ਬੇਖ਼ੌਫ਼ ਲੁਟੇਰਿਆਂ ਦਾ ਕਹਿਰ : ਲੁਟੇਰਿਆਂ ਨੇ ਵਾਲੀਆਂ ਖੋਹਣ ਵੇਲੇ ਬਜ਼ੁਰਗ ਔਰਤ 'ਤੇ ਕੀਤਾ ਸੀ ਹਮਲਾ, ਇਲਾਜ ਦੌਰਾਨ ਮੌਤ
ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਮੱਦਰ ਮਥਰਾ ਭਾਗੀ ’ਚ ਸਵੇਰੇ ਕਰੀਬ ਸਾਢੇ ਚਾਰ ਵਜੇ ਗੁਰੂ ਘਰ ਜਾਂਦਿਆਂ ਖੋਹਬਾਜ਼ਾਂ ਵੱਲੋਂ ਜ਼ਖਮੀ ਕੀਤੀ ਗਈ ਔਰਤ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਲੁਟੇਰਿਆਂ ਵੱਲੋਂ ਕੰਨਾਂ ’ਚੋਂ ਵਾਲੀਆਂ ਝਪਟਣ ਮੌਕੇ ਔਰਤ ਦੇ ਸਿਰ ਵਿਚ ਸੱਟ ਲੱਗ ਗਈ ਸੀ, ਜੋ ਉਸ ਲਈ ਜਾਨਲੇਵਾ ਸਾਬਤ ਹੋਈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਿੱਥੇ ਤਿੰਨ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਉਥੇ ਹੀ ਇਕ ਦੀ ਪਛਾਣ ਵੀ ਕਰ ਲਈ ਹੈ।
Publish Date: Fri, 16 Jan 2026 11:31 AM (IST)
Updated Date: Fri, 16 Jan 2026 11:55 AM (IST)
ਸਰਬਜੀਤ ਸਿੰਘ ਛੀਨਾ, ਪੰਜਾਬੀ ਜਾਗਰਣ, ਖਾਲੜਾ। ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਮੱਦਰ ਮਥਰਾ ਭਾਗੀ ’ਚ ਸਵੇਰੇ ਕਰੀਬ ਸਾਢੇ ਚਾਰ ਵਜੇ ਗੁਰੂ ਘਰ ਜਾਂਦਿਆਂ ਖੋਹਬਾਜ਼ਾਂ ਵੱਲੋਂ ਜ਼ਖਮੀ ਕੀਤੀ ਗਈ ਔਰਤ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਲੁਟੇਰਿਆਂ ਵੱਲੋਂ ਕੰਨਾਂ ’ਚੋਂ ਵਾਲੀਆਂ ਝਪਟਣ ਮੌਕੇ ਔਰਤ ਦੇ ਸਿਰ ਵਿਚ ਸੱਟ ਲੱਗ ਗਈ ਸੀ, ਜੋ ਉਸ ਲਈ ਜਾਨਲੇਵਾ ਸਾਬਤ ਹੋਈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਿੱਥੇ ਤਿੰਨ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਉਥੇ ਹੀ ਇਕ ਦੀ ਪਛਾਣ ਵੀ ਕਰ ਲਈ ਹੈ।
ਕਾਰਜ ਸਿੰਘ ਵਾਸੀ ਮੱਦਰ ਮਥਰਾ ਭਾਗੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ 12 ਜਨਵਰੀ ਨੂੰ ਸਵੇਰੇ ਕਰੀਬ ਸਾਢੇ ਚਾਰ ਵਜੇ ਉਹ ਤੇ ਉਸ ਦੀ ਪਤਨੀ ਤਸਬੀਰ ਕੌਰ ਪਿੰਡ ਦੇ ਗੁਰਦੁਆਰਾ ਬਾਬਾ ਲੱਛੀ ਰਾਮ ਜੀ ਵਿਖੇ ਮੱਥਾ ਟੇਕਣ ਜਾ ਰਹੇ ਸੀ। ਇਸੇ ਦੌਰਾਨ ਹਨ੍ਹੇਰੇ ਵਿਚ ਤਿੰਨ ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਨੇ ਉਸ ਦੀ ਪਤਨੀ ਤਸਬੀਰ ਕੌਰ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਜਦੋਂਕਿ ਉਸ ਦੇ ਸਿਰ ਵਿਚ ਕੋਈ ਚੀਜ਼ ਮਾਰ ਕੇ ਸੱਟ ਵੀ ਲਗਾ ਦਿੱਤੀ।
ਗੰਭੀਰ ਜ਼ਖਮੀ ਹੋਣ ਕਰ ਕੇ ਉਨ੍ਹਾਂ ਨੇ ਤਸਬੀਰ ਕੌਰ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਖਾਲੜਾ ਦੇ ਏਐੱਸਆਈ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਖੋਹ ਸਬੰਧੀ ਦਰਜ ਕੀਤੇ ਕੇਸ ਵਿਚ ਜੁਰਮ ਦਾ ਵਾਧਾ ਕਰ ਦਿੱਤਾ ਗਿਆ ਹੈ ਅਤੇ ਤਿੰਨ ਲੁਟੇਰਿਆਂ ਵਿੱਚੋਂ ਇਕ ਦੀ ਪਛਾਣ ਵਰਿਆਮ ਸਿੰਘ ਵਜੋਂ ਹੋਈ ਹੈ, ਜੋ ਮ੍ਰਿਤਕਾ ਦੇ ਪਿੰਡ ਮੱਦਰ ਮਥਰਾ ਭਾਗੀ ਦਾ ਹੀ ਰਹਿਣ ਵਾਲਾ ਹੈ।
ਉਨ੍ਹਾਂ ਦੱਸਿਆ ਕਿ ਵਰਿਆਮ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਨੂੰ ਕਾਬੂ ਕਰ ਕੇ ਦੂਸਰੇ ਦੋ ਲੁਟੇਰਿਆਂ ਦੀ ਵੀ ਪਛਾਣ ਕਰ ਲਈ ਜਾਵੇਗੀ।