ਖਡੂਰ ਸਾਹਿਬ ਦੇ ਪੰਜਵੇਂ ਗੋਲਡ ਕਬੱਡੀ ਕੱਪ ਮੌਕੇ ਸੰਤ ਬਾਬਾ ਸੁੱਖਾ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ
ਇਹ ਪੁਸਤਕ ਜਿਥੇ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਉਭਰਦੀਆਂ ਸ਼ਖਸ਼ੀਅਤਾਂ ਦੇ ਜੀਵਨ ਨੂੰ ਦੁਨੀਆਂ ਭਰ ਵਿਚ ਪਹੁੰਚਾਏਗੀ।
Publish Date: Sat, 28 Feb 2026 04:03 PM (IST)
Updated Date: Sun, 01 Mar 2026 03:59 AM (IST)

ਸਟਾਫ਼ ਰਿਪੋਰਟਰ•,ਪੰਜਾਬੀ ਜਾਗਰਣ, ਤਰਨਤਾਰਨ : ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਨਗਰੀ ਖਡੂਰ ਸਾਹਿਬ ਵਿਖੇ ਪੰਜਵਾਂ ਗੋਲਡ ਕਬੱਡੀ ਕੱਪ ਸਮੂਹ ਇਲਾਕਾ ਨਿਵਾਸੀ ਸੰਗਤਾਂ ਅਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿਚ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਕਬੱਡੀ ਕੱਪ ਦੌਰਾਨ ਡੀਆਈਬੀ ਈਵੈਂਟਸ ਦੁਬਈ ਵਲੋਂ ਪੁਸਤਕ ਰਾਈਜਿੰਗ ਪੰਜਾਬ ਰਿਲੀਜ਼ ਕੀਤੀ ਗਈ, ਜੋ ਪੰਜਾਬੀ ਅਤੇ ਅੰਗਰੇਜ਼ੀ ਦੋਨਾਂ ਭਾਸ਼ਾਵਾਂ ਵਿਚ ਉਪਲੱਬਧ ਹੈ। ਇਸ ਪੁਸਤਕ ਵਿਚ ਪੰਜਾਬ ਦੀਆਂ ਉਭਰਦੀਆਂ ਧਾਰਮਿਕ, ਰਾਜਨੀਤਿਕ, ਸੱਭਿਆਚਾਰਕ ਤੇ ਸਮਾਜ ਸੇਵੀ ਸ਼ਖਸ਼ੀਅਤਾਂ ਬਾਰੇ ਬੜੀ ਲਗਨ ਤੇ ਮਿਹਨਤ ਨਾਲ ਜਾਣਕਾਰੀ ਇਕੱਤਰ ਕਰਕੇ ਸੰਗਤ ਦੀ ਸੇਵਾ ਵਿਚ ਹਾਜਰ ਕੀਤੀ ਗਈ ਹੈ। ਇਸ ਪੁਸਤਕ ਵਿਚ 11 ਪੰਨੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਇਤਿਹਾਸ ਅਤੇ ਸੇਵਾਵਾਂ ਨੂੰ ਸਮਰਪਿਤ ਹਨ, ਜਿਨ੍ਹਾਂ ਵਿਚ ਸੰਪਰਦਾਇ ਦਾ ਇਤਿਹਾਸ ਦੱਸਣ ਦੇ ਨਾਲ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਵਲੋਂ ਹੜ੍ਹਾਂ ਦੌਰਾਨ ਨਿਭਾਈਆਂ ਗਈਆਂ, ਸੇਵਾਵਾਂ ਨੂੰ ਦਰਜ ਕੀਤਾ ਗਿਆ ਹੈ। ਇਸ ਮੌਕੇ ਬੋਲਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਪੁਸਤਕ ਜਿਥੇ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਉਭਰਦੀਆਂ ਸ਼ਖਸ਼ੀਅਤਾਂ ਦੇ ਜੀਵਨ ਨੂੰ ਦੁਨੀਆਂ ਭਰ ਵਿਚ ਪਹੁੰਚਾਏਗੀ। ਉਥੇ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਵਲੋਂ ਹੜ੍ਹਾਂ ਦੌਰਾਨ ਨਿਭਾਈਆਂ ਗਈਆਂ ਸੇਵਾਵਾਂ ਦੇ ਇਤਿਹਾਸ ਨੂੰ ਵੀ ਵਿਸ਼ਵ ਭਰ ਵਿਚ ਹੋਰਨਾ ਕੌਮਾਂ ਦੇ ਲੋਕਾਂ ਤੱਕ ਪਹੁੰਚਾਉਣ ਦਾ ਵਸੀਲਾ ਵੀ ਬਣੇਗੀ। ਇਸ ਪੁਸਤਕ ਦੇ ਲੇਖਕ ਤੇ ਸੰਗ੍ਰਹਿ ਕਰਤਾ ਡਾ. ਮਨਜਿੰਦਰ ਸਿੰਘ ਦੁਬਈ ਪ੍ਰਬੰਧਕ ਡੀਆਈਬੀ ਈਵੈਂਟਸ, ਅਮਨਦੀਪ ਸਿੰਘ ਨੇ ਭਰਪੂਰ ਲਗਨ ਤੇ ਮਿਹਨਤ ਨਾਲ ਇਹ ਪੁਸਤਕ ਪੰਜਾਬ, ਪੰਜਾਬੀਅਤ ਅਤੇ ਸਿੱਖੀ ਨੂੰ ਸਮਰਪਿਤ ਕੀਤੀ ਹੈ। ਇਸ ਕਬੱਡੀ ਕੱਪ ਮੌਕੇ ਅਵਤਾਰ ਸਿੰਘ ਬਿੱਲਾ ਸਰਪੰਚ ਸ਼ੇਰੋਂ ਵਲੋਂ ਚਾਰ ਉੱਘੇ ਕਬੱਡੀ ਖਿਡਾਰੀਆਂ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਤੇ ਸੰਤ ਬਾਬਾ ਸੁੱਖਾ ਸਿੰਘ ਦੇ ਕਰ ਕਮਲਾਂ ਨਾਲ ਮੋਟਰਸਾਈਕਲਾਂ ਦੀਆਂ ਚਾਬੀਆਂ ਖਿਡਾਰੀਆਂ ਨੂੰ ਸੌਂਪੀਆਂ।