ਟਰੱਸਟ ਵਲੋਂ ਨਿਭਾਈਆਂ ਜਾ ਰਹੀਆਂ ਨਿਸਵਾਰਥ ਸੇਵਾਵਾਂ ਦੀ ਤਾਰੀਫ਼ ਕੀਤੀ।
Publish Date: Sat, 31 Jan 2026 05:36 PM (IST)
Updated Date: Sun, 01 Feb 2026 04:08 AM (IST)
ਲਵਦੀਪ ਦੇਵਗਨ•,ਪੰਜਾਬੀ ਜਾਗਰਣ, ਸਰਹਾਲੀ ਕਲਾਂ : ਉੱਘੇ ਸਮਾਜ ਸੇਵੀ ਡਾ.ਐੱਸਪੀ ਸਿੰਘ ਓਬਰਾਏ ਦੁਆਰਾ ਸਥਾਪਿਤ 'ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ' ਨੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ ਦੇ ਵਿਹੜੇ ਵਿਚ ਕਰਵਾਏ ਗਏ ਇਕ ਸੰਖੇਪ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ। ਇਸ ਮੌਕੇ ਟਰੱਸਟ ਦੇ ਅਹੁਦੇਦਾਰਾਂ ਨੇ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਜਮਾਤਾਂ ਦੇ ਦਸ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਵਿੱਦਿਅਕ ਲੋੜਾਂ ਪੂਰੀਆਂ ਕਰਨ ਲਈ 10-10 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਹੁਦੇਦਾਰਾਂ ਨੇ ਦੱਸਿਆ ਕਿ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਭਾਰਤ ਦੇ ਪੇਂਡੂ ਅਤੇ ਦੂਰ-ਦੁਰਾਂਡੇ ਦੇ ਖੇਤਰਾਂ ਦੇ ਸਮਾਜਿਕ-ਆਰਥਿਕ ਬਦਲਾਅ ਲਈ ਵਚਨਬੱਧ ਹੈ। ਇਹ ਟਰੱਸਟ ਸਰੀਰਿਕ, ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਵਿਕਾਸ ਰਾਹੀਂ ਕਮਜ਼ੋਰ ਅਤੇ ਸਮਾਜਿਕ ਤੌਰ 'ਤੇ ਪੱਛੜੇ ਵਰਗਾਂ ਦੀ ਭਲਾਈ 'ਤੇ ਵਿਸ਼ੇਸ਼ ਧਿਆਨ ਦਿੰਦਾ ਹੈ।
ਡਾ. ਸੁਰਿੰਦਰਪਾਲ ਸਿੰਘ ਓਬਰਾਏ ਆਪਣੇ ਰਜਿਸਟਰਡ ਟਰੱਸਟ ਰਾਹੀਂ ਬਿਨ੍ਹਾਂ ਕਿਸੇ ਜਾਤ, ਰੰਗ ਜਾਂ ਨਸਲ ਦੇ ਭੇਦਭਾਵ ਦੇ ਦੁਨੀਆ ਭਰ ਵਿਚ ਮਨੁੱਖਤਾ ਦੀ ਸੇਵਾ ਕਰਦੇ ਹਨ। ਟਰੱਸਟ ਦੀਆਂ ਸਾਰੀਆਂ ਚੈਰੀਟੇਬਲ ਗਤੀਵਿਧੀਆਂ ਲਈ ਫੰਡ ਸਿਰਫ਼ ਉਨ੍ਹਾਂ ਦੀ ਨਿੱਜੀ ਕਮਾਈ ਤੋਂ ਹੀ ਖ਼ਰਚੇ ਜਾਂਦੇ ਹਨ ਅਤੇ ਕਿਸੇ ਵੀ ਵਿਅਕਤੀ ਜਾਂ ਸੰਸਥਾ ਤੋਂ ਕੋਈ ਦਾਨ ਨਹੀਂ ਲਿਆ ਜਾਂਦਾ।
ਕਾਲਜ ਪ੍ਰਬੰਧਕੀ ਕਮੇਟੀ ਦੇ ਸੀਨੀਅਰ ਮੈਂਬਰ ਜਸਵਿੰਦਰ ਸਿੰਘ ਮੋਹਨਪੁਰਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇਣ ਲਈ ਟਰੱਸਟ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਡਾ.ਐੱਸਪੀ ਸਿੰਘ ਓਬਰਾਏ ਦੇ ਨੇਕ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਦੇਸ਼-ਵਿਦੇਸ਼ ਵਿਚ ਟਰੱਸਟ ਵਲੋਂ ਨਿਭਾਈਆਂ ਜਾ ਰਹੀਆਂ ਨਿਸਵਾਰਥ ਸੇਵਾਵਾਂ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਉਮੀਦ ਜਤਾਈ ਕਿ ਟਰੱਸਟ ਭਵਿੱਖ ਵਿਚ ਵੀ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਦੀ ਮਦਦ ਜਾਰੀ ਰੱਖੇਗਾ। ਇਸ ਮੌਕੇ ਪ੍ਰੋਫੈਸਰ ਜਸਪਾਲ ਸਿੰਘ, ਕੰਵਲਪ੍ਰੀਤ ਕੌਰ ਅਤੇ ਹੋਰ ਸਟਾਫ਼ ਮੈਂਬਰ ਹਾਜਰ ਸਨ।