- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਰੋਡਵੇਜ਼ ਵਿਭਾਗ ਦੀ ਹਾਲਤ ਇਸ ਕਦਰ ਨਿੱਘਰ ਚੁੱਕੀ ਹੈ ਕਿ ਸਪੇਅਰ ਪਾਰਟ ਖਰੀਦਣ ਲਈ ਕੋਈ ਪੈਸਾ ਨਹੀਂ ਹੈ

ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਅਤੇ ਪੰਜਾਬ ਪੈਨਸ਼ਨ ਯੂਨੀਅਨ ਏਟਕ ਵੱਲੋਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਸ਼ਹਿਰ ਪੱਟੀ ਦੀ ਦਾਣਾ ਮੰਡੀ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਗਈ। ਜਿਸ ’ਚ ਵੱਖ-ਵੱਖ ਡੀਪੂਆਂ /ਦਫ਼ਤਰਾਂ ਦੇ ਹਜ਼ਾਰਾਂ ਵਰਕਰਾਂ ਨੇ ਸ਼ਮੂਲੀਅਤ ਕੀਤੀ। ਰੋਸ ਰੈਲੀ ਨੂੰ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਦੇ ਸੂਬਾ ਚੇਅਰਮੈਨ ਜਗਦੀਸ਼ ਸਿੰਘ ਚਾਹਲ ਅਤੇ ਸੂਬਾ ਜਰਨਲ ਸਕੱਤਰ ਗੁਰਜੰਟ ਸਿੰਘ ਕੋਕਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਰੋਡਵੇਜ਼ ਵਿਭਾਗ ਦੀ ਹਾਲਤ ਇਸ ਕਦਰ ਨਿੱਘਰ ਚੁੱਕੀ ਹੈ ਕਿ ਸਪੇਅਰ ਪਾਰਟ ਖਰੀਦਣ ਲਈ ਕੋਈ ਪੈਸਾ ਨਹੀਂ ਹੈ, ਪੈਸਿਆਂ ਦੀ ਘਾਟ ਕਾਰਨ ਟਾਇਰ ਪਲਾਟ ਬੰਦ ਪਿਆ ਹੈ।
18 ਡੀਪੂਆਂ ਨੂੰ ਸਾਮਾਨ ਸਪਲਾਈ ਕਰਨ ਵਾਲਾ ਸੈਂਟਰ ਸਟੋਰ ਵੀ ਬੰਦ ਪਿਆ ਹੈ, ਮਮੂਲੀ ਸਪੇਅਰ ਪਾਰਟਸ ਦੀ ਅਣਹੋਂਦ ਕਾਰਨ ਸੈਂਕੜੇ ਬੱਸਾਂ ਵਰਕਸ਼ਾਪਾਂ ’ਚ ਖੜ੍ਹੀਆਂ ਰਹਿੰਦੀਆਂ ਹਨ, ਜਿਸ ਦਾ ਸਿੱਧਾ ਲਾਭ ਪ੍ਰਾਈਵੇਟ ਬੱਸਾਂ ਨੂੰ ਦਿੱਤਾ ਜਾ ਰਿਹਾ ਹੈ। ਪੰਜਾਬ ਰੋਡਵੇਜ਼ ਦੀ ਰੀੜ੍ਹ ਦੀ ਹੱਡੀ ਟਾਈਮ ਟੇਬਲ ਜਿਸ ’ਚ ਸਿਆਸੀ ਦਖਲ ਇਸ ਹੱਦ ਤੱਕ ਹੈ ਕਿ ਰੋਡਵੇਜ਼ ਮਹਿਕਮੇ ਨੂੰ ਹੀ ਟਾਈਮ ਟੇਬਲ ਬਣਾਉਣ ਤੋਂ ਬਾਹਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਜਥੇਬੰਦੀ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਮੋਤੀ ਅਤੇ ਸੂਬਾ ਪ੍ਰਧਾਨ ਦੀਦਾਰ ਸਿੰਘ ਮੰਡ ਨੇ ਸੰਬੋਧਨ ਕਰਦਿਆਂ ਕਿਹਾ ਕਿ ਵੋਟਾਂ ਦੀ ਰਾਜਨੀਤੀ ਕਰਦੇ ਹੋਏ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਗਈ। ਪਰ ਇਸ ਸਹੂਲਤ ਨੂੰ ਚਲਦਿਆਂ ਰੱਖਣ ਜੋ ਪੈਸਾ ਸਰਕਾਰ ਵੱਲੋਂ ਵਿਭਾਗ ਨੂੰ ਦੇਣਾ ਹੁੰਦਾ ਹੈ, ਉਸ ’ਚ ਇਹ ਸਰਕਾਰ ਅਸਲੋਂ ਫੇਲ੍ਹ ਸਾਬਤ ਹੋਈ ਹੈ। 1200 ਕਰੋੜ ਰੁਪਏ ਸਰਕਾਰ ਵੱਲ ਬਕਾਇਆ ਖੜ੍ਹੇ ਹਨ, ਜਿਸ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ।
