ਸੰਤ ਬਾਬਾ ਹਾਕਮ ਸਿੰਘ ਨੇ ਸਮੂਹਿਕ ਆਨੰਦ ਕਾਰਜ ਵਾਲੇ 33 ਜੋੜਿਆਂ ਨੂੰ ਘਰੇਲੂ ਵਰਤੋਂ ਦਾ ਸਾਮਾਨ ਵੰਡਿਆ
ਸਮੂਹ ਜੋੜਿਆਂ ਨੂੰ ਆਸ਼ੀਰਵਾਦ ਵਜੋਂ ਘਰੇਲੂ ਵਰਤੋਂ ਦਾ ਸਾਮਾਨ ਦਿੱਤਾ ਗਿਆ। ਜਿਸ ਵਿਚ ਡਬਲ ਬੈੱਡ, ਗੱਦੇ, ਸੋਫਾ ਸੈੱਟ, ਪੇਟੀ, ਸਿਲਾਈ ਮਸ਼ੀਨ, ਬਰਤਨ, ਬਿਸਤਰੇ ਅਤੇ ਹੋਰ ਘਰੇਲੂ ਲੋੜ੍ਹੀਦੀਆਂ ਵਸਤੂਆਂ ਸ਼ਾਮਲ ਸਨ।
Publish Date: Mon, 12 Jan 2026 06:52 PM (IST)
Updated Date: Tue, 13 Jan 2026 04:10 AM (IST)

ਲਵਦੀਪ ਦੇਵਗਨ,•ਪੰਜਾਬੀ ਜਾਗਰਣ, ਸਰਹਾਲੀ ਕਲਾਂ : ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਅਤੇ ਸੰਤ ਬਾਬਾ ਚਰਨ ਸਿੰਘ ਦੀ ਯਾਦ ਵਿਚ ਕਰਵਾਏ ਗਏ ਸਾਲਾਨਾ ਬਰਸੀ ਸਮਾਗਮ ’ਤੇ ਗੁਰਦੁਆਰਾ ਗੁਰਪੁਰੀ ਸਾਹਿਬ, ਸੁਹਾਵਾ ਵਿਖੇ ਹਰ ਸਾਲ ਦੀ ਤਰ੍ਹਾਂ 2 ਜਨਵਰੀ ਨੂੰ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਗਏ। ਇਸ ਵਾਰ ਜਿਨ੍ਹਾਂ 33 ਜੋੜਿਆਂ ਦੇ ਸਮੂਹਿਕ ਆਨੰਦ ਕਾਰਜ ਹੋਏ, ਉਨ੍ਹਾਂ ਨੂੰ ਅੱਜ ਗੁਰਦੁਆਰਾ ਗੁਰਪੁਰੀ ਸਾਹਿਬ ਵਿਖੇ ਬੁਲਾਇਆ ਗਿਆ ਅਤੇ ਸੰਤ ਬਾਬਾ ਹਾਕਮ ਸਿੰਘ ਵਲੋਂ ਅੱਜ ਸਮੂਹ ਜੋੜਿਆਂ ਨੂੰ ਆਸ਼ੀਰਵਾਦ ਵਜੋਂ ਘਰੇਲੂ ਵਰਤੋਂ ਦਾ ਸਾਮਾਨ ਦਿੱਤਾ ਗਿਆ। ਜਿਸ ਵਿਚ ਡਬਲ ਬੈੱਡ, ਗੱਦੇ, ਸੋਫਾ ਸੈੱਟ, ਪੇਟੀ, ਸਿਲਾਈ ਮਸ਼ੀਨ, ਬਰਤਨ, ਬਿਸਤਰੇ ਅਤੇ ਹੋਰ ਘਰੇਲੂ ਲੋੜ੍ਹੀਦੀਆਂ ਵਸਤੂਆਂ ਸ਼ਾਮਲ ਸਨ। ਸੰਤ ਬਾਬਾ ਹਾਕਮ ਸਿੰਘ ਨੇ ਨਵ ਵਿਆਹੇ ਜੋੜਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਆਖਿਆ ਕਿ ਅੱਜ ਕੱਲ੍ਹ ਸਾਡੇ ਬਹੁਗਿਣਤੀ ਲੋਕ ਗੁਰਮਰਯਾਦਾ ਨੂੰ ਭੁੱਲ ਕੇ ਵਿਆਹਾਂ ਉਪਰ ਵਿਖਾਵੇ ਮਾਤਰ ਬੇਲੋੜਾ ਖਰਚਾ ਕਰਦੇ ਹਨ ਅਤੇ ਇਹ ਵਿਖਾਵਾ ਭੇਡਚਾਲ ਦੀ ਤਰ੍ਹਾਂ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਅਸਲ ਵਿਚ ਸਿੱਖੀ ਮੁਤਾਬਿਕ ਵਿਆਹ ਦੀ ਰਸਮ ਸਿਰਫ਼ ਇਨ੍ਹੀਂ ਹੈ, ਜਿਨ੍ਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਭਾਈ ਜਾਂਦੀ ਹੈ। ਸਾਨੂੰ ਸਭ ਨੂੰ ਆਪਣੇ ਬੱਚਿਆਂ ਦੇ ਆਨੰਦ ਕਾਰਜ ਨੂੰ ਗੁਰਮਤਿ ਸਮਾਗਮ ਦਾ ਰੂਪ ਦੇਣਾ ਚਾਹੀਦਾ ਹੈ। ਪੈਲੇਸਾਂ ਵਿਚ ਨਸ਼ੇ ਵਰਤਾਉਣੇ ਗੁਰਮਤਿ ਅਸੂਲਾਂ ਦੀ ਘੋਰ ਉਲੰਘਣਾ ਹੈ। ਇਨ੍ਹਾਂ ਮਨਮੱਤੀ ਰੀਤਾਂ ਨਾਲ ਸਾਨੂੰ ਗੁਰੂ ਕੀਆਂ ਖ਼ੁਸ਼ੀਆਂ ਨਹੀਂ ਮਿਲਦੀਆਂ। ਸਾਨੂੰ ਦਿਖਾਵੇਬਾਜ਼ੀ ਬੰਦ ਕਰਕੇ ਸਿੱਖ ਰਹਿਤ ਮਰਯਾਦਾ ਅਨੁਸਾਰ ਜੀਵਨ ਜੀਉਣਾ ਚਾਹੀਦਾ ਹੈ। ਇਸ ਮੌਕੇ ਸੰਪਰਦਾਇ ਦੇ ਸਕੱਤਰ ਹਰਭਜਨ ਸਿੰਘ ਸੰਧੂ, ਡਾ.ਨਾਗੋਵਾਲੀਆ, ਕੁਲਦੀਪ ਸਿੰਘ ਸੈਕਟਰੀ, ਅਵਤਾਰ ਸਿੰਘ ਅਤੇ ਹੋਰ ਕਈ ਗੁਰਸਿੱਖਾਂ ਨੇ ਹਾਜਰੀ ਭਰੀ।