ਜਨਕਤ ਜਥੇਬੰਦੀਆਂ ਨੇ ਪੁਲਿਸ ਵਧੀਕੀਆਂ ਵਿਰੁੱਧ ਥਾਣਾ ਖਾਲੜਾ ਅੱਗੇ ਦਿੱਤਾ ਧਰਨਾ
ਜੇਕਰ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਜਨਤਕ ਜਥੇਬੰਦੀਆਂ ਸਾਂਝੇ ਮੋਰਚੇ ਵੱਲੋਂ 12 ਅਪ੍ਰੈਲ ਨੂੰ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ
Publish Date: Wed, 01 Apr 2026 06:40 PM (IST)
Updated Date: Wed, 01 Apr 2026 06:46 PM (IST)

ਸਰਬਜੀਤ ਸਿੰਘ ਛੀਨਾ, •ਪੰਜਾਬੀ ਜਾਗਰਣ, ਖਾਲੜਾ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਪੁਲਿਸ ਕਥਿਤ ਪੁਲਿਸ ਵਧੀਕੀਆਂ ਖ਼ਿਲਾਫ਼ ਥਾਣਾ ਖਾਲੜਾ ਦੇ ਐੱਸਐੱਚਓ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ। ਜਿਸ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਸਵੰਤ ਸਿੰਘ ਭਿੱਖੀਵਿੰਡ ਤੇ ਗੱਜਣ ਸਿੰਘ ਨਾਰਲਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਬਲਦੇਵ ਸਿੰਘ ਅਹਿਮਦਪੁਰ ਨੇ ਕੀਤੀ। ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਦਲਜੀਤ ਸਿੰਘ ਦਿਆਲਪੁਰਾ ਨੇ ਕਿਹਾ ਕਿ ਪਿੰਡ ਵਾਂ ਦੇ ਗ਼ਰੀਬ ਕਿਸਾਨ ਗੁਰਦਿਆਲ ਸਿੰਘ ਦੀ ਮਾਲਕੀ ਜਗ੍ਹਾ 6 ਮਰਲੇ ਪਿੰਡ ’ਚ ਸੀ। ਜਿਸ ਦੀ ਰਜਿਸਟਰੀ, ਜਮ੍ਹਾਂਬੰਦੀ, ਗਿਰਦਾਵਰੀ, ਇੰਤਕਾਲ ਵੀ ਗੁਰਦਿਆਲ ਸਿੰਘ ਦੇ ਨਾਮ ਦਰਜ ਹੈ। ਉਸ ਜਗ੍ਹਾ ’ਤੇ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਕਥਿਤ ਤੌਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸੇ ਤਰ੍ਹਾਂ ਹੀ ਪਿੰਡ ਮੁਗਲਚੱਕ ਦੇ ਮਜ਼ਦੂਰ ਆਗੂ ਸਵਿੰਦਰ ਸਿੰਘ ਚੱਕ ਦੇ ਘਰ ’ਚ ਹੋਈ ਲੁੱਟ ਦੌਰਾਨ ਚੋਰਾਂ ਵੱਲੋਂ ਰਸੋਈ ਸਿਲੰਡਰਾਂ ਨੂੰ ਚੋਰੀ ਕਰ ਲਿਆ ਗਿਆ ਤੇ ਚੋਰਾਂ ਦੀ ਸ਼ਨਾਖ਼ਤ ਵੀ ਹੋਈ ਹੈ। ਪਰ ਐੱਸਐੱਚਓ ਖਾਲੜਾ ਵੱਲੋਂ ਚੋਰਾਂ ਨੂੰ ਫੜ ਕੇ ਛੱਡ ਦਿੱਤਾ ਗਿਆ ਹੈ ਤੇ ਚੋਰਾਂ ਦੀ ਪਿੱਠ ਥਾਪੜੀ ਜਾ ਰਹੀ ਹੈ। ਆਗੂਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਜਨਤਕ ਜਥੇਬੰਦੀਆਂ ਸਾਂਝੇ ਮੋਰਚੇ ਵੱਲੋਂ 12 ਅਪ੍ਰੈਲ ਨੂੰ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਜਥੇਬੰਦੀਆਂ ਦੇ ਸੀਨੀਅਰ ਆਗੂ ਕੇਵਲ ਸਿੰਘ ਕੰਬੋਕੇ, ਹਰਜਿੰਦਰ ਸਿੰਘ ਚੂੰਗ, ਸੰਤੋਖ ਸਿੰਘ ਮੱਖੀ ਕਲਾਂ, ਜਸਵੰਤ ਸਿੰਘ ਬਾਸਰਕੇ, ਜਗੀਰ ਸਿੰਘ ਗੰਡੀਵਿੰਡ ਆਦਿ ਆਗੂ ਹਾਜ਼ਰ ਸਨ।