ਪਿੰਡ ਚੱਕ ਪੱਤੀ ਬਾਲੂ ਬਹਾਦਰ ’ਚ ਸੰਤ ਬਾਬਾ ਸੁੱਖਾ ਸਿੰਘ ਨੂੰ ਕੀਤਾ ਸਨਮਾਨਿਤ
ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਨੇ ਹੜ੍ਹਾਂ ਦੌਰਾਨ ਹਮੇਸ਼ਾਂ ਵਾਂਗ ਮੋਹਰੀ ਹੋ ਕੇ ਸੇਵਾਵਾਂ ਨਿਭਾਈਆਂ ਹਨ।
Publish Date: Fri, 27 Feb 2026 06:03 PM (IST)
Updated Date: Sat, 28 Feb 2026 04:02 AM (IST)

ਲਵਦੀਪ ਦੇਵਗਨ, •ਪੰਜਾਬੀ ਜਾਗਰਣ, ਸਰਹਾਲੀ ਕਲਾਂ : ਪਿੰਡ ਚੱਕ ਪੱਤੀ ਬਾਲੂ ਬਹਾਦਰ ਜ਼ਿਲ੍ਹਾ ਕਪੂਰਥਲਾ ਭਰਵੇਂ ਇਕੱਠ ਦੌਰਾਨ ਕਈ ਪਿੰਡਾਂ ਦੀਆਂ ਪੰਚਾਇਤਾਂ ਤੇ ਇਲਾਕੇ ਦੇ ਮੋਹਤਬਰਾਂ ਨੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਨੂੰ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਪੰਜਾਬ ਅੰਦਰ ਜ਼ਿਲ੍ਹਾ ਕਪੂਰਥਲਾ ਦਾ ਸੁਲਤਾਨਪੁਰ ਲੋਧੀ ਦਾ ਇਲਾਕਾ ਸਭ ਤੋਂ ਪਹਿਲਾਂ ਹੜ੍ਹਾਂ ਦੀ ਮਾਰ ਹੇਠ ਆਇਆ ਅਤੇ ਇਸ ਤੋਂ ਬਾਅਦ ਹੋਰ 8 ਜ਼ਿਲ੍ਹੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ। ਦਰਿਆ ਰਾਵੀ, ਬਿਆਸ ਅਤੇ ਸਤਲੁਜ ਦੇ ਬੰਨ੍ਹ ਕਈ ਥਾਵਾਂ ਤੋਂ ਟੁੱਟ ਗਏ, ਜਿਨ੍ਹਾਂ ਵਿਚ ਘੋਨੇਵਾਲ, ਬਾਊਪੁਰ, ਚੱਕ ਪੱਤੀ ਬਾਲੂ ਬਹਾਦਰ ਆਦਿ ਥਾਵਾਂ ਦੇ ਐਡਵਾਂਸ ਆਰਜੀ ਬੰਨ੍ਹ ਅਤੇ ਧੁੱਸੀ ਬੰਨ੍ਹ ਸ਼ਾਮਲ ਹਨ। ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਨੇ ਹੜ੍ਹਾਂ ਦੌਰਾਨ ਹਮੇਸ਼ਾਂ ਵਾਂਗ ਮੋਹਰੀ ਹੋ ਕੇ ਸੇਵਾਵਾਂ ਨਿਭਾਈਆਂ ਹਨ। ਜਿਥੇ ਸੰਪਰਦਾਇ ਵਲੋਂ ਦਰਿਆ ਰਾਵੀ ਦੇ ਧੁੱਸੀ ਬੰਨ੍ਹ ਦੇ ਤਿੰਨ ਵੱਡੇ ਪਾੜ ਪੂਰੇ ਗਏ ਹਨ, ਇਸ ਤਰ੍ਹਾਂ ਬਿਆਸ ਦੇ ਆਰਜੀ ਬੰਨ੍ਹਾਂ ਦੀ ਵੀ ਲਗਾਤਾਰ ਸੇਵਾਵਾਂ ਚੱਲੀਆਂ। ਜਦੋਂ 3 ਅਕਤੂਬਰ 2025 ਪਿੰਡ ਚੱਕ ਪੱਤੀ ਬਾਲੂ ਬਹਾਦਰ ਵਿਖੇ ਬਿਆਸ ਦਰਿਆ ਦਾ ਪਾੜ ਪੂਰਿਆ ਗਿਆ ਤਾਂ ਸੰਗਤ ਨੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਅਸਮਾਨ ਤਕ ਗੂੰਜਾਂ ਪਾਈਆਂ। ਇਸ ਮੌਕੇ ਸਰਪੰਚ ਲਖਵਿੰਦਰ ਸਿੰਘ ਨੇ ਕਿਹਾ ਕਿ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਬਾਬਾ ਹਾਕਮ ਸਿੰਘ ਨੇ ਹੜ੍ਹਾਂ ਵੇਲੇ ਦਿਨ-ਰਾਤ ਇਕ ਕਰਕੇ ਨਿਰੰਤਰ ਸੇਵਾ ਨਾਲ ਇਸ ਇਲਾਕੇ ਨੂੰ ਵੱਡੀ ਰਾਹਤ ਪਹੁੰਚਾਈ ਸੀ। ਪਿੰਡ ਚੱਕ ਪੱਤੀ ਬਾਲੂ ਬਹਾਦਰ ਵਿਖੇ ਟੁੱਟਾ ਬੰਨ੍ਹ ਬੰਨਿਆ। ਇਥੇ 10 ਸਤੰਬਰ ਨੂੰ ਅਰਦਾਸ ਬੇਨਤੀ ਉਪਰੰਤ ਸੇਵਾ ਆਰੰਭ ਕੀਤੀ ਸੀ ਅਤੇ ਇਥੇ 300 ਫੁੱਟ ਦਾ ਪਿਆ ਪਾੜ ਸੰਗਤ ਦੇ ਸਹਿਯੋਗ ਨਾਲ 23 ਦਿਨ੍ਹਾਂ ਦੀ ਸੇਵਾ ਨਾਲ ਪੂਰ ਦਿੱਤਾ ਗਿਆ। ਸੰਤ ਬਾਬਾ ਸੁੱਖਾ ਸਿੰਘ ਕਬੀਰਪੁਰ ਮੰਡੀ ਵਿਚ ਦਿਨ-ਰਾਤ ਹੱਥੀ ਸੇਵਾ ਕਰਕੇ ਸੰਗਤਾਂ ਨਾਲ ਮਿੱਟੀ ਦੇ ਬੋਰੇ ਭਰਦੇ ਰਹੇ। ਸੰਪਰਦਾਇ ਵਲੋਂ ਰੋਜ਼ਾਨਾ ਗੱਡੀਆਂ ਭਰ-ਭਰ ਕੇ ਵੱਖ-ਵੱਖ ਨਗਰਾਂ ਤੋਂ ਸੰਗਤ ਪਹੁੰਚਾਈ ਜਾਂਦੀ ਰਹੀ ਅਤੇ ਖੁੱਲ੍ਹੇ ਲੰਗਰ-ਭੰਡਾਰੇ ਵਰਤਦੇ ਰਹੇ। ਸੰਤ ਬਾਬਾ ਸੁੱਖਾ ਸਿੰਘ ਨੇ ਸਾਲ 2023 ਵਿਚ ਵੀ ਇਥੇ ਬੰਨ੍ਹ ਬੰਨਣ ਦੀ ਸੇਵਾ ਕੀਤੀ ਸੀ। ਇਸ ਵਾਰ ਹੜ੍ਹਾਂ ਦੌਰਾਨ ਇਸ ਇਲਾਕੇ ਦੇ ਲੋਕਾਂ ਨੇ ਸਭ ਤੋਂ ਲੰਮਾ ਸਮਾਂ ਪਾਣੀ ਵਿਚ ਗੁਜਾਰਿਆ ਹੈ। ਇਸ ਮੌਕੇ ਇਲਾਕੇ ਦੀਆਂ ਪੰਚਾਇਤਾਂ ਅਤੇ ਮੋਹਤਬਰਾਂ ਨੇ ਸੰਤ ਬਾਬਾ ਸੁੱਖਾ ਸਿੰਘ ਦਾ ਸਵਾਗਤ ਕਰਦਿਆਂ ਸਨਮਾਨ ਚਿੰਨ੍ਹ ਵੀ ਭੇਟ ਕੀਤਾ। ਇਸ ਮੌਕੇ ਕੁੰਦਨ ਸਿੰਘ ਸਾਬਕਾ ਸਰਪੰਚ, ਲਖਵਿੰਦਰ ਸਿੰਘ ਸਰਪੰਚ, ਜਥੇਦਾਰ ਗੁਰਦੀਪ ਸਿੰਘ ਸ਼ਹੀਦ, ਅੰਗਰੇਜ਼ ਸਿੰਘ, ਬਲਵਿੰਦਰ ਸਿੰਘ, ਅਮਰਜੀਤ ਸਿੰਘ ਖਿੰਡਾ ਜ਼ਿਲ੍ਹਾ ਪ੍ਰਤੀਨਿਧੀ, ਡਾ. ਸਤਨਾਮ ਸਿੰਘ ਹਾਜੀਪੁਰ, ਬੋਹੜ ਸਿੰਘ ਹਜਾਰਾ, ਚਮਕੌਰ ਸਿੰਘ ਬੂਲੇ, ਭੁਪਿੰਦਰ ਸਿੰਘ ਸਰਪੰਚ ਬੂਲੇ, ਕੁਲਬੀਰ ਸਿੰਘ ਆਹਲੀ ਕਲਾਂ, ਗੁਰਮੁਖ ਸਿੰਘ ਕਰਮੂਵਾਲਾ, ਜਗੀਰ ਸਿੰਘ ਹਾਜੀਪੁਰ, ਅਜੀਤ ਸਿੰਘ, ਗੁਰਮੀਤ ਸਿੰਘ ਸਰਪੰਚ, ਇੰਦਰਜੀਤ ਸਿੰਘ ਸਰਪੰਚ ਹਾਜੀਪੁਰ, ਦਰਸ਼ਨ ਸਿੰਘ ਕਬੀਰਪੁਰ, ਧਰਮ ਸਿੰਘ ਕਬੀਰਪੁਰ, ਕਰਨੈਲ ਸਿੰਘ ਬਾਊਪੁਰ, ਕਾਬਲ ਸਿੰਘ ਕਬੀਰਪੁਰ, ਮੁਖਤਾਰ ਸਿੰਘ ਕਬੀਰਪੁਰ, ਪ੍ਰੀਤਮ ਸਿੰਘ ਆਹਲੀ, ਕੇਵਲ ਸਿੰਘ ਕਰਮੂਵਾਲਾ, ਸਾਹਿਬ ਸਿੰਘ ਕਰਮੂਵਾਲਾ, ਚੱਕ ਪੱਤੀ ਬਾਲੂ ਬਹਾਦਰ ਤੋਂ ਜਸਪਾਲ ਸਿੰਘ, ਜਗਤਾਰ ਸਿੰਘ, ਅਵਤਾਰ ਸਿੰਘ, ਪ੍ਰਤਾਪ ਸਿੰਘ ਅਤੇ ਹੋਰ ਕਈ ਪਤਵੰਤੇ ਹਾਜਰ ਸਨ।