- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਗਭਗ 3 ਲੱਖ ਵਿਦਿਆਰਥੀਆਂ ਅਤੇ ਪਿਛਲੇ ਸਾਲਾਂ ਦੇ ਪਾਸ-ਆਊਟ ਵਿਦਿਆਰਥੀ ਹੁਣ ਇਸ ਸੇਵਾ ਦਾ ਲਾਭ ਲੈ ਸਕਦੇ ਹਨ।

ਸਟਾਫ਼ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਸੂਬੇ ਦੇ ਵਿਦਿਆਰਥੀਆਂ ਲਈ ਲਾਈਨਾਂ ’ਚ ਖੜ੍ਹਨ, ਕਾਗਜ਼ੀ ਕਾਰਵਾਈ ਤੇ ਹਫ਼ਤਿਆਂ ਦੀ ਲੰਬੀ ਉਡੀਕ ਨੂੰ ਖ਼ਤਮ ਕਰਨ ਦੀ ਦਿਸ਼ਾ ’ਚ ਅਹਿਮ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਵਿੱਦਿਅਕ ਦਸਤਾਵੇਜ਼ਾਂ ਦੀ ਆਨਲਾਈਨ ਤਸਦੀਕ ਅਤੇ ਪ੍ਰਮਾਣਿਕਤਾ ਲਈ ਡਿਜੀਟਲ ਪਲੇਟਫਾਰਮ ਈ-ਸਨਦ ਲਾਂਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਇਹ ਡਿਜੀਟਲ ਸੇਵਾ ਸ਼ੁਰੂ ਕਰਨ ਵਾਲਾ ਭਾਰਤ ਦਾ ਦੂਜਾ ਸੂਬਾ ਬਣ ਗਿਆ ਹੈ।
ਇਸ ਸਬੰਧੀ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਈ-ਸਨਦ ਸੇਵਾ ਦੀ ਸ਼ੁਰੂਆਤ ਨਾਲ ਬੋਰਡ ਦੇ ਮੌਜੂਦਾ ਤੇ ਸਾਬਕਾ ਵਿਦਿਆਰਥੀ ਵਿਸਥਾਰਤ ਅੰਕ-ਸੂਚੀ ਡੀਐੱਮਸੀ ਅਤੇ ਸਰਟੀਫਿਕੇਟਾਂ ਦੀ ਆਨਲਾਈਨ ਤਸਦੀਕ ਹੁਣ ਕੁਝ ਹੀ ਦਿਨਾਂ ’ਚ ਕਰਵਾ ਸਕਦੇ ਹਨ, ਜਿਸ ਲਈ ਪਹਿਲਾਂ 40-45 ਦਿਨ ਲੱਗਦੇ ਸਨ। ਇਸ ਕਦਮ ਨਾਲ ਪੰਜਾਬ ਸਕੂਲ ਬੋਰਡ ਤੋਂ ਹਰ ਸਾਲ ਪਾਸ ਹੋਣ ਵਾਲੇ ਹਜ਼ਾਰਾਂ ਵਿਦਿਆਰਥੀਆਂ ਨੂੰ ਲਾਭ ਮਿਲੇਗਾ ਤੇ ਬੋਰਡ ਵੱਲੋਂ ਜਾਰੀ ਕੀਤੇ ਜਾਣ ਵਾਲੇ ਸਰਟੀਫਿਕੇਟਾਂ ਦੀ ਭਰੋਸੇ ਯੋਗਤਾ ਵਧੇਗੀ ਅਤੇ ਉਚੇਰੀ ਸਿੱਖਿਆ, ਰੁਜ਼ਗਾਰ ਤੇ ਵਿਦੇਸ਼ ਵਾਸਤੇ ਤੇਜ਼ੀ ਨਾਲ ਤਸਦੀਕ ਯਕੀਨੀ ਬਣੇਗੀ।
