ਤਰਨਤਾਰਨ ਦੇ ਪੰਚਮੁਖੀ ਹਨੂਮਾਨ ਮੰਦਰ ’ਚ ਕਰਵਾਇਆ ਧਰਮ ਸੰਮੇਲਨ
ਅੱਜ ਧਰਤੀ, ਪਾਣੀ ਤੇ ਹਵਾ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੀ ਸਖ਼ਤ ਲੋੜ ਹੈ। ਪਲਾਸਟਿਕ ਦੀ ਵੱਧਦੀ ਵਰਤੋਂ ਕਾਰਨ ਮਨੁੱਖੀ ਸਰੀਰ ’ਚ ਖਤਰਨਾਕ ਪ੍ਰਭਾਵ ਪੈ ਰਹੇ ਹਨ।
Publish Date: Mon, 02 Feb 2026 04:12 PM (IST)
Updated Date: Tue, 03 Feb 2026 04:05 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਸਥਾਨਕ ਪੰਚਮੁਖੀ ਹਨੂਮਾਨ ਮੰਦਰ ਵਿਖੇ ਐਤਵਾਰ ਨੂੰ ਵਿਸ਼ੇਸ਼ ਧਰਮ ਸੰਮੇਲਨ ਕਰਵਾਇਆ ਗਿਆ। ਜਿਸ ਦਾ ਪ੍ਰਬੰਧ ਧਰਮ ਸੰਮੇਲਨ ਪ੍ਰਬੰਧਕ ਕਮੇਟੀ ਤਰਨਤਾਰਨ ਵਲੋਂ ਕੀਤਾ ਗਿਆ। ਸੰਮੇਲਨ ਦੀ ਪ੍ਰਧਾਨਗੀ ਸਵਾਮੀ ਕੋਮਲ ਬਿਹਾਰੀ ਨੇ ਕੀਤੀ। ਸਮਾਜ ਸੇਵੀ ਪ੍ਰਿੰਸੀਪਲ ਫੂਲਾ ਸਿੰਘ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਅੱਜ ਧਰਤੀ, ਪਾਣੀ ਤੇ ਹਵਾ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੀ ਸਖ਼ਤ ਲੋੜ ਹੈ। ਪਲਾਸਟਿਕ ਦੀ ਵੱਧਦੀ ਵਰਤੋਂ ਕਾਰਨ ਮਨੁੱਖੀ ਸਰੀਰ ’ਚ ਖਤਰਨਾਕ ਪ੍ਰਭਾਵ ਪੈ ਰਹੇ ਹਨ। ਉਨ੍ਹਾਂ ਨੇ ਆਤਿਸ਼ਬਾਜ਼ੀ, ਚਾਈਨਾ ਡੋਰ ਤੇ ਪਲਾਸਟਿਕ ਦੀ ਵਰਤੋਂ ਉੱਤੇ ਚਿੰਤਾ ਜ਼ਾਹਿਰ ਕੀਤੀ। ਨੈਸ਼ਨਲ ਐਵਾਰਡ ਪ੍ਰਾਪਤ ਅਧਿਆਪਕ ਗੁਲਵਿੰਦਰ ਸਿੰਘ ਨੇ ਕਿਹਾ ਕਿ ਚੰਗੇਰੇ ਸਮਾਜ ਦੀ ਸਿਰਜਣਾ ਵਾਸਤੇ ਆਪਣੇ ਆਪ ਨੂੰ ਸੁਧਾਰਣ ਦੀ ਲੋੜ ਹੈ। ਉਨ੍ਹਾਂ ਨੇ ਗੁਰੂ ਸਾਹਿਬਾਨਾਂ ਅਤੇ ਮਹਾਨ ਸ਼ਖ਼ਸੀਅਤਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੱਚੇ ਸਮਾਜਿਕ ਬਦਲਾਅ ਦੀ ਸ਼ੁਰੂਆਤ ਆਪਣੇ ਘਰੋਂ ਹੀ ਹੁੰਦੀ ਹੈ। ਸਰਹੱਦੀ ਲੋਕ ਸੇਵਾ ਸਮਿਤੀ ਪੰਜਾਬ ਦੇ ਪ੍ਰਾਂਤ ਸੰਗਠਨ ਮੰਤਰੀ ਸੁਮਿਤ ਕੁਮਾਰ ਨੇ ਕਿਹਾ ਕਿ ਪੇਂਡੂ ਖੇਤਰਾਂ ’ਚ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੋਬਾਈਲ ਦੀ ਵਰਤੋਂ ਨੂੰ ਸੀਮਿਤ ਕਰਨਾ ਹੀ ਸੰਸਕਾਰੀ ਪਰਿਵਾਰਾਂ ਦੀ ਨੀਂਹ ਹੈ। ਸੰਮੇਲਨ ਦੇ ਪ੍ਰਧਾਨ ਸਵਾਮੀ ਕੋਮਲ ਬਿਹਾਰੀ ਨੇ ਆਪਣੇ ਸੰਖੇਪ ਸੰਬੋਧਨ ’ਚ ਕਿਹਾ ਕਿ ਮੋਬਾਈਲ ਦੇ ਰੁਝਾਨ ਤੋਂ ਬਚਣ ਲਈ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ, ਖਾਸਕਰ ਭੋਜਨ ਸਮੇਂ ਮੋਬਾਈਲ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ। ਰਾਈਸ ਮਿੱਲ ਐਸੋਸੀਏਸ਼ਨ ਤਰਨਤਾਰਨ ਦੇ ਪ੍ਰਧਾਨ ਅਵਤਾਰ ਸਿੰਘ ਤਨੇਜਾ, ਕੌਂਸਲਰ ਜਸਕਰਨ ਸਿੰਘ ਆਦਿ ਨੇ ਵੀ ਕਿਹਾ ਕਿ ਅਜਿਹੇ ਧਰਮ ਸੰਮੇਲਨ ਹਰ ਨੁੱਕੜ ’ਚ ਹੋਣੇ ਚਾਹੀਦੇ ਹਨ, ਤਾਂ ਜੋ ਸਮਾਜ ਵਿਚ ਸਤਿਕਾਰੀ ਤੇ ਸੰਸਕਾਰੀ ਮਾਹੌਲ ਬਣੇ। ਸੰਮੇਲਨ ਦੀ ਸ਼ੁਰੂਆਤ ਬ੍ਰਜੇਸ਼ ਗੁਪਤਾ ਨੇ ਬੇਨਤੀ ਰੂਪ ਸ਼ਬਦ ਪੜ੍ਹ ਕੇ ਕੀਤੀ। ਇਸ ਧਰਮ ਸੰਮੇਲਨ ਦੇ ਸੁਚਾਰੂ ਪ੍ਰਬੰਧ ’ਚ ਹੰਸ ਰਾਜ ਚੌਧਰੀ, ਫ਼ਤਿਹ ਸਿੰਘ, ਸੁਖਵੰਤ ਸਿੰਘ ਧਾਮੀ ਸਾਬਕਾ ਲੈਕਚਰਾਰ, ਹਰਿੰਦਰ ਅਗਰਵਾਲ, ਆਤਮਬੀਰ ਸ਼ਰਮਾ, ਜਤਿੰਦਰ ਕੁਮਾਰ ਭਾਟੀਆ, ਪੰਕਜ ਕਪੂਰ, ਵਿਸ਼ਾਲ ਸ਼ਰਮਾ ਆਦਿ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਸਮਾਗਮ ਵਿਚ ਅਰਵਿੰਦ ਮਰਵਾਹਾ, ਪੰਕਜ ਕਪੂਰ, ਨੀਤੂ ਗੁਪਤਾ, ਅਨਿਲ ਸ਼ਾਸਤਰੀ, ਹਰਦੇਵ ਸਿੰਘ, ਰਾਜਾ ਪੰਨੂ, ਬਲਜੀਤ ਸਿੰਘ, ਸੁਰਿੰਦਰ ਸਿੰਘ ਮੱਲੀ ਕੌਂਸਲਰ, ਰਵਿੰਦਰ ਸਿੰਘ ਅਨੰਦ ਸਮੇਤ ਕਈ ਪਤਵੰਤੇ ਹਾਜਰ ਸਨ।