ਆਸ਼ਾ ਵਰਕਰਜ਼ ਸਾਂਝਾ ਮੋਰਚਾ ਨੇ ਮੁੱਖ ਮੰਤਰੀ ਦਾ ਸਾੜਿਆ ਪੁਤਲਾ
ਆਸ਼ਾ ਵਰਕਰਜ਼ ਸਾਂਝਾ ਮੋਰਚਾ ਨੇ ਸਿਵਲ ਸਰਜਨ ਦਫ਼ਤਰ ’ਚ ਫੂਕਿਆ ਮੁੱਖ ਮੰਤਰੀ ਦਾ ਪੁਤਲਾ
Publish Date: Thu, 19 Mar 2026 06:54 PM (IST)
Updated Date: Fri, 20 Mar 2026 04:13 AM (IST)

ਗੁਰਪ੍ਰੀਤ ਸਿੰਘ ਕੱਦਗਿੱਲ, •ਪੰਜਾਬੀ ਜਾਗਰਣ, ਤਰਨਤਾਰਨ : ਆਸ਼ਾ ਵਰਕਰ ਯੂਨੀਅਨ ਸਾਂਝਾ ਮੋਰਚਾ ਪੰਜਾਬ ਜ਼ਿਲ੍ਹਾ ਤਰਨਤਾਰਨ ਦੇ ਜ਼ਿਲ੍ਹਾ ਆਗੂ ਸੀਮਾ ਸੋਹਲ, ਮਨਦੀਪ ਕੌਰ ਝਬਾਲ, ਮਨਜੀਤ ਕੌਰ ਗੋਹਲਵੜ੍ਹ, ਸੰਦੀਪ ਕੌਰ ਤਰਨਤਾਰਨ, ਦੀ ਅਗਵਾਈ ਵਿਚ ਸਿਵਲ ਸਰਜਨ ਦਫ਼ਤਰ ਤਰਨਤਾਰਨ ਵਿਖੇ ਇਕੱਠੇ ਹੋ ਕੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਅੱਜ ਤੀਸਰੇ ਦਿਨ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਆਸ਼ਾ ਵਰਕਰਜ਼ ਆਗੂਆਂ ਮੰਗ ਕੀਤੀ ਕਿ ਆਸ਼ਾ ਵਰਕਰਜ਼/ ਫੈਸੀਲਿਟੇਟਰਜ ਪਿਛਲੇ 18 ਸਾਲ ਤੋਂ ਬੜੀ ਮਿਹਨਤ ਨਾਲ ਸਿਹਤ ਵਿਭਾਗ ਵਿਚ ਦਿਨ ਰਾਤ ਕੰਮ ਕਰਦੀਆਂ ਹਨ, ਪਰ ਬਦਲੇ ਵਿਚ ਉਨ੍ਹਾਂ ਨੂੰ ਨਿਗੂਣੇ ਭੱਤੇ ਅਤੇ ਕੇਵਲ 2500 ਰੁਪਏ ਮਹੀਨੇ ਦਿੱਤਾ ਜਾਂਦਾ ਹੈ, ਜੋ ਇਕ ਸਰਕਾਰੀ ਵਰਕਰ ਨਾਲ ਕੋਝਾ ਮਜ਼ਾਕ ਹੈ। ਪੰਜਾਬ ਸਰਕਾਰ ਨੇ ਉਨ੍ਹਾਂ ਨਾਲ ਵਾਅਦਾ ਖਿਲਾਫੀ ਕਰਦਿਆਂ ਚਾਰ ਸਾਲ ਬੀਤ ਜਾਣ ਦੇ ਬਾਵਜੂਦ 8 ਮਾਰਚ ਤੋਂ 11 ਮਾਰਚ ਨੂੰ ਪੇਸ਼ ਕੀਤੇ ਬਜਟ ਵਿਚ ਆਸ਼ਾ ਵਰਕਰਜ਼ ਲਈ ਕੁਝ ਵੀ ਨਹੀ ਰੱਖਿਆ, ਜਿਸ ਕਰਕੇ ਸਾਨੂੰ ਮਜ਼ਬੂਰ ਹੋ ਕੇ 16 ਮਾਰਚ ਤੋਂ 28 ਮਾਰਚ ਤੱਕ ਸਾਰੇ ਕੰਮਾਂ ਦਾ ਬਾਈਕਾਟ ਕਰਨਾ ਪਿਆ। ਇਸ ਕੜੀ ਤਹਿਤ ਪੂਰੇ ਪੰਜਾਬ ਵਿਚ ਰੋਸ ਧਰਨੇ ਪ੍ਰਦਰਸ਼ਨ ਦੌਰਾਨ ਵੀਰਵਾਰ ਨੂੰ ਤੀਸਰੇ ਦਿਨ ਸਿਵਲ ਸਰਜਨ ਦਫ਼ਤਰ ਤਰਨਤਾਰਨ ਵਿਖੇ ਵੱਡੀ ਗਿਣਤੀ ਚੋ ਇਕੱਠੇ ਹੋ ਕੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕਰਦਿਆਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਨੀਲੂ ਝਬਾਲ, ਰੂਪਵਿੰਦਰ ਕੌਰ, ਪਰਮਜੀਤ ਕੌਰ ਮਾਲੂਵਾਲ, ਪ੍ਰਭਜੀਤ ਕੌਰ, ਰਾਜਵਿੰਦਰ ਕੌਰ ਮਾਣੋਚਾਲ, ਜਗਦੀਸ਼ ਕੌਰ ਬਹਿਲਾ, ਪੂਨਮ ਤਰਨਤਾਰਨ, ਪੱਲਵੀ, ਰਾਜ ਸ਼ਰਮਾ ਪੰਜਵੜ੍ਹ, ਗੁਰਪ੍ਰੀਤ ਕੌਰ ਵਾਂ, ਕੰਵਲਜੀਤ ਕੌਰ ਤਰਨਤਾਰਨ, ਅਮਰਜੀਤ ਕੌਰ ਮੰਨਣ, ਸਿੰਦਰਪਾਲ ਕੌਰ ਕੱਦਗਿਲ, ਦਵਿੰਦਰ ਕੌਰ, ਪੂਨਮ ਕੁਮਾਰੀ ਤਰਨਤਾਰਨ ਆਦਿ ਆਗੂ ਹਾਜਰ ਸਨ।