ਸਰਕਾਰ-ਏ-ਖਾਲਸਾ ਐਵਾਰਡ 2026 ਮੌਕੇ ਸੰਤ ਬਾਬਾ ਸੁੱਖਾ ਸਿੰਘ ਨੂੰ ਕੀਤਾ ਸਨਮਾਨਿਤ
ਸਰਕਾਰ-ਏ-ਖ਼ਾਲਸਾ ਐਵਾਰਡ, ਵਿਸ਼ਵ ਭਰ ’ਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ 13 ਪ੍ਰਮੁੱਖ ਪੰਜਾਬੀਆਂ ਨੂੰ ਉਨ੍ਹਾਂ ਦੇ ਵੱਖ-ਵੱਖ ਖੇਤਰਾਂ ’ਚ ਪਾਏ ਵੱਡਮੁੱਲੇ ਯੋਗਦਾਨ ਲਈ ਇਸ ਵੱਕਾਰੀ ਐਵਾਰਡ ਨਾਲ ਨਿਵਾਜਿਆ ਗਿਆ
Publish Date: Wed, 21 Jan 2026 06:54 PM (IST)
Updated Date: Thu, 22 Jan 2026 04:09 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਹਰ ਸਾਲ ਵਾਂਗ ਡੀਆਈਬੀ ਇਵੈਂਟਸ ਦੁਬਈ ਵੱਲੋਂ ਕਰਵਾਏ ਗਏ ਸਰਕਾਰ-ਏ-ਖ਼ਾਲਸਾ ਐਵਾਰਡਜ਼ 2026 ਯਾਦਗਾਰੀ ਪੈੜਾਂ ਪਾਉਂਦੇ ਹੋਏ ਸਫਲਤਾ ਪੂਰਵਕ ਸੰਪੰਨ ਹੋਏ। ਸਮਾਗਮ ’ਚ ਵਿਸ਼ਵ ਭਰ ਦੀਆਂ ਪ੍ਰਮੁੱਖ ਪੰਜਾਬੀ ਸ਼ਖ਼ਸੀਅਤਾਂ, ਅਧਿਆਤਮਿਕ ਰਹਿਬਰਾਂ ਤੇ ਸਿਆਸੀ ਆਗੂਆਂ ਨੇ ਸ਼ਿਰਕਤ ਕਰ ਕੇ ਪੰਜਾਬੀ ਵਿਰਸੇ ਤੇ ਮਾਨਵਤਾ ਦੀ ਸੇਵਾ ਦੇ ਜਜ਼ਬੇ ਸਤਿਕਾਰਿਆ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ’ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਰੂਹਾਨੀ ਸ਼ਾਨ ਨੂੰ ਵਧਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਬਤੌਰ ਡਿਵਾਈਨ ਗੈਸਟ ਰੂਹਾਨੀ ਮਹਿਮਾਨ ਤੇ ਬਾਬਾ ਗੁਰਜੀਤ ਸਿੰਘ ਜੀ ਨਾਨਕਸਰ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਆਪਣੀਆਂ ਅਸੀਸਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲਵਾਈ ਅਤੇ ਉਨ੍ਹਾਂ ਨੇ ਸਮਾਜ ਪ੍ਰਤੀ ਬੇਮਿਸਾਲ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਸਨਮਾਨਾਂ ਦੀ ਵੰਡ ਤਿੰਨ ਮੁੱਖ ਸ੍ਰੇਣੀਆਂ ’ਚ ਕੀਤੀ ਗਈ। ਸਰਕਾਰ-ਏ-ਖ਼ਾਲਸਾ ਐਵਾਰਡ, ਵਿਸ਼ਵ ਭਰ ’ਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ 13 ਪ੍ਰਮੁੱਖ ਪੰਜਾਬੀਆਂ ਨੂੰ ਉਨ੍ਹਾਂ ਦੇ ਵੱਖ-ਵੱਖ ਖੇਤਰਾਂ ’ਚ ਪਾਏ ਵੱਡਮੁੱਲੇ ਯੋਗਦਾਨ ਲਈ ਇਸ ਵੱਕਾਰੀ ਐਵਾਰਡ ਨਾਲ ਨਿਵਾਜਿਆ ਗਿਆ। ਜਦੋਂਕਿ ਸੇਵਾ ਰਤਨ ਐਵਾਰਡ, ਪੰਜਾਬ ’ਚ ਆਏ ਹੜ੍ਹਾਂ ਦੌਰਾਨ ਮਾਨਵਤਾ ਦੀ ਮਿਸਾਲ ਪੇਸ਼ ਕਰਨ ਵਾਲੀਆਂ ਐੱਨਜੀਓਜ਼ ਨੂੰ ਉਨ੍ਹਾਂ ਦੀ ਨਿਰਸਵਾਰਥ ਸੇਵਾ ਤੇ ਸਮਰਪਣ ਲਈ ਦਿੱਤਾ ਗਿਆ। ਜਿਸ ’ਚ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦਾ ਨਾਂ ਮੁੱਖ ਤੌਰ ’ਤੇ ਸ਼ਾਮਲ ਕੀਤਾ ਗਿਆ, ਸੰਪਰਦਾਇ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਨੂੰ ਹੜ੍ਹਾਂ ਦੌਰਾਨ ਨਿਭਾਈਆਂ ਗਈਆਂ ਸੇਵਾਵਾਂ ਲਈ ਸੇਵਾ ਰਤਨ ਐਵਾਰਡ ਨਾਲ ਨਿਵਾਜ਼ਿਆ ਗਿਆ। ਸਮਾਗਮ ਦੌਰਾਨ ਸੂਬੇ ਦੀ ਤਰੱਕੀ ਤੇ ਸਮਾਜਿਕ ਭਲਾਈ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਤੇ ਵਿਅਕਤੀਆਂ ਨੂੰ ਪੰਜਾਬ ਪ੍ਰਾਈਡ ਐਵਾਰਡਜ਼ ਨਾਲ ਸਨਮਾਨਿਤ ਕੀਤਾ ਗਿਆ। ==== ਪ੍ਰਬੰਧਕੀ ਟੀਮ ਦੀ ਮਿਹਨਤ ਲਿਆਈ ਰੰਗ ਇਸ ਪੂਰੇ ਸਮਾਗਮ ਦੀ ਸਫਲਤਾ ਪਿੱਛੇ ਡਾ. ਮਨਜਿੰਦਰ ਸਿੰਘ, ਫਤਿਹ ਅਮਨਦੀਪ ਸਿੰਘ, ਨਵਨੀਤ ਸਿੰਘ ਅਤੇ ਗੁਰਸਾਹਿਬ ਸਿੰਘ ਦੀ ਅਣਥੱਕ ਮਿਹਨਤ ਅਤੇ ਦੂਰਅੰਦੇਸ਼ੀ ਸੋਚ ਸੀ, ਜਿਨ੍ਹਾਂ ਦੀ ਅਗਵਾਈ ਵਿਚ ਪ੍ਰੋਗਰਾਮ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ। ਇਸ ਮੌਕੇ ਬੋਲਦਿਆਂ ਸ਼ਖ਼ਸੀਅਤਾਂ ਨੇ ਕਿਹਾ ਕਿ ਅਜਿਹੇ ਸਮਾਗਮ ਸਿੱਖ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ, ਵਿਸ਼ਵ ਭਰ ਦੇ ਪੰਜਾਬੀਆਂ ’ਚ ਏਕਤਾ ਵਧਾਉਣ ਤੇ ਸੇਵਾ ਤੇ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨ ’ਚ ਸਹਾਈ ਹੁੰਦੇ ਹਨ। ਸਮਾਗਮ ਦੀ ਸਮਾਪਤੀ ਪੰਥ ਤੇ ਸਮਾਜ ਪ੍ਰਤੀ ਸਮੂਹਿਕ ਜ਼ਿੰਮੇਵਾਰੀ ਅਤੇ ਵਿਸ਼ਵਾਸ ਦੇ ਮਜ਼ਬੂਤ ਸੰਦੇਸ਼ ਨਾਲ ਹੋਈ।