ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ ਦੇਣ ਤੋਂ ਵੀ ਮੁੱਕਰੀ : ਪੈਨਸ਼ਨਰ ਆਗੂ
ਮਾਨ ਸਰਕਾਰ ਵੱਲੋਂ ਸਰਕਾਰ ਦੀਆਂ ਝੂਠੀਆਂ ਉਪਲੱਬਧੀਆਂ ਗਿਣਾਉਣ ਲਈ ਕਰੋੜਾਂ ਰੁਪਏ ਇਸ਼ਤਿਹਾਰਾਂ ’ਤੇ ਮਸ਼ਹੂਰੀਆਂ ਲਈ ਖ਼ਰਚੇ ਜਾ ਰਹੇ ਹਨ।
Publish Date: Sun, 05 Apr 2026 06:24 PM (IST)
Updated Date: Mon, 06 Apr 2026 04:07 AM (IST)
ਗੁਰਪ੍ਰੀਤ ਸਿੰਘ ਕੱਦਗਿੱਲ•,ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਪੈਨਸ਼ਨਰ ਯੂਨੀਅਨ ਜ਼ਿਲ੍ਹਾ ਤਰਨਤਾਰਨ ਦੀ ਮਹੀਨਾਵਾਰ ਮੀਟਿੰਗ ਪੈਨਸ਼ਨਰ ਆਗੂ ਸਰਬਜੀਤ ਸਿੰਘ ਪੁਰੀ, ਸੁੱਚਾ ਸਿੰਘ, ਦਿਲਬਾਗ ਸਿੰਘ ਵਰਪਾਲ ਤੇ ਕਾਰਜ ਸਿੰਘ ਕੈਰੋਂ ਦੀ ਪ੍ਰਧਾਨਗੀ ਹੇਠ ਰੋਡਵੇਜ਼ ਭਵਨ ਤਰਨਤਾਰਨ ਵਿਖੇ ਕੀਤੀ ਗਈ। ਇਸ ਮੌਕੇ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਚਰਚਾ ਕੀਤੀ ਗਈ। ਇਸ ਸਮੇਂ ਜਥੇਬੰਦੀ ਦੇ ਵਿੱਤ ਸਕੱਤਰ ਸਵਰਨ ਸਿੰਘ ਕੁਹਾੜਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਕਰੋੜਾਂ ਦੇ ਰੂਪ ’ਚ ਬਕਾਏ ਖੜ੍ਹੇ ਹਨ, ਪੈਨਸ਼ਨਰਾਂ ਦਾ 2.59 ਦੇ ਫੈਕਟਰ ਦਾ ਮਸਲਾ ਜਿਉਂ ਦਾ ਤਿਉਂ ਹੈ।
ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀ ਕੀਤੀ ਗਈ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਬਣਦਾ 16 ਫ਼ੀਸਦੀ ਮਹਿੰਗਾਈ ਭੱਤਾ ਸਰਕਾਰ ਦੱਬ ਕੇ ਬੈਠੀ ਹੈ, ਜਦ ਕਿ ਕੇਂਦਰ ਸਰਕਾਰ ਨੇ ਅੱਠਵਾਂ ਪੇ-ਕਮਿਸ਼ਨ ਜਨਵਰੀ 2026 ਤੋਂ ਦੇਣਾ ਕੀਤਾ ਹੈ, ਪਰ ਪੰਜਾਬ ਸਰਕਾਰ ਨੇ ਸਿਵਾਏ ਲਾਰਿਆਂ ਦੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀ ਇਕ ਮੰਗ ਵੀ ਪੂਰੀ ਨਹੀ ਕੀਤੀ।
ਹਾਈਕੋਰਟ ’ਚ ਮੁਲਾਜ਼ਮਾਂ ਵੱਲੋਂ ਮਹਿੰਗਾਈ ਭੱਤੇ ਤੇ ਬਕਾਇਆ ਸਬੰਧੀ ਪਾਈ ਗਈ ਰਿਟ ਪਟੀਸ਼ਨ ਦੇ ਜਵਾਬ ’ਚ ਸਰਕਾਰ ਦਾ ਉਸ ਵੇਲੇ ਦੋਗਲਾ ਚਿਹਰਾ ਸਾਹਮਣੇ ਆਇਆ ਜਦੋਂ ਸਰਕਾਰ ਵੱਲੋਂ ਦਿੱਤੇ ਹਲਫ਼ਨਾਮੇ ’ਚ ਕਿਹਾ ਗਿਆ ਕਿ ਸਰਕਾਰ ਮਹਿੰਗਾਈ ਭੱਤੇ ਤੇ ਬਕਾਇਆ ਦੇਣ ਲਈ ਪਾਬੰਦ ਨਹੀਂ ਹੈ, ਜਦ ਕਿ ਮਾਨ ਸਰਕਾਰ ਵੱਲੋਂ ਸਰਕਾਰ ਦੀਆਂ ਝੂਠੀਆਂ ਉਪਲੱਬਧੀਆਂ ਗਿਣਾਉਣ ਲਈ ਕਰੋੜਾਂ ਰੁਪਏ ਇਸ਼ਤਿਹਾਰਾਂ ’ਤੇ ਮਸ਼ਹੂਰੀਆਂ ਲਈ ਖ਼ਰਚੇ ਜਾ ਰਹੇ ਹਨ।
ਇਸ ਮੌਕੇ ਗੁਰਦੀਪ ਸਿੰਘ, ਮਹਿੰਦਰ ਸਿੰਘ, ਅਜਮੇਰ ਸਿੰਘ, ਹਰਬੰਸ ਸਿੰਘ, ਜਸਵੰਤ ਸਿੰਘ, ਲੱਖਾ ਸਿੰਘ, ਬਲਦੇਵ ਸਿੰਘ, ਆਸ਼ਾ ਸਿੰਘ, ਰਣਜੀਤ ਸਿੰਘ, ਬਲਵਿੰਦਰ ਸਿੰਘ, ਜਸਵੰਤ ਸਿੰਘ, ਬਲਰਾਜ ਸਿੰਘ, ਕਸ਼ਮੀਰ ਸਿੰਘ, ਜੀਵਨ ਸਿੰਘ, ਹਰਜੀਤ ਸਿੰਘ, ਰਾਮ ਸਿੰਘ, ਸੈਕਟਰੀ ਨਵਦੀਪ ਸਿੰਘ, ਰਜਨੀਸ਼ ਸਿੰਘ, ਲਖਵਿੰਦਰ ਸਿੰਘ, ਕੁਲਵਿੰਦਰ ਸਿੰਘ, ਪ੍ਰਧਾਨ ਸਤਨਾਮ ਸਿੰਘ, ਤਰਸੇਮ ਸਿੰਘ ਆਦਿ ਆਗੂ ਹਾਜ਼ਰ ਸਨ।