4 ਫਰਵਰੀ ਨੂੰ ਗੁਰਦੁਆਰਾ ਕਿਲ੍ਹਾ ਸਾਹਿਬ ਪਿੰਡ ਸਭਰਾ ’ਚ ਕਰਵਾਏ ਜਾਣਗੇ ਬੱਚਿਆਂ ਦੇ ਧਾਰਮਿਕ ਮੁਕਾਬਲੇ
ਇਲਾਕੇ ਦੀਆਂ ਸੰਗਤਾਂ ਨੂੰ ਵੱਧ ਤੋਂ ਵੱਧ ਇਨ੍ਹਾਂ ਮੁਕਾਬਲਿਆਂ ’ਚ ਤੇ ਇਨ੍ਹਾਂ ਗੁਰਮਤਿ ਸਮਾਗਮਾਂ ’ਚ ਪਹੁੰਚਣ ਦੀ ਅਪੀਲ ਕੀਤੀ।
Publish Date: Mon, 02 Feb 2026 04:33 PM (IST)
Updated Date: Tue, 03 Feb 2026 04:05 AM (IST)

ਕੇਪੀ ਗਿੱਲ•,ਪੰਜਾਬੀ ਜਾਗਰਣ, ਕੈਰੋਂ : ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਖਾਲਸਾ ਰਾਜ ਦੇ ਥੰਮ ਸ਼ਹੀਦ ਸ਼ਾਮ ਸਿੰਘ ਅਟਾਰੀ ਵਾਲੇ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਏ ਜਾ ਰਹੇ ਸਾਲਾਨਾ ਜੋੜ ਮੇਲੇ ਦੇ ਦੌਰਾਨ 4 ਫਰਵਰੀ ਦਿਨ ਬੁੱਧਵਾਰ ਨੂੰ ਸਵੇਰੇ 9:30 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਕਿਲ੍ਹਾ ਸਾਹਿਬ ਪਿੰਡ ਸਭਰਾ ਵਿਖੇ ਦਸਤਾਰ, ਦੁਮਾਲਾ, ਲੰਮੇ ਕੇਸ, ਪੇਂਟਿੰਗ, ਕਵੀਸ਼ਰੀ ਅਤੇ ਕਵਿਤਾ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ, ਵਾਈਸ ਕਨਵੀਨਰ ਭਾਈ ਹਰਜੀਤ ਸਿੰਘ ਆਸਟਰੇਲੀਆ, ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ, ਖਜਾਨਚੀ ਭਾਈ ਗੁਰਜੰਟ ਸਿੰਘ ਭਿੱਖੀਵਿੰਡ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਦਸਤਾਰ ਦੁਮਾਲਾ ਮੁਕਾਬਲੇ ’ਚ ਚੌਥੀ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਲੜਕੇ-ਲੜਕੀਆਂ ਤੇ ਬਾਕੀ ਸਾਰਿਆਂ ਮੁਕਾਬਲਿਆਂ ’ਚ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਲੜਕੇ ਤੇ ਲੜਕੀਆਂ ਭਾਗ ਲੈ ਸਕਦੇ ਹਨ। ਇਨ੍ਹਾਂ ਮੁਕਾਬਲਿਆਂ ’ਚ ਪਹੁੰਚਣ ਵਾਲੇ ਬੱਚੇ ਲੁੜੀਂਦਾ ਸਾਮਾਨ ਜਿਵੇਂ ਦਸਤਾਰ, ਦੁਮਾਲਾ, ਬਾਜ, ਪਿੰਨ, ਸ਼ੀਸ਼ਾ, ਪੇਂਟਿੰਗ ਲਈ ਏ ਫੋਰ ਸ਼ੀਟ, ਕਲਰ, ਜਮੈਟਰੀ ਬਾਕਸ, ਲੰਮੇ ਕੇਸ ਮੁਕਾਬਲਿਆਂ ਲਈ ਕੰਘਾ ਅਤੇ ਹੋਰ ਲੁੜੀਂਦਾ ਸਾਮਾਨ ਆਪਣਾ ਲੈ ਕੇ ਆਉਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦਾ ਮੁੱਖ ਮਕਸਦ ਬੱਚਿਆਂ ਅੰਦਰ ਜੋ ਧਰਮ ਪ੍ਰਤੀ ਅਚੇਤਨਤਾ ਦਿਖਾਈ ਦੇ ਰਹੀ ਹੈ, ਉਸ ਨੂੰ ਦੂਰ ਕਰਕੇ ਉਨ੍ਹਾਂ ਅੰਦਰ ਆਪਣੇ ਗੌਰਵਮਈ ਵਿਰਸੇ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਇਸ ਦੇ ਨਾਲ ਹੀ 5 ਫਰਵਰੀ ਨੂੰ ਸਿੱਖ ਕੌਮ ਦੀ ਅਹਿਮ ਸ਼ਖਸ਼ੀਅਤ ਅੰਤਰਰਾਸ਼ਟਰੀ ਪ੍ਰਚਾਰਕ ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਨੂੰ ਭਾਈ ਮੱਖਣ ਸ਼ਾਹ ਜੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੇ ਇਲਾਕੇ ਦੀਆਂ ਸੰਗਤਾਂ ਨੂੰ ਵੱਧ ਤੋਂ ਵੱਧ ਇਨ੍ਹਾਂ ਮੁਕਾਬਲਿਆਂ ’ਚ ਤੇ ਇਨ੍ਹਾਂ ਗੁਰਮਤਿ ਸਮਾਗਮਾਂ ’ਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਭਾਈ ਮਨਦੀਪ ਸਿੰਘ ਘੋਲੀਆਂ ਕਲਾਂ, ਦਸਤਾਰ ਕੋਚ ਹਰਜੀਤ ਸਿੰਘ ਲਹਿਰੀ, ਹਰਪ੍ਰੀਤ ਸਿੰਘ, ਵਜੀਰ ਸਿੰਘ, ਭਾਈ ਗੁਰਪ੍ਰੀਤ ਸਿੰਘ ਸੈਡੀ, ਸਾਜਨਪ੍ਰੀਤ ਸਿੰਘ, ਬੀਰ ਸਿੰਘ ਵੀਰਮ, ਗਗਨਦੀਪ ਸਿੰਘ, ਹੁਸਨਦੀਪ ਸਿੰਘ, ਸੁਖਮਨਦੀਪ ਸਿੰਘ ਪ੍ਰਚਾਰਕ, ਸੁਖਵਿੰਦਰ ਸਿੰਘ ਖਾਲੜਾ, ਭਾਈ ਗੁਰਮੀਤ ਸਿੰਘ ਮਾਲੂਵਾਲ, ਭਾਈ ਦਿਲਬਾਗ ਸਿੰਘ ਡਲ, ਭਾਈ ਕੁਲਵੰਤ ਸਿੰਘ ਲਾਖਣਾ, ਭਾਈ ਦਲਵਿੰਦਰ ਸਿੰਘ, ਭਾਈ ਸੁਖਵੰਤ ਸਿੰਘ ਸੁੱਗਾ ਆਦਿ ਹਾਜ਼ਰ ਸਨ।