ਸੂਬੇ ਦੀਆਂ ਮੰਗਾਂ ਤੇ ਸ਼ੇਰੋਂ ਖੰਡ ਮਿੱਲ ਨੂੰ ਲੈ ਕੇ ਕਿਸਾਨਾਂ ਦਿੱਤਾ ਧਰਨਾ
ਪੰਜਾਬ ਦੀਆਂ ਮੰਗਾਂ ਤੇ ਸ਼ੇਰੋਂ ਖੰਡ ਮਿੱਲ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਧਰਨਾ
Publish Date: Mon, 06 Apr 2026 06:26 PM (IST)
Updated Date: Tue, 07 Apr 2026 04:06 AM (IST)

ਪੱਤਰ ਪ੍ਰੇਰਕ,• ਪੰਜਾਬੀ ਜਾਗਰਣ, ਤਰਨਤਾਰਨ : ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ’ਤੇ ਸੋਮਵਾਰ ਨੂੰ ਸਾਰੇ ਜ਼ਿਲ੍ਹਾ ਹੈੱਡ ਕੁਆਰਟਰਾਂ ਉਪਰ ਪੰਜਾਬ ਦੀਆਂ ਮੰਗਾਂ ਵਾਸਤੇ ਧਰਨੇ ਦਿੱਤੇ ਗਏ। ਇਸ ਐਕਸ਼ਨ ਨੂੰ ਲਾਗੂ ਕਰਦਿਆਂ ਤਰਨਤਾਰਨ ’ਚ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਨੇੜੇ ਸ਼ੇਰੋਂ ਖੰਡ ਮਿੱਲ ਵਿਖੇ ਕਿਸਾਨਾਂ ਨੇ ਵਿਸ਼ਾਲ ਧਰਨਾ ਲਾਇਆ। ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਪਿੰਡਾਂ ਤੋਂ ਕਿਸਾਨ ਤੇ ਮਜ਼ਦੂਰ ਸ਼ਾਮਿਲ ਹੋਏ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਵੱਖ-ਵੱਖ ਸਥਾਨ ਜਥੇਬੰਦੀਆਂ ਦੇ ਅਮੋਲਕ ਸਿੰਘ ਗੋਰਖਾ, ਸੁਖਚੈਨ ਸਿੰਘ ਸਰਹਾਲੀ, ਕੇਵਲ ਸਿੰਘ ਕੰਬੋਕੇ, ਦਵਿੰਦਰ ਸੋਹਲ, ਤਰਸੇਮ ਸਿੰਘ ਲੁਹਾਰ, ਮੇਹਰ ਸਿੰਘ ਸਖੀਰਾ, ਜੱਸਾ ਸਿੰਘ ਕੱਦਗਿੱਲ, ਮਨਜੀਤ ਸਿੰਘ, ਲਖਬੀਰ ਸਿੰਘ ਨਿੱਝਰ, ਇੰਦਰਜੀਤ ਸਿੰਘ ਮਰਹਾਣਾ ਤੇ ਚਮਨ ਲਾਲ ਦਰਾਜ ਕੇ ਸ਼ਾਮਿਲ ਹੋਏ। ਇਸ ਵਿਸ਼ਾਲ ਕਿਸਾਨ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ ਆਗੂਆਂ ਭੁਪਿੰਦਰ ਸਿੰਘ ਪੰਡੋਰੀ, ਹਰਜਿੰਦਰ ਸਿੰਘ ਟਾਂਡਾ, ਨਛੱਤਰ ਸਿੰਘ ਪੰਨੂ, ਮੇਜਰ ਸਿੰਘ ਭਿੱਖੀਵਿੰਡ, ਮਹਾਂਬੀਰ ਸਿੰਘ ਗਿੱਲ, ਪ੍ਰਗਟ ਸਿੰਘ ਮਹਿੰਦੀਪੁਰ, ਬਾਬਾ ਸੁਲੱਖਣ ਸਿੰਘ ਮੁੰਢਾਲਾ, ਗੁਰਚਰਨ ਸਿੰਘ ਸਭਰਾ, ਜਰਨੈਲ ਸਿੰਘ ਬੱਠੇ ਭੈਣੀ, ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਨਾਲ ਬਹੁਤ ਵੱਡਾ ਵਿਤਕਰਾ ਹੋਇਆ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜੋ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਹੀ ਬਣੀ ਸੀ, ਉਹ ਪੰਜਾਬ ਨੂੰ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਪੰਜਾਬ ਦੀ ਸਭ ਤੋਂ ਵੱਡੀ ਨਿਆਮਤ ਦਰਿਆਈ ਪਾਣੀ ਪੰਜਾਬ ਨੂੰ ਕਦੀ ਵੀ ਪੂਰਾ ਨਹੀਂ ਮਿਲਿਆ। ਪੰਜਾਬ ਦੀ ਵਰਤੋਂ ਤੋਂ ਵੱਧ ਦੂਜੀਆਂ ਸਟੇਟਾਂ ਨੂੰ ਪਾਣੀ ਦਿੱਤਾ ਜਾ ਰਿਹਾ ਹੈ। ਰਾਜਸਥਾਨ ਨੂੰ ਵੱਡੀ ਮਾਤਰਾ ਵਿਚ ਪਾਣੀ ਬਿਨ੍ਹਾਂ ਕੁਝ ਲਏ ਮੁਫਤ ਦਿੱਤਾ ਜਾ ਰਿਹਾ ਹੈ। ਜੋ ਕਿ ਪੰਜਾਬ ਨਾਲ ਬਹੁਤ ਵੱਡਾ ਧੱਕਾ ਹੈ, ਜਦੋਂਕਿ ਕਿਸੇ ਵੀ ਸਟੇਟ ਦੀ ਦੌਲਤ ਦੂਜੀ ਸਟੇਟ ਨੂੰ ਦਿੱਤੀ ਜਾਵੇ, ਤਾਂ ਉਸਦਾ ਮੁੱਲ ਮਿਲਣਾ ਲਾਜ਼ਮੀ ਹੈ। ਪੰਜਾਬੀ ਬੋਲੀ ਨੂੰ ਵੀ ਅੱਜ ਤਕ ਬਣਦਾ ਮਾਣ ਨਹੀਂ ਮਿਲਿਆ। ਇਸ ਤੋਂ ਇਲਾਵਾ ਮੰਗ ਕੀਤੀ ਗਈ ਬਿਜਲੀ ਬਿੱਲ, ਬੀਜ ਬਿੱਲ 2025 ਅਤੇ ਨਵੀਂ ਸਿੱਖਿਆ ਨੀਤੀ ਵਾਪਸ ਲਈ ਜਾਵੇ। ਕਿਉਂਕਿ ਇਹ ਸਭ ਕੁਝ ਲੋਕਾਂ ਦੇ ਵਿਰੁੱਧ ਹੈ ਅਤੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਹੈ। ਇਸ ਮੌਕੇ ਕਿਸਾਨ ਆਗੂਆਂ ਇਹ ਵੀ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਦੀ ਸ਼ੇਰੋਂ ਖੰਡ ਮਿੱਲ, ਜਿਸ ਦੀ 100 ਏਕੜ ਜ਼ਮੀਨ ਵੱਖ-ਵੱਖ ਏਜੰਸੀਆਂ ਅਤੇ ਪ੍ਰਾਈਵੇਟ ਅਦਾਰਿਆਂ ਨੂੰ ਵੰਡ ਕੇ ਉਸ ਦੀ ਨਜਾਇਜ਼ ਵਰਤੋਂ ਕੀਤੀ ਜਾ ਰਹੀ ਹੈ। ਪਿੰਡ ਸ਼ੇਰੋਂ ਨਾਲ ਜੁੜਦੀ 20 ਏਕੜ ਜ਼ਮੀਨ ਪਨਗ੍ਰੇਨ ਕੰਪਨੀ ਨੂੰ ਗੁਦਾਮ ਬਣਾਉਣ ਲਈ ਦੇ ਦਿੱਤੀ ਗਈ ਹੈ। ਜਿਸ ਨੇ ਕਿ ਆਪਣੀ ਉਸਾਰੀ ਸ਼ੁਰੂ ਵੀ ਕਰ ਦਿੱਤੀ ਹੈ। ਉਹ ਗੁਦਾਮ ਬਣਨ ਨਾਲ ਪਿੰਡ ਸ਼ੇਰੋਂ ਤੇ ਨੇੜਲੇ ਹੋਰ ਪਿੰਡਾਂ ਦੀ ਜ਼ਿੰਦਗੀ ਬਹੁਤ ਦੁੱਭਰ ਹੋਵੇਗੀ। ਕਿਉਂਕਿ ਗੁਦਾਮ ਦੇ ਤਿੰਨ ਕਿਲੋਮੀਟਰ ਇਲਾਕੇ ਦੇ ਅੰਦਰ-ਅੰਦਰ ਗੁਦਾਮਾਂ ਵਿਚ ਪੈਦਾ ਹੋਈ ਸੁਸਰੀ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦੀ ਹੈ। ਇਸ ਕਰ ਕੇ ਇਹ ਜੋ ਵੀ ਸਰਕਾਰ ਕਰ ਰਹੀ ਹੈ ਨਾਂ ਤਾਂ ਹਿੱਸੇਦਾਰ ਕਿਸਾਨਾਂ ਨਾਲ ਕੋਈ ਸਲਾਹ ਕੀਤੀ ਗਈ ਹੈ। ਨਾਂ ਹੀ ਕੋਈ ਜਨਤਕ ਅਦਾਰਿਆਂ ਨਾਲ, ਕਿਉਂਕਿ ਇਥੇ ਤਰਨਤਾਨ ਜ਼ਿਲ੍ਹੇ ਵਿਚ ਇੱਕੋ ਇਕ ਫੈਕਟਰੀ ਸੀ। ਸ਼ੂਗਰ ਮਿੱਲ ਸ਼ੇਰੋਂ ਜਿਸ ਨਾਲ ਹਜ਼ਾਰਾਂ ਕਿਸਾਨਾਂ ਦੇ ਮਜ਼ਦੂਰਾਂ ਨੂੰ ਸਿੱਧਾ ਤੇ ਅਸਿੱਧਾ ਰੁਜ਼ਗਾਰ ਮਿਲਦਾ ਸੀ ਤੇ ਮੰਡ ਵਿਚ ਡੁੱਬਦੀ ਹਰ ਸਾਲ ਫਸਲ ਗੰਨੇ ਦੇ ਰੂਪ ਵਿਚ ਸਗੋਂ ਲੋਕਾਂ ਨੂੰ ਖੁਸ਼ਹਾਲ ਬਣਾ ਰਹੀ ਸੀ। ਪਰ ਇਹ ਖੰਡ ਮਿੱਲ ਬੰਦ ਕਰਕੇ ਸਰਕਾਰਾਂ ਨੇ ਤਰਨਤਾਰਨ ਜ਼ਿਲ੍ਹੇ ਨਾਲ ਧ੍ਰੋਹ ਕਮਾਇਆ ਹੈ। ਸੰਯੁਕਤ ਕਿਸਾਨ ਮੋਰਚਾ ਮੰਗ ਕਰਦਾ ਹੈ ਕਿ ਇਸ ਦੀ ਨਜਾਇਜ਼ ਵਰਤੋਂ ਰੋਕ ਕੇ ਤੁਰੰਤ ਖੰਡ ਮਿੱਲ ਮੁੜ ਚਾਲੂ ਕੀਤੀ ਜਾਵੇ, ਤਾਂ ਜੋ ਉਸ ਦਾ ਵੱਡਾ ਮੁਨਾਫਾ ਸਰਕਾਰ ਤੇ ਲੋਕਾਂ ਦੇ ਹੱਥਾਂ ਤਕ ਪਹੁੰਚ ਸਕੇ। ਇਸ ਮੌਕੇ ਸੰਬੋਧਨ ਕਰਨ ਵਾਲੇ ਹੋਰ ਆਗੂਆਂ ਵਿਚ ਬਲਕਾਰ ਸਿੰਘ ਵਲਟੋਹਾ, ਧਰਮ ਸਿੰਘ ਪੱਟੀ, ਚਰਨ ਤਰਨਤਾਰਨ, ਸੁਖਦੇਵ ਸਿੰਘ ਜਵੰਦਾ, ਸ਼ਹਿਬਾਜ਼ ਸਿੰਘ, ਕੱਥਾ ਸਿੰਘ, ਰੇਸ਼ਮ ਸਿੰਘ ਫੈਲੋਕੇ, ਗੁਰਦਿਆਲ ਸਿੰਘ ਵਰਨਾਲਾ ਨੇ ਵੀ ਸੰਬੋਧਨ ਕੀਤਾ। ਇਸ ਧਰਨੇ ਦੀ ਸਮਾਪਤੀ ਉਪਰੰਤ ਗਵਰਨਰ ਪੰਜਾਬ ਦੇ ਨਾਂ ਮੰਗ ਪੱਤਰ ਭੇਜਿਆ ਗਿਆ। ਸਯੁੰਕਤ ਕਿਸਾਨ ਮੋਰਚੇ ਵੱਲੋਂ ਫ਼ੈਸਲਾ ਕੀਤਾ ਗਿਆ ਕਿ 10 ਅਪ੍ਰੈਲ ਨੂੰ 1 ਵਜੇ ਗਾਂਧੀ ਪਾਰਕ ਮੀਟਿੰਗ ਕਰਕੇ ਸ਼ੇਰੋਂ ਖੰਡ ਮਿੱਲ ਬਚਾਉਣ ਲਈ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।