'ਫੱਗਣ' ਮਹੀਨੇ ਦੀ ਆਰੰਭਤਾ ‘ਤੇ ਕਰਵਾਇਆ ਗੁਰਮਤਿ ਸਮਾਗਮ
ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ਚ 'ਫੱਗਣ' ਮਹੀਨੇ ਦੀ ਆਰੰਭਤਾ ‘ਤੇ ਕਰਵਾਇਆ ਗੁਰਮਤਿ ਸਮਾਗਮ
Publish Date: Thu, 12 Feb 2026 05:11 PM (IST)
Updated Date: Fri, 13 Feb 2026 04:03 AM (IST)

ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ : ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ਵਿਖੇ ਸ਼ੁਭਾਇਮਾਨ ਗੁਰਦੁਆਰਾ ਸਾਹਿਬ ਵਿਖੇ ‘ਫੱਗਣ’ ਦੇ ਮਹੀਨੇ ਦੀ ਆਰੰਭਤਾ ’ਤੇ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਸ ਵਿਚ ਬੱਚਿਆਂ ਵਲੋਂ ਸੰਗਤੀ ਰੂਪ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਜਪੁਜੀ ਸਾਹਿਬ ਜੀ ਦੇ ਜਾਪ ਕੀਤੇ ਗਏ। ਸੰਗੀਤ ਅਧਿਆਪਕ ਭਾਈ ਬਹਾਲ ਸਿੰਘ ਅਤੇ ਬੱਚਿਆਂ ਦੇ ਵਲੋਂ ਗੁਰੂ ਜੀ ਦੀ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ। ਗੁਰੂ ਜੀ ਦੇ ਹੁਕਮਨਾਮਾ ਸਾਹਿਬ ਅਤੇ ਫੱਗਣ ਦੇ ਮਹੀਨੇ ਦੇ ਪਰਥਾਏ ਉਚਾਰਨ ਕੀਤੇ ਗਏ। ਸ਼ਬਦਾਂ ਦਾ ਪਾਠ ਕਰਨ ਤੋਂ ਬਾਅਦ ਸਕੂਲ ਦੇ ਧਾਰਮਿਕ ਅਧਿਆਪਕ ਭਾਈ ਜਗਜੀਤ ਸਿੰਘ ਵਲੋਂ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਗਿਆ ਕਿ ਜਦੋਂ ਵੀ ਬਨਸਪਤੀ ਉੱਤੇ ਹਰਿਆਲੀ ਆਉਂਦੀ ਹੈ, ਤਾਂ ਇਸ ਨਾਲ ਆਲਾ-ਦੁਆਲਾ ਆਨੰਦਮਈ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਮਨੁੱਖ ਨੂੰ ਜ਼ਿੰਦਗੀ ਵਿਚ ਅਕਾਲ ਪੁਰਖ ਦੀ ਸਿਫ਼ਤ ਸਲਾਹ, ਨਾਮ ਸਿਮਰਨ ਦੀ ਦਾਤ ਪ੍ਰਾਪਤ ਹੁੰਦੀ ਹੈ, ਤਾਂ ਉਸ ਦੇ ਜੀਵਨ ਵਿਚ ਸਦੈਵੀ ਆਨੰਦ ਪੈਦਾ ਹੋ ਜਾਂਦਾ ਹੈ। ਇਸ ਅਵਸਥਾ ਵਿਚ ਮਨੁੱਖ ਅਤੇ ਅਕਾਲ ਪੁਰਖ ਇਕ ਰੂਪ ਹੋ ਜਾਂਦੇ ਹਨ। ਪ੍ਰਿੰਸੀਪਲ ਜਸਬੀਰ ਕੌਰ ਸੈਣੀ ਵਲੋਂ ਬੱਚਿਆਂ ਨਾਲ ਗੱਲਬਾਤ ਦੌਰਾਨ ਕਿਹਾ ਗਿਆ ਕਿ ਅਕਾਲ ਪੁਰਖ ਦਾ ਵਾਸਾ ਉਸ ਸਥਾਨ ’ਤੇ ਹੁੰਦਾ ਹੈ, ਜਿਥੇ ਸਫਾਈ ਹੋਵੇ। ਜੇਕਰ ਸਾਡਾ ਮਨ ਰੂਪੀ ਭਾਂਡਾ ਸਾਫ਼ ਹੈ, ਤਾਂ ਅਕਾਲ ਪੁਰਖ ਦਾ ਟਿਕਾਓ ਸੰਭਵ ਹੈ। ਪਰ ਜੇਕਰ ਇਹ ਮਨ ਗੰਦਗੀ ਨਾਲ ਭਰਿਆ ਪਿਆ ਹੈ, ਤਾਂ ਅਸੀਂ ਰੱਬ ਦੇ ਘਰ ਵਿਚ ਜਾ ਕੇ ਵੀ ਉਸ ਦੀ ਬਖਸ਼ਿਸ਼ ਤੋਂ ਵਾਂਝੇ ਹੀ ਰਹਾਂਗੇ। ਇਸ ਕਰਕੇ ਸਾਨੂੰ ਹਮੇਸ਼ਾ ਗੁਰਬਾਣੀ ਰਾਹੀਂ ਆਪਣੇ ਮਨ ਰੂਪੀ ਭਾਂਡੇ ਨੂੰ ਸਾਫ ਕਰ ਕੇ ਰੱਖਣਾ ਚਾਹੀਦਾ ਹੈ। ਸਕੂਲ ਦੇ ਮੈਂਬਰ ਇੰਚਾਰਜ਼ ਗੁਰਬੀਰ ਸਿੰਘ ਢਿੱਲੋਂ, ਤਰਲੋਕ ਸਿੰਘ ਅਤੇ ਸਰਬਜੀਤ ਸਿੰਘ ਵਲੋਂ ਬੱਚਿਆਂ ਨੂੰ ਕਿਹਾ ਗਿਆ ਕਿ ਸਾਡੇ ਲਈ ਉਹੀ ਪਲ ਆਨੰਦਮਈ ਹੋ ਸਕਦਾ ਹੈ, ਜਿਸ ਪਲ ਸਾਡੀ ਸੁਰਤ ਅਕਾਲ ਪੁਰਖ ਦੇ ਗੁਣ ਉਚਾਰਨ ਕਰਨ ਲਈ ਯਤਨਸ਼ੀਲ ਹੋ ਜਾਵੇ। ਸਾਡਾ ਮਨ ਪੜ੍ਹਾਈ ਵਿਚ ਵੀ ਵਧੇਰੇ ਲੱਗੇਗਾ, ਜਦੋਂ ਉਹ ਟਿਕਾਓ ਅਤੇ ਸ਼ਾਂਤੀ ਵਿਚ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭਟਕਦਾ ਹੋਇਆ ਮਨ ਸ਼ੈਤਾਨ ਦਾ ਘਰ ਹੁੰਦਾ ਹੈ, ਜਿਸ ਕਰਕੇ ਮਨੁੱਖ ਹਮੇਸ਼ਾ ਕੁਰਾਹੇ ਪਿਆ ਰਹਿੰਦਾ ਹੈ। ਇਸ ਮੌਕੇ ਵਾਈਸ ਪ੍ਰਿੰਸੀਪਲ ਮੈਡਮ ਨੀਰੂ ਸ਼ਰਮਾ, ਸੁਪਰਵਾਈਜ਼ਰ ਮੈਡਮ ਕਰਮਜੀਤ ਕੌਰ, ਮੈਡਮ ਪਰਦੀਪ ਕੌਰ, ਮੈਡਮ ਰੁਪਿੰਦਰ ਕੌਰ ਨੰਦਾ, ਮੈਡਮ ਰਣਜੀਤ ਕੌਰ ਤੇ ਮੈਡਮ ਹਰਪ੍ਰੀਤ ਕੌਰ ਚੀਮਾ ਆਦਿ ਹਾਜ਼ਰ ਸਨ।