- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਲਾਸਟਿਕ, ਕਾਗਜ਼ ਤੇ ਧਾਤੂ ਵਰਗੀਆਂ ਵਸਤੂਆਂ ਨੂੰ ਰੀਸਾਈਕਲ ਕਰ ਕੇ ਅਸੀਂ ਕੁਦਰਤੀ ਸਰੋਤਾਂ ਦੀ ਬੱਚਤ ਕਰ ਸਕਦੇ ਹਾਂ।

ਸਟਾਫ਼ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ ਵੱਲੋਂ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਰਚਨਾਤਮਕ ਪ੍ਰਦਰਸ਼ਨੀ ਲਾਈ ਗਈ। ਇਸ ਪ੍ਰਦਰਸ਼ਨੀ ’ਚ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਬੇਕਾਰ ਨਾ ਵਰਤਣ ਯੋਗ ਚੀਜ਼ਾਂ ਨੂੰ ਦੁਬਾਰਾ ਵਰਤੋਂ ’ਚ ਲਿਆ ਕੇ ਵਰਤੋਂ ਯੋਗ ਚੀਜ਼ਾਂ ਬਣਾਈਆਂ ਗਈਆਂ। ਇਹ ਪ੍ਰਦਰਸ਼ਨੀ ਡਾ. ਸਿਮਰਪ੍ਰੀਤ ਕੌਰ ਪ੍ਰਿੰਸੀਪਲ ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ ਦੀ ਦੇਖ-ਰੇਖ ਹੇਠ ਲਾਈ ਗਈ। ਇਸ ਪ੍ਰਦਰਸ਼ਨੀ ’ਚ ਨਿਸ਼ਾਨ-ਏ-ਸਿੱਖੀ ਚੈਰੀਟਬਲ ਟਰੱਸਟ ਖਡੂਰ ਸਾਹਿਬ ਤੋਂ ਡਾਇਰੈਕਟਰ ਬਲਦੇਵ ਸਿੰਘ ਸੰਧੂ, ਕਰਨਲ ਬਾਵਾ, ਬਾਬਾ ਬਲਬੀਰ ਸਿੰਘ, ਬਲਵੰਤ ਸਿੰਘ ਸੰਧੂ ਪ੍ਰਿੰਸੀਪਲ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਸ਼ਾਮਿਲ ਹੋਏ। ਖੇਤੀਬਾੜੀ ਵਿਭਾਗ ਖਡੂਰ ਸਾਹਿਬ ਤੋਂ ਡਾ. ਯਾਦਵਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਕਾਲਜ ਦੀਆਂ ਵਿਦਿਆਰਥਣਾਂ ਤੇ ਵਿਦਿਆਰਥੀਆਂ ਵੱਲੋਂ ਚਾਰ ਗਰੁੱਪ ਬਣਾ ਕੇ ਬੇਕਾਰ ਤੇ ਨਾ ਵਰਤਣ ਯੋਗ ਵਸਤੂਆਂ ਨੂੰ ਵਰਤੋਂ ’ਚ ਲਿਆ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ।
ਪ੍ਰਦਰਸ਼ਨੀ ’ਚ ਟੀਮ ਇਕ ਪਹਿਲੇ ਨੰਬਰ 'ਤੇ ਰਹੀ, ਟੀਮ ਦੋ ਦੂਸਰੇ ਨੰਬਰ 'ਤੇ ਅਤੇ ਟੀਮ ਤਿੰਨ ਤੇ ਚਾਰ ਤੀਜੇ ਨੰਬਰ 'ਤੇ ਰਹੀਆਂ। ਜੱਜਾਂ ਦੀ ਭੂਮਿਕਾ ਡਾਇਰੈਕਟਰ ਬਲਦੇਵ ਸਿੰਘ ਸੰਧੂ, ਡਾ. ਯਾਦਵਿੰਦਰ ਸਿੰਘ, ਬਾਬਾ ਬਲਬੀਰ ਸਿੰਘ ਤੇ ਕਰਨਲ ਬਾਵਾ ਨੇ ਨਿਭਾਈ। ਇਸ ਮੌਕੇ ਡਾਇਰੈਕਟਰ ਬਲਦੇਵ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਰਚਨਾਤਮਕ ਪ੍ਰਦਰਸ਼ਨੀ ’ਚ ਬਣਾਈਆਂ ਚੀਜ਼ਾਂ ਨੂੰ ਅਸਲ ਜ਼ਿੰਦਗੀ ’ਚ ਵੀ ਅਪਣਾਉਣ। ਬਾਬਾ ਬਲਬੀਰ ਸਿੰਘ ਤੇ ਕਰਨਲ ਸਾਹਿਬ ਨੇ ਵੀ ਵਿਦਿਆਰਥੀਆਂ ਨੂੰ ਅਜਿਹੇ ਨਿਵੇਕਲੇ ਤੇ ਰਚਨਾਤਮਕ ਕੰਮ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਯਾਦਵਿੰਦਰ ਸਿੰਘ ਨੇ ਕਿਹਾ ਕਿ ਆਧੁਨਿਕ ਯੁੱਗ ’ਚ ਮਨੁੱਖੀ ਜੀਵਨ ’ਚ ਸਹੂਲਤਾਂ ਦੇ ਨਾਲ-ਨਾਲ ਕੂੜੇ ਦੀ ਮਾਤਰਾ ਵੀ ਤੇਜ਼ੀ ਨਾਲ ਵੱਧ ਰਹੀ ਹੈ।
ਘਰਾਂ, ਦਫ਼ਤਰਾਂ ਤੇ ਉਦਯੋਗਾਂ ’ਚ ਰੋਜ਼ਾਨਾ ਬਹੁਤ ਸਾਰੀਆਂ ਵਸਤੂਆਂ ਬੇਕਾਰ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਅਕਸਰ ਅਸੀਂ ਸੁੱਟ ਦਿੰਦੇ ਹਾਂ। ਪਰ ਜੇ ਇਨ੍ਹਾਂ ਬੇਕਾਰ ਵਸਤੂਆਂ ਨੂੰ ਸਹੀ ਢੰਗ ਨਾਲ ਵਰਤਿਆ ਜਾਵੇ, ਤਾਂ ਇਨ੍ਹਾਂ ਤੋਂ ਨਵੀਆਂ ਤੇ ਲਾਭਕਾਰੀ ਵਸਤੂਆਂ ਤਿਆਰ ਕੀਤੀਆਂ ਜਾ ਸਕਦੀਆਂ ਹਨ।
ਸਭ ਤੋਂ ਪਹਿਲਾਂ, ਬੇਕਾਰ ਵਸਤੂਆਂ ਦੀ ਦੁਬਾਰਾ ਵਰਤੋਂ ਨਾਲ ਵਾਤਾਵਰਨ ਦੀ ਸੁਰੱਖਿਆ ਹੁੰਦੀ ਹੈ। ਪਲਾਸਟਿਕ, ਕਾਗਜ਼ ਤੇ ਧਾਤੂ ਵਰਗੀਆਂ ਵਸਤੂਆਂ ਨੂੰ ਰੀਸਾਈਕਲ ਕਰ ਕੇ ਅਸੀਂ ਕੁਦਰਤੀ ਸਰੋਤਾਂ ਦੀ ਬੱਚਤ ਕਰ ਸਕਦੇ ਹਾਂ। ਦੂਜਾ ਮਹੱਤਵਪੂਰਨ ਲਾਭ ਆਰਥਿਕ ਬੱਚਤ ਹੈ। ਪੁਰਾਣੇ ਕੱਪੜਿਆਂ ਤੋਂ ਬੈਗ ਜਾਂ ਕਵਰ ਬਣਾ ਕੇ ਪੈਸੇ ਬਚਾਏ ਜਾ ਸਕਦੇ ਹਨ। ਇਸ ਤੋਂ ਇਲਾਵਾ, ਇਹ ਪ੍ਰਕਿਰਿਆ ਰਚਨਾਤਮਕਤਾ ਨੂੰ ਵੀ ਵਧਾਉਂਦੀ ਹੈ। ਬੇਕਾਰ ਵਸਤੂਆਂ ਦੀ ਵਰਤੋਂ ਨਾਲ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੁੰਦੇ ਹਨ। ਬੇਕਾਰ ਵਸਤੂਆਂ ਤੋਂ ਵਰਤੋਂ ਯੋਗ ਚੀਜ਼ਾਂ ਬਣਾਉਣਾ ਸਿਰਫ਼ ਲਾਭਕਾਰੀ ਹੀ ਨਹੀਂ, ਸਗੋਂ ਸਮਾਜ ਤੇ ਵਾਤਾਵਰਨ ਲਈ ਵੀ ਬਹੁਤ ਜ਼ਰੂਰੀ ਹੈ। ਅਖ਼ੀਰ ’ਚ ਡਾ. ਸਿਮਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।