ਉਨ੍ਹਾਂ ਦੱਸਿਆ ਕਿ ਇਹ ਸਹੂਲਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੌਜੂਦਾ ਤੇ ਸਾਬਕਾ ਵਿਦਿਆਰਥੀਆਂ ਲਈ ਉਪਲੱਬਧ ਹੈ, ਜਿਨ੍ਹਾਂ ਨੂੰ ਸਿੱਖਿਆ ਬੋਰਡ ਵੱਲੋਂ ਜਾਰੀ ਮਾਰਕ-ਸ਼ੀਟਾਂ ਅਤੇ ਸਰਟੀਫਿਕੇਟਾਂ ਦੀ ਉਚੇਰੀ ਸਿੱਖਿਆ, ਰੁਜ਼ਗਾਰ, ਪੇਸ਼ੇਵਰ ਲੋੜਾਂ ਅਤੇ ਵਿਦੇਸ਼ਾਂ ਵਿਚ ਤਸਦੀਕ ਕਰਵਾਉਣ ਦੀ ਲੋੜ ਹੋਵੇ। ਵਿਧਾਇਕ ਸੰਧੂ ਨੇ ਦੱਸਿਆ ਕਿ ਪੰਜਾਬ ਈ-ਸਨਦ ਨੂੰ ਲਾਗੂ ਕਰਨ ਵਾਲਾ ਭਾਰਤ ਦਾ ਦੂਜਾ ਸੂਬਾ ਬਣ ਗਿਆ ਹੈ, ਜੋ ਕਿ ਬੋਰਡ ਦੀ ਡਿਜੀਟਲ ਗਵਰਨੈਂਸ ਅਤੇ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਇਸਦੇ ਵਿੱਦਿਅਕ ਸਰਟੀਫਿਕੇਟਾਂ ਦੀ ਵਿਸ਼ਵ ਵਿਆਪੀ ਭਰੋਸੇ ਯੋਗਤਾ ਨੂੰ ਵਧਾਉਂਦਾ ਹੈ।
ਉਨ੍ਹਾਂ ਕਿਹਾ ਕਿ ਬੋਰਡ ਨਾਲ ਸਬੰਧਤ ਸਕੂਲਾਂ ਤੋਂ ਸਾਲਾਨਾ ਪਾਸ ਹੋਣ ਵਾਲੇ ਲਗਭਗ 3 ਲੱਖ ਵਿਦਿਆਰਥੀਆਂ ਅਤੇ ਪਿਛਲੇ ਸਾਲਾਂ ਦੇ ਪਾਸ-ਆਊਟ ਵਿਦਿਆਰਥੀ ਹੁਣ ਇਸ ਸੇਵਾ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਈ-ਸਨਦ ਤਹਿਤ, ਬੋਰਡ ਵੱਲੋਂ ਆਪਣੇ ਰਿਕਾਰਡਾਂ ਮੁਤਾਬਿਕ ਦਸਤਾਵੇਜ਼ਾਂ ਦੀ ਡਿਜ਼ੀਟਲ ਤੌਰ ’ਤੇ ਤਸਦੀਕ ਕੀਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਵਿਦੇਸ਼ ਮੰਤਰਾਲੇ ਐੱਮਈਏ ਰਾਹੀਂ ਪ੍ਰਮਾਣਿਤ ਕੀਤਾ ਜਾਂਦਾ ਹੈ। ਇਹ ਸੇਵਾ ਹੇਗ ਕਨਵੈਨਸ਼ਨ ਦੇਸ਼ਾਂ ਅਪੋਸਟਿਲ ਤੇ ਗੈਰ-ਹੇਗ ਦੇਸ਼ਾਂ ਐੱਮਈਏ ਦੇ ਨਾਲ ਦੂਤਾਵਾਸ ਤਸਦੀਕ, ਜੇਕਰ ਲੋੜ ਹੋਵੇ ਤਾਂ, ਉਸ ਨੂੰ ਕਵਰ ਕਰਦੀ ਹੈ।