ਆਗੂਆਂ ਕਿਹਾ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਹਰਾ ਪੈੱਨ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਅਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਲਈ ਚੱਲੇਗਾ। ਪਰ ਸਰਕਾਰ ਦਾ ਆਖਰੀ ਸਾਲ ਚੱਲ ਰਿਹਾ ਹੈ, ਸਿਵਾਏ ਮੀਟਿੰਗਾਂ ਦੇ ਕੁਝ ਨਹੀਂ ਹੋਇਆ। ਮੈਡੀਕਲ ਬਿੱਲਾਂ ਦੀ ਅਦਾਇਗੀ ਉਡੀਕਦੇ ਅਨੇਕਾਂ ਮੁਲਾਜ਼ਮ/ ਪੈਨਸ਼ਨ ਜਹਾਨ ਤੋਂ ਕੂਚ ਕਰ ਗਏ, ਮ੍ਰਿਤਕ ਪਰਿਵਾਰਾਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ ’ਚ ਵੀ ਇਹ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ। ਭ੍ਰਿਸ਼ਟਾਚਾਰ ਰੋਕਣਾ ਇਕ ਪਾਸੇ ਰਿਹਾ ਟਰਾਂਸਪੋਰਟ ਮੰਤਰੀ ਵੱਲੋਂ ਡਾਇਰੈਕਟਰ ਦਫ਼ਤਰ ਦੇ ਸਭ ਅਧਿਕਾਰ ਖੋਹ ਕੇ ਆਪਣੇ ਕੋਲ ਕਰ ਲਏ ਹਨ, ਤਾਂ ਜੋ ਮੁਲਾਜ਼ਮਾਂ ਦੇ ਹਰੇਕ ਕੰਮ ਲਈ ਸਿਆਸੀ ਤਾਕਤ ਦੀ ਵਰਤੋਂ ਕੀਤੀ ਜਾ ਸਕੇ।
ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਟਰਾਂਸਪੋਰਟ ਮੰਤਰੀ ਵੱਲੋਂ ਪੰਜਾਬ ਰੋਡਵੇਜ਼ ਦੀ ਨਿੱਘਰ ਰਹੀ ਹਾਲਤ ਉਪਰ ਕਾਬੂ ਪਾਉਣ ਲਈ ਕੋਈ ਠੋਸ ਫੈਸਲੇ ਨਾ ਕੀਤੇ, ਤਾਂ ਜਥੇਬੰਦੀ ਟਰਾਂਸਪੋਰਟ ਮੰਤਰੀ ਦੇ ਸਮੁੱਚੇ ਹਲਕੇ ਅੰਦਰ ਕਾਫਲਿਆਂ ਦੇ ਰੂਪ ’ਚ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ’ਚ ਪ੍ਰਦਰਸ਼ਨ ਕਰੇਗੀ। ਇਸ ਮੌਕੇ ਸਟੇਜ ਦੀ ਕਾਰਵਾਈ ਸੂਬਾ ’ਚ ਸਕੱਤਰ ਸੁਰਿੰਦਰ ਸਿੰਘ ਵੱਲੋਂ ਨਿਭਾਈ ਗਈ।
ਅੱਜ ਦੀ ਇਸ ਰੈਲੀ ਨੂੰ ਸੂਬਾ ਆਗੂ ਬਿਕਰਮਜੀਤ ਸਿੰਘ, ਅਵਤਾਰ ਸਿੰਘ ਤਾਰੀ, ਗੁਰਜੀਤ ਸਿੰਘ ਜਲੰਧਰ, ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾ ਆਗੂ ਬਲਕਾਰ ਸਿੰਘ ਵਲਟੋਹਾ, ਅਵਤਾਰ ਸਿੰਘ ਗਗੜਾਂ, ਅੰਗਰੇਜ਼ ਸਿੰਘ ਮੁਕਤਸਰ, ਬਲਰਾਜ ਸਿੰਘ ਭੱਗੂ, ਪ੍ਰਿਥੀਪਾਲ ਸਿੰਘ ਮਾੜੀ ਮੇਘਾ ਸੀਪੀਆਈ ਨੈਸ਼ਨਲ ਕੌਂਸਲ ਮੈਂਬਰ, ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ, ਜਗਤਾਰ ਸਿੰਘ ਭੁੰਗਰਨੀ, ਗੁਰਜੀਤ ਸਿੰਘ ਘੋਲੇਵਾਲ, ਇਕਬਾਲ ਸਿੰਘ ਪਠਾਨਕੋਟ, ਸੁਪਰਡੈਂਟ ਰਸ਼ਪਾਲ ਸਿੰਘ ਰੰਧਾਵਾ ਡੀਸੀ ਦਫ਼ਤਰ ਯੂਨੀਅਨ, ਬਲਵਿੰਦਰ ਸਿੰਘ ਰੋਪੜ ਆਦਿ ਆਗੂਆਂ ਨੇ ਸੰਬੋਧਨ ਕੀਤਾ।