ਸ਼ੇਰੋਂ ਖੰਡ ਮਿੱਲ ਬਚਾਉਣ ਲਈ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਪੁਲਿਸ ਨੇ ਚੁੱਕਿਆ
ਸ਼ੇਰੋਂ ਖੰਡ ਮਿੱਲ ਬਚਾਉਣ ਲਈ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਪੁਲਿਸ ਨੇ ਚੁੱਕਿਆ, ਟੈਂਟ ਵੀ ਪੁੱਟਿਆ
Publish Date: Thu, 26 Feb 2026 09:20 PM (IST)
Updated Date: Fri, 27 Feb 2026 04:11 AM (IST)
ਕਿਸਾਨ ਮੋਰਚੇ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ, ਫੜੇ ਕਿਸਾਨ ਸਾਥੀ ਰਿਹਾਅ ਕਰਨ ਦੀ ਮੰਗ
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਖੰਡ ਮਿੱਲ ਨੂੰ ਬਚਾਉਣ ਲਈ ਅਤੇ ਪੰਜਾਬ ਸਰਕਾਰ ਨੂੰ ਆਪਣਾ ਵਾਅਦਾ ਪੂਰਾ ਕਰਨ ਲਈ ਕਹਿਣ ਵਾਸਤੇ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਵੀਰਵਾਰ ਨੂੰ ਪੁਲਿਸ ਚੁੱਕ ਕੇ ਲੈ ਗਈ ਅਤੇ ਕਿਸਾਨਾਂ ਦਾ ਟੈਂਟ ਵੀ ਉਖਾੜ ਦਿੱਤਾ। ਰੋਸ ਵਜੋਂ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਡੀਸੀ ਦਫ਼ਤਰ ਅੱਗੇ ਇਕੱਠੇ ਹੋ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।
ਇਸ ਮੌਕੇ ਕਿਸਾਨ ਆਗੂ ਮਹਾਬੀਰ ਸਿੰਘ ਗਿੱਲ, ਤਰਸੇਮ ਸਿੰਘ ਲੁਹਾਰਾ, ਗੁਰਸਾਹਿਬ ਸਿੰਘ ਡੱਲ, ਸਤਪਾਲ ਸਿੰਘ, ਪੂਰਨ ਸਿੰਘ ਮਾੜੀਮੇਘਾ, ਦਵਿੰਦਰ ਸੋਹਲ ਨੇ ਕਿਹਾ ਕਿ ‘ਆਪ’ ਸਰਕਾਰ ਪਹਿਲੀਆਂ ਸਰਕਾਰਾਂ ਨਾਲੋਂ ਵੀ ਨਿਕੰਮੀ ਸਾਬਤ ਹੋਈ ਹੈ। ਸ਼ੇਰੋਂ ਖੰਡ ਮਿੱਲ ਵਿਚ 60 ਫ਼ੀਸਦੀ ਹਿੱਸੇਦਾਰੀ ਕਿਸਾਨਾਂ ਦੀ ਹੈ ਪਰ ਮਿੱਲ ਦੇ ਥਾਂ ਨੂੰ ਪੁੱਡਾ ਅਤੇ ਫੂਡ ਸਪਲਾਈ ਵਿਭਾਗ ਨੂੰ ਦੇਣ ਲਈ ਹਿੱਸੇਦਾਰ ਕਿਸਾਨਾਂ ਨੂੰ ਪੁੱਛਿਆ ਤੱਕ ਨਹੀਂ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਅਕਾਲੀ ਸਰਕਾਰ ਵੇਲੇ ਬੰਦ ਕੀਤੀ ਮਿੱਲ ਨੂੰ ਮੁੜ ਚਾਲੂ ਕੀਤਾ ਜਾਂਦਾ, ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਸਿੱਧਾ ਤੇ ਅਸਿੱਧਾ ਰੁਜ਼ਗਾਰ ਮਿਲਦਾ। ਗੰਨਾ ਕਾਸ਼ਤਕਾਰਾਂ ਨੂੰ ਵੀ ਲਾਭ ਮਿਲਦਾ। ਮੁਨਾਫ਼ਾ ਦੇ ਰਹੀ ਇਸ ਮਿੱਲ ਤੋਂ ਪੰਜਾਬ ਸਰਕਾਰ ਨੂੰ ਵੀ ਵਿੱਤੀ ਲਾਭ ਮਿਲਦਾ ਪਰ ਸਮੇਂ ਦੀ ਸਰਕਾਰ ਸਰਕਾਰੀ ਤੇ ਸਹਿਕਾਰੀ ਜ਼ਮੀਨਾਂ ਕੌਡੀਆਂ ਦੇ ਭਾਅ ਵਿੰਗੇ ਟੇਡੇ ਢੰਗ ਨਾਲ ਆਪਣੇ ਚਹੇਤਿਆਂ ਨੂੰ ਦੇ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਨਛੱਤਰ ਸਿੰਘ ਮੁਗਲਚੱਕ, ਸੁਖਚੈਨ ਸਿੰਘ ਸਰਹਾਲੀ ਖੁਰਦ, ਗੁਰਪ੍ਰੀਤ ਗੰਡੀਵਿੰਡ, ਰਤਨ ਸਿੰਘ ਢੰਡ, ਜੱਸਾ ਸਿੰਘ ਕੱਦਗਿੱਲ, ਦਵਿੰਦਰ ਸਿੰਘ ਗਰੇਵਾਲ, ਹੀਰਾ ਸਿੰਘ ਸਰਪੰਚ, ਗੁਰਭੇਜ ਸਿੰਘ ਨੰਦਪੁਰ, ਸੁਲੱਖਣ ਸਿੰਘ ਤੁੜ, ਅਮਰਜੀਤ ਸਿੰਘ ਤੁੜ, ਬਲਦੇਵ ਸਿੰਘ ਵਰਿਆਂ, ਨਿਰਮਲ ਸਿੰਘ, ਗੁਰਦਿਆਲ ਸਿੰਘ, ਬਲਵਿੰਦਰ ਸਿੰਘ ਨੰਦਪੁਰ, ਗੁਰਭੇਜ ਸਿੰਘ ਨੰਦਪੁਰ, ਬਲਜੀਤ ਸਿੰਘ, ਰਸ਼ਪਾਲ ਸਿੰਘ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਫੈਸਲਾ ਕੀਤਾ ਕਿ 28 ਫਰਵਰੀ ਨੂੰ ਮੁੜ ਮੀਟਿੰਗ ਕਰਕੇ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਬਲਕਾਰ ਸਿੰਘ ਵਲਟੋਹਾ, ਕਾਰਜ ਸਿੰਘ ਕੈਰੋਂ, ਰਾਜ ਗੋਬਿੰਦ ਸਿੰਘ, ਸੁਖਦੇਵ ਸਿੰਘ ਮਾਣੋਚਾਹਲ, ਰੂਪ ਸਿੰਘ, ਚਰਨ ਸਿੰਘ ਸਮੇਤ ਕਈ ਕਿਸਾਨ ