ਆਰਐੱਮਪੀਆਈ ਨੇ ਫੂਕਿਆ ਟਰੰਪ ਤੇ ਨੇਤਨਯਾਹੂ ਦਾ ਪੁਤਲਾ
ਆਰਐੱਮਪੀਆਈ ਨੇ ਫੂਕਿਆ ਟਰੰਪ ਤੇ ਨੇਤਨਯਾਹੂ ਦਾ ਪੁਤਲਾ, ਕੀਤੀ ਨਾਅਰੇਬਾਜ਼ੀ
Publish Date: Thu, 05 Mar 2026 08:00 PM (IST)
Updated Date: Fri, 06 Mar 2026 04:15 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਭਾਰਤੀ ਇਨਕਲਾਬੀ ਮਾਰਕਸਵਾਦੀ ਆਰਐੱਮਪੀਆਈ ਨੇ ਟਰੰਪ ਤੇ ਨੇਤਨਯਾਹੂ ਦਾ ਪੁਤਲਾ ਫੂਕ ਕੇ ਇਰਾਨ ਉਪਰ ਹਮਲੇ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਜਿਸ ਦੀ ਅਗਵਾਈ ਪਾਰਟੀ ਦੇ ਆਗੂ ਦਾਰਾ ਸਿੰਘ ਮੁੰਡਾ ਪਿੰਡ ਨੇ ਕੀਤੀ। ਇਸ ਦੌਰਾਨ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਇਰਾਨ ਨੇ ਨਾ ਕਿਸੇ ਹੋਰ ਦੇਸ਼ ਉੱਤੇ ਕਬਜ਼ਾ ਕੀਤਾ ਹੈ, ਨਾ ਕੋਈ ਹਮਲਾ, ਬਿਨ੍ਹਾਂ ਕਿਸੇ ਭੜਕਾਹਟ ਤੋਂ ਉਸ ਉੱਤੇ ਭਿਆਨਕ ਹਮਲਾ ਕਰਕੇ ਟਰੰਪ ਜੁੰਡਲੀ ਵਲੋਂ ਇਰਾਨ ਦੀ ਸਾਰੀ ਮੋਹਰੀ ਲੀਡਰਸ਼ਿਪ ਨੂੰ ਸ਼ਹੀਦ ਕਰ ਦੇਣਾ ਸ਼ਰੇਆਮ ਕੌਮਾਂਤਰੀ ਪੱਧਰ ’ਤੇ ਗੁੰਡਾਗਰਦੀ ਹੈ।
ਉਕਤ ਆਗੂਆਂ ਨੇ ਕਿਹਾ ਕਿ ਅਮਰੀਕਾ ਸੰਸਾਰ ਦੇ ਸਾਰੇ ਤੇਲ ਭੰਡਾਰਾਂ ਅਤੇ ਹੋਰ ਕੁਦਰਤੀ ਸਰੋਤਾਂ ਉੱਤੇ ਕਬਜ਼ਾ ਕਰਨ ਦੀ ਲੁਟੇਰੀ ਸਾਮਰਾਜੀ ਨੀਤੀ ਉੱਤੇ ਚੱਲ ਰਿਹਾ ਹੈ। ਉਹ ਪਹਿਲਾਂ ਹੀ ਇਰਾਕ, ਲਿਬੀਆ, ਸੀਰੀਆ ਤੇ ਵੈਨਜ਼ੁਏਲਾ ਨੂੰ ਲੁੱਟ ਰਿਹਾ ਹੈ। ਇਰਾਨ ਉੱਤੇ ਵੀ ਬਿਨ੍ਹਾਂ ਕਿਸੇ ਭੜਕਾਹਟ ਦੇ ਟਰੰਪ ਨੇ ਉਸ ਦਾ ਤੇਲ ਲੁੱਟਣ ’ਤੇ ਉਥੇ ਆਪਣੀ ਹਮ ਖਿਆਲੀ ਸਰਕਾਰ ਬਣਾਉਣ ਦੇ ਉਦੇਸ਼ ਨਾਲ ਹੀ ਹਮਲਾ ਕੀਤਾ ਹੈ ਜੇਕਰ ਦੁਨੀਆਂ ਦੀ ਇਨਸਾਫ ਪਸੰਦ ਜਨਤਾ ਤੇ ਸਰਕਾਰਾਂ ਨੇ ਉਸ ਦਾ ਮੂੰਹ ਨਾ ਭੰਨਿਆ, ਤਾਂ ਬਿਨ੍ਹਾਂ ਸ਼ੱਕ ਟਰੰਪ ਕਿਊਬਾ ਨੂੰ ਅਗਲਾ ਨਿਸ਼ਾਨਾ ਬਣਾਵੇਗਾ।
ਘਣਸ਼ਾਮ ਨਿੱਕੂ ਨੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵਲੋਂ ਕੁਝ ਦਿਨ ਪਹਿਲਾਂ ਹੀ ਗਾਜ਼ਾ ਵਿਚ 70 ਹਜਾਰ ਤੋਂ ਵੱਧ ਬੇਕਸੂਰ ਲੋਕਾਂ ਨੂੰ ਮਾਰਨ ਵਾਲੇ ਨੇਤਨਯਾਹੂ ਨਾਲ ਜੱਫੀਆਂ ਪਾਉਣ ਦੀ ਸਖ਼ਤ ਆਲੋਚਨਾ ਕੀਤੀ। ਪੰਡੋਰੀ ਨੇ ਕਿਹਾ ਕਿ ਸ਼ਹੀਦ ਖਾਮਨੇਈ ਸਿਰਫ਼ ਇਰਾਨ ਦਾ ਨਹੀਂ ਸੀ, ਉਹ ਸੰਸਾਰ ਭਰ ਦੇ ਸ਼ੀਆ ਮੁਸਲਮਾਨਾਂ ਦਾ ਇਕ ਸਤਿਕਾਰਤ ਧਾਰਮਿਕ ਆਗੂ ਸੀ। ਇਜ਼ਰਾਈਲ ਅਮਰੀਕਾ ਨੂੰ ਉਨ੍ਹਾਂ ਦੀ ਜਾਨ ਲੈਣ ਦੀ ਵੱਡੀ ਕੀਮਤ ਤਾਰਨੀ ਪਵੇਗੀ। ਇਸ ਮੌਕੇ ਪਾਰਟੀ ਦੇ ਸਰਗਰਮ ਵਰਕਰ ਹਾਜ਼ਰ ਸਨ।