ਪਾਰਕਿੰਗ ਲਈ 15 ਮਰਲੇ ਜ਼ਮੀਨ ਦੀ ਰਜਿਸਟਰੀ ਦਾ ਕਾਰਜ ਹੋਇਆ ਸੰਪੂਰਨ
ਸ਼ਰਧਾਲੂਆਂ ਵੱਲੋਂ ਦਿੱਤੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਾਲੀ ਮੁੱਖ ਗਲੀ ’ਚ 15 ਮਰਲੇ ਪਲਾਟ ਦਾ ਸੌਦਾ ਕੀਤਾ ਗਿਆ ਸੀ। ਜਿਸ ਦੀ ਹੁਣ ਰਜਿਸਟਰੀ ਦਾ ਕਾਰਜ ਵੀ ਮੁਕੰਮਲ ਹੋ ਗਿਆ ਹੈ।
Publish Date: Sat, 24 Jan 2026 05:28 PM (IST)
Updated Date: Sun, 25 Jan 2026 04:10 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਗੁਰਦੁਆਰਾ ਸ੍ਰੀ ਲਕੀਰ ਸਾਹਿਬ ਵਿਖੇ ਜਿੱਥੇ ਹਰ ਰੋਜ਼ ਵੱਡੀ ਗਿਣਤੀ ’ਚ ਸ਼ਰਧਾਲੂ ਨਤਮਸਤਕ ਹੋਣ ਲਈ ਪੁੱਜਦੇ ਹਨ, ਉੱਥੇ ਹੀ ਐਤਵਾਰ ਨੂੰ ਹੋਣ ਵਾਲੇ ਚੁਪਹਿਰਾ ਸਮਾਗਮ ’ਚ ਹੀ ਹਜ਼ਾਰਾਂ ਸ਼ਰਧਾਲੂ ਜੁੜਦੇ ਹਨ। ਜਿਸ ਦੇ ਚੱਲਦਿਆਂ ਪਾਰਕਿੰਗ ਦੀ ਵਿਵਸਥਾ ਵਾਸਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਇਕ ਹੋਰ ਪਲਾਟ ਦੀ ਖਰੀਦ ਕੀਤੀ ਗਈ ਹੈ। ਜਿਸ ਦੀ ਰਜਿਸਟਰੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ’ਤੇ ਹੋ ਜਾਣ ਉਪਰੰਤ ਪ੍ਰਬੰਧਕੀ ਕਮੇਟੀ ਵੱਲੋਂ ਗੁਰੂ ਸਾਹਿਬ ਅੱਗੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ। ਗੁਰਦੁਆਰਾ ਸਾਹਿਬ ਦੇ ਮੈਨੇਜਦਰ ਭਾਈ ਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਪੱਡਾ ਤੇ ਸਮੂਹ ਮੈਂਬਰਾਂ ਦੀ ਬੇਨਤੀ ’ਤੇ ਸ਼ਰਧਾਲੂਆਂ ਵੱਲੋਂ ਦਿੱਤੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਾਲੀ ਮੁੱਖ ਗਲੀ ’ਚ 15 ਮਰਲੇ ਪਲਾਟ ਦਾ ਸੌਦਾ ਕੀਤਾ ਗਿਆ ਸੀ। ਜਿਸ ਦੀ ਹੁਣ ਰਜਿਸਟਰੀ ਦਾ ਕਾਰਜ ਵੀ ਮੁਕੰਮਲ ਹੋ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਪਲਾਟ ’ਚ ਪਾਰਕਿੰਗ ਦੇ ਪ੍ਰਬੰਧ ਕੀਤੇ ਜਾਣਗੇ। ਕਿਉਂਕਿ ਗੁਰਦੁਆਰਾ ਸਾਹਿਬ ’ਚ ਸ਼ਰਧਾਲੂਆਂ ਦੀ ਵਧ ਰਹੀ ਆਮ ਦੇ ਚੱਲਦਿਆਂ ਵਾਹਨਾਂ ਦਾ ਪਾਰਕਿੰਗ ਵਾਸਤੇ ਜਗ੍ਹਾ ਦੀ ਲੋੜ ਮਹਿਸੂਸ ਹੋ ਰਹੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਵੱਡੇ ਪਲਾਟ ਖਰੀਦੇ ਗਏ ਹਨ, ਜਿਨ੍ਹਾਂ ’ਚ ਕਾਰਾਂ ਦੀ ਪਾਰਕਿੰਗ ਹੋ ਰਹੀ ਹੈ ਤੇ ਦੋ ਪਹੀਆ ਵਾਹਨ ਚਾਲਕਾਂ ਲਈ ਵੀ ਦੋ ਪਾਰਕਿੰਗਾਂ ਕਾਰਜਸ਼ੀਲ ਹਨ। ਉਨ੍ਹਾਂ ਅੱਗੇ ਕਿਹਾ ਕਿ ਨਵੇਂ ਪਲਾਟ ਦੀ ਰਜਿਸਟਰੀ ਦਾ ਕਾਰਜ ਸੰਪੂਰਨ ਹੋਣ ’ਤੇ ਗੁਰੂ ਸਾਹਿਬ ਅੱਗੇ ਸ਼ੁਕਰਾਨੇ ਦੇ ਨਾਲ-ਨਾਲ ਸਹਿਯੋਗੀ ਸੰਗਤ ਦੀ ਚੜ੍ਹਦੀ ਕਲਾ ਵਾਸਤੇ ਵੀ ਅਰਦਾਸ ਬੇਨਤੀ ਕੀਤੀ ਗਈ ਹੈ।