ਪੱਤਰਕਾਰ ਭਾਈਚਾਰੇ ਤੇ ਹੋਰ ਜਥੇਬੰਦੀਆਂ ਨੇ ਥਾਣੇ ਮੂਹਰੇ ਲਾਇਆ ਧਰਨਾ
ਪੰਜਾਬੀ ਜਾਗਰਣ ਦੇ ਪੱਤਰਕਾਰ ਰਾਜਵਿੰਦਰ ਰਾਜੂ ਦੀ ਪਤਨੀ ਦੀ ਮੌਤ ਮਾਮਲਾ...
Publish Date: Thu, 12 Mar 2026 06:45 PM (IST)
Updated Date: Fri, 13 Mar 2026 04:09 AM (IST)

ਮਾਮਲਾ ਪੱਤਰਕਾਰ ਰਾਜਵਿੰਦਰ ਰਾਜੂ ਦੀ ਪਤਨੀ ਦੀ ਮੌਤ...,ਗੱਡੀ ਚਲਾ ਰਹੇ ਐੱਨਆਰਆਈ ਨੂੰ ਕੇਸ ’ਚ ਨਾਮਜ਼ਦ ਨਾ ਕਰਨ ਦਾ ਦੋਸ਼ ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਕਸਬਾ ਵਲਟੋਹਾ ਤੋਂ ‘ਪੰਜਾਬੀ ਜਾਗਰਣ’ ਦੇ ਪੱਤਰਕਾਰ ਰਾਜਵਿੰਦਰ ਸਿੰਘ ਰਾਜੂ ਦੀ ਧਰਮ ਪਤਨੀ ਕੰਵਲਜੀਤ ਕੌਰ ਦਾ ਕੁਝ ਦਿਨ ਪਹਿਲਾਂ ਸੜਕ ਹਾਦਸੇ ’ਚ ਦੇਹਾਂਤ ਹੋ ਗਿਆ ਸੀ ਪਰ ਪੁਲਿਸ ਨੇ ਇਸ ਘਟਨਾ ਸਬੰਧੀ ਦਰਜ ਕਰ ਕੇ ਇਕ ਵਿਅਕਤੀ ਨੂੰ ਨਾਮਜ਼ਦ ਵੀ ਕਰ ਲਿਆ ਸੀ ਪਰ ਹਾਦਸੇ ਦਾ ਇਹ ਮਾਮਲਾ ਉਸ ਵੇਲੇ ਗੰਭੀਰ ਰੂਪ ਧਾਰਨ ਕਰ ਗਿਆ, ਜਦੋਂ ਕੇਸ ਵਿਚ ਨਾਮਜ਼ਦ ਕੀਤਾ ਗਿਆ ਡਰਾਈਵਰ ਫਰਜੀ ਪਾਏ ਜਾਣ ਦੇ ਚੱਲਦਿਆਂ ਵੀਰਵਾਰ ਨੂੰ ਪੱਤਰਕਾਰ ਭਾਈਚਾਰੇ ਤੇ ਹੋਰ ਜਥੇਬੰਦੀਆਂ ਨੇ ਥਾਣਾ ਚੱਕਾ ਪੱਕਾ ਅੱਗੇ ਧਰਨਾ ਲਗਾ ਦਿੱਤਾ। ਹਾਲਾਂਕਿ ਇਸ ਦੌਰਾਨ ਰਾਜਵਿੰਦਰ ਸਿੰਘ ਰਾਜੂ ਨੇ ਇਨਸਾਫ ਨਾ ਮਿਲਣ ਦੇ ਚੱਲਦਿਆਂ ਬੱਚਿਆਂ ਸਮੇਤ ਆਤਮਦਾਹ ਦੀ ਚੇਤਾਵਨੀ ਵੀ ਦੇ ਦਿੱਤੀ। ਧਰਨੇ ਵਿਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਤੋਂ ਇਲਾਵਾ ਵੱਖ-ਵੱਖ ਸਮਾਜਿਕ ਸੰਸਥਾਵਾਂ ’ਤੇ ਰਾਜਨੀਤਿਕ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ ਗਈ ਅਤੇ ਦੋਸ਼ ਲਾਇਆ ਗਿਆ ਕਿ ਪੁਲਿਸ ਨੇ ਜਾਣਬੁੱਝ ਕੇ ਅਸਲ ਮੁਲਜ਼ਮਾਂ ਨੂੰ ਕੇਸ ਵਿਚ ਨਾਮਜ਼ਦ ਨਹੀਂ ਕੀਤਾ। ਧਰਨੇ ਵਿਚ ਪੱਤਰਕਾਰ ਰਾਜਵਿੰਦਰ ਸਿੰਘ ਰਾਜੂ ਇਨਸਾਫ਼ ਲੈਣ ਲਈ ਆਪਣੇ ਬੱਚਿਆਂ ਸਮੇਤ ਦਰੀਆਂ ’ਤੇ ਬੈਠੇ। ਉਨ੍ਹਾਂ ਕਿਹਾ ਕਿ ਇਸ ਹਾਦਸੇ ਨਾਲ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ ਹੈ ਪਰ ਇਸ ਦੇ ਬਾਵਜੂਦ ਪੁਲਿਸ ਵੱਲੋਂ ਮਾਮਲੇ ਵਿਚ ਲਾਪਰਵਾਹੀ ਵਰਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਮਲੇ ’ਚ ਇਕ ਐੱਨਆਰਆਈ ਨੇ ਪੁਲਿਸ ਨੂੰ ਮੋਟੀ ਰਕਮ ਦੇ ਕੇ ਆਪਣਾ ਨਾਂ ਕੇਸ ਵਿੱਚੋਂ ਬਾਹਰ ਕੱਢਵਾ ਲਿਆ ਹੈ, ਜਦੋਂਕਿ ਕਾਰ ਚਲਾਉਣ ਵਾਲੇ ਅਸਲ ਮੁਲਜ਼ਮ ਨੂੰ ਅਜੇ ਤੱਕ ਨਾਮਜ਼ਦ ਨਹੀਂ ਕੀਤਾ ਗਿਆ। ਧਰਨੇ ਵਿਚ ਸਤਨਾਮ ਸਿੰਘ ਮਨਾਵਾਂ ਪ੍ਰਧਾਨ ਨੇ ਕਿਹਾ ਕਿ ਪੁਲਿਸ ਵੱਲੋਂ ਪਹਿਲਾਂ ਭਰੋਸਾ ਦਿਵਾਇਆ ਗਿਆ ਸੀ ਕਿ ਅਸਲ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸ ਕਾਰਨ ਪੱਤਰਕਾਰ ਭਾਈਚਾਰੇ ਨੂੰ ਮਜਬੂਰ ਹੋ ਕੇ ਧਰਨਾ ਲਗਾਉਣਾ ਪਿਆ ਹੈ। ਪਿਛੋਰਾ ਸਿੰਘ ਪਨੂੰ ਅਤੇ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਮੰਨੇ ਜਾਂਦੇ ਹਨ ਅਤੇ ਜੇਕਰ ਅੱਜ ਪੱਤਰਕਾਰਾਂ ਨੂੰ ਹੀ ਇਨਸਾਫ ਨਹੀਂ ਮਿਲ ਰਿਹਾ ਤਾਂ ਆਮ ਲੋਕਾਂ ਲਈ ਇਨਸਾਫ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਉਨ੍ਹਾਂ ਪੁਲਿਸ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਪ੍ਰਸ਼ਾਸਨ ਮੁਲਜ਼ਮਾਂ ਦੀ ਮਦਦ ਕਰ ਰਿਹਾ ਹੈ ਤੇ ਅਸਲ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਮੀਤ ਸਿੰਘ ਵਲਟੋਹਾ, ਦਲਜੀਤ ਸਿੰਘ ਅਲਗੋਂ ਭਾਜਪਾ ਆਗੂ, ਕਸ਼ਮੀਰ ਸਿੰਘ ਨਵਾਦਾ ਅਤੇ ਸੰਨੀ ਅਮਰਕੋਟ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਦੁਖਦਾਈ ਹੈ। ਇਕ ਮਾਂ ਦੀ ਮੌਤ ਨਾਲ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ ਹੈ। ਪੁਲਿਸ ਨੂੰ ਤੁਰੰਤ ਅਸਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਪੱਤਰਕਾਰ ਸਮਾਜ ਦੀ ਆਵਾਜ਼ ਹੁੰਦੇ ਹਨ ਪਰ ਅੱਜ ਪੱਤਰਕਾਰਾਂ ਨੂੰ ਹੀ ਇਨਸਾਫ ਨਹੀਂ ਮਿਲ ਰਿਹਾ, ਜੋ ਬਹੁਤ ਚਿੰਤਾਜਨਕ ਗੱਲ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਭਾਈਚਾਰਾ ਇਕੱਠਾ ਹੋ ਕੇ ਸੰਘਰਸ਼ ਕਰ ਰਿਹਾ ਹੈ ਤੇ ਇਨਸਾਫ ਮਿਲਣ ਤੱਕ ਇਹ ਲੜਾਈ ਜਾਰੀ ਰਹੇਗੀ। ਡੀਐੱਸਪੀ ਹਰਜੋਤ ਸਿੰਘ ਧਰਨੇ ਵਿਚ ਪਹੁੰਚੇ ਤੇ ਵਿਸ਼ਵਾਸ ਦਿੱਤਾ ਕਿ ਕਾਰਵਾਈ ਵਿਚ ਕੋਈ ਢਿੱਲ ਨਹੀਂ ਛੱਡੀ ਜਾਵੇਗੀ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਹਾਦਸੇ ਸਬੰਧੀ ਕੱਚਾ ਪੱਕਾ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਵਿਚ ਡਰਾਈਵਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਪਰਿਵਾਰ ਵੱਲੋਂ ਇਸ ਮਾਮਲੇ ਵਿਚ ਹੋਈ ਕਾਰਵਾਈ ’ਚ ਕਮੀ ਹੋਣ ਦੀ ਗੱਲ ਸਾਹਮਣੇ ਲਿਆਂਦੀ ਗਈ ਹੈ। ਜਿਸ ਦੇ ਚੱਲਦਿਆਂ ਇਸ ਕੇਸ ਦੀ ਜਾਂਚ ਥਾਣਾ ਕੱਚਾ ਪੱਕਾ ਤੋਂ ਥਾਣਾ ਭਿੱਖੀਵਿੰਡ ਵਿਖੇ ਤਬਦੀਲ ਕਰ ਦਿੱਤੀ ਗਈ ਹੈ ਤੇ ਥਾਣਾ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਜਾਂਚ ਲਈ ਡਿਊਟੀ ਲਗਾਈ ਹੈ। ਨਾਲ ਹੀ ਡੀਐੱਸਪੀ ਭਿੱਖੀਵਿੰਡ ਨੂੰ ਇਸ ਸਾਰੇ ਮਾਮਲੇ ਦੀ ਸੁਪਰਵੀਜਨ ਲਈ ਕਿਹਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਥਾਣਾ ਕੱਚਾ ਪੱਕਾ ਦੇ ਮੁਖੀ ਅਤੇ ਕੇਸ ਦੇ ਇਨਵੈਸਟੀਗੇਸ਼ਨ ਅਫਸਰ ਦੀ ਜੇਕਰ ਇਸ ਮਾਮਲੇ ਵਿਚ ਅਣਗਿਹੀਲੀ ਪਾਈ ਗਈ ਤਾਂ ਉਨ੍ਹਾਂ ਵਿਰੁੱਧ ਵੀ ਕਾਰਵਾਈ ਤੋਂ ਗੁਰੇਜ ਨਹੀਂ ਹੋਵੇਗਾ। ਇਸ ਧਰਨੇ ਮੌਕੇ ਸੈਂਕੜੇ ਦੀ ਗਿਣਤੀ ਵਿਚ ਪੱਤਰਕਾਰ ਅਤੇ ਹੋਰ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਸਨ।