23 ਨੂੰ ਸਾਮਰਾਜਵਾਦ ਵਿਰੁੱਧ ਰੈਲੀ ਤੇ ਸ਼ੇਰੋਂ ਖੰਡ ਮਿੱਲ ਵੱਲ ਮਾਰਚ ਕੀਤਾ ਜਾਵੇਗਾ : ਸਾਂਝਾ ਮੰਚ
23 ਮਾਰਚ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਤੇ ਸਾਮਰਾਜ ਦਾ ਵਿਰੋਧ ਕਰਨ ਲਈ ਸਥਾਨਕ ਡੀਸੀ ਦਫ਼ਤਰ ਅੱਗੇ ਵਿਸ਼ਾਲ ਇਕੱਠ ਕਰ ਕੇ ਰੋਸ ਰੈਲੀ ਤੇ ਵਿਖਾਵਾ ਕੀਤਾ ਜਾਵੇਗਾ
Publish Date: Mon, 16 Mar 2026 05:21 PM (IST)
Updated Date: Tue, 17 Mar 2026 04:07 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਸਾਮਰਾਜ ਵਿਰੋਧੀ ਦਿਵਸ ਮਨਾਉਣ ਲਈ ਅੱਜ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨ ਦੀ ਸਾਂਝੀ ਮੀਟਿੰਗ ਅੱਜ ਸਥਾਨਕ ਗਾਂਧੀ ਪਾਰਕ ਵਿਖੇ ਜੱਸਾ ਸਿੰਘ ਕੱਦ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਤੇ ਟਰੇਡ ਯੂਨੀਅਨ ਦੇ ਸਾਂਝੇ ਮੰਚ ਵੱਲੋਂ ਦਿੱਤੇ ਦੇਸ਼ ਵਿਆਪੀ ਸੱਦੇ ਦੇ ਮੱਦੇਨਜ਼ਰ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਨ ਨੂੰ ਮਨਾਉਣ ਲਈ ਥਾਂ-ਥਾਂ ’ਤੇ ਸਾਮਰਾਜ ਵਿਰੋਧੀ ਦਿਵਸ ਦੇ ਤੌਰ ’ਤੇ ਮਨਾਇਆ ਜਾਵੇਗਾ। ਕਿਉਂਕਿ ਅੱਜ ਤੋਂ 100 ਸਾਲ ਪਹਿਲਾਂ ਦੇਸ਼ ਦੇ ਇਨ੍ਹਾਂ ਮਹਾਨ ਯੋਧਿਆਂ ਨੇ ਸਾਮਰਾਜਵਾਦ ਮੁਰਦਾਬਾਦ ਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਏ ਸਨ। ਅੱਜ ਫੇਰ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਅਗਵਾਈ ਹੇਠ ਦੁਨੀਆ ਦੇ ਕਾਰਪੋਰੇਟ ਘਰਾਣੇ ਸਾਮਰਾਜਵਾਦ ਦਿਓ ਰੂਪ ’ਚ ਸਾਰੀ ਦੁਨੀਆ ’ਚ ਧਨ, ਦੌਲਤ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਆਮ ਦੇਸ਼ਾਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੌਜੂਦਾ ਇਰਾਨ ਯੁੱਧ ਇਸ ਦੀ ਤਾਜ਼ਾ ਮਿਸਾਲ ਹੈ। ਇਸ ਤਰ੍ਹਾਂ ਸਾਰੀ ਦੁਨੀਆਂ ਤੇ ਸਾਮਰਾਜੀ ਸ਼ਕਤੀਆਂ ਅੱਜ ਮਜ਼ਦੂਰਾਂ, ਕਿਸਾਨਾਂ ਦੀ ਲੁੱਟ ਕਰ ਕੇ ਧਰਤੀ ਦੀ ਸਾਰੀ ਦੌਲਤ ਹਥਿਆਉਣਾ ਚਾਹੁੰਦੀਆਂ ਹਨ। ਜੋ ਕਿ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਕਰ ਕੇ ਦੇਸ਼ ਵਿਆਪੀ ਸੱਦੇ ਨੂੰ ਅਮਲੀ ਰੂਪ ਦੇਣ ਲਈ ਤਰਨਤਾਰਨ ਜ਼ਿਲ੍ਹੇ ਦੀਆਂ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਹੈ ਕਿ 23 ਮਾਰਚ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਤੇ ਸਾਮਰਾਜ ਦਾ ਵਿਰੋਧ ਕਰਨ ਲਈ ਸਥਾਨਕ ਡੀਸੀ ਦਫ਼ਤਰ ਅੱਗੇ ਵਿਸ਼ਾਲ ਇਕੱਠ ਕਰ ਕੇ ਰੋਸ ਰੈਲੀ ਤੇ ਵਿਖਾਵਾ ਕੀਤਾ ਜਾਵੇਗਾ। ਇਸ ਮੌਕੇ ਸ਼ੇਰੋ ਖੰਡ ਮਿੱਲ ਜੋ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਏਜੰਸੀਆਂ ਨੂੰ ਵੇਚ ਕੇ ਉਸ ਦੀ 100 ਏਕੜ ਲਗਭਗ ਜ਼ਮੀਨ ਲੋਕਾਂ ਤੋਂ ਖੋਹੀ ਜਾ ਰਹੀ ਹੈ। ਉਸ ਦੇ ਵਿਰੁੱਧ ਵੀ ਆਵਾਜ਼ ਉਠਾਈ ਜਾਏਗੀ ਤੇ ਮਿੱਲ ਵੱਲ ਮਾਰਚ ਕੀਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਦਲਜੀਤ ਸਿੰਘ ਦਿਆਲਪੁਰ, ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ, ਨਛੱਤਰ ਸਿੰਘ ਪੰਨੂ, ਗੁਰਪ੍ਰੀਤ ਸਿੰਘ ਗੰਡੀਵਿੰਡ, ਦਵਿੰਦਰ ਸੋਹਲ, ਦਿਲਬਾਗ ਸਿੰਘ ਮਾੜੀ, ਭੁਪਿੰਦਰ ਸਿੰਘ ਪੰਡੋਰੀ, ਤਰਸੇਮ ਸਿੰਘ ਕਲਸੀ, ਸੁਖਬਾਜ ਸਿੰਘ, ਬਲਕਾਰ ਸਿੰਘ ਵਲਟੋਹਾ, ਰਸ਼ਪਾਲ ਸਿੰਘ ਬਾਠ, ਮੇਹਰ ਸਿੰਘ, ਤਜਿੰਦਰ ਸਿੰਘ, ਗੁਰਵਿੰਦਰ ਸਿੰਘ ਭਿੱਖੀਵਿੰਡ ਆਦਿ ਹਾਜ਼ਰ ਸਨ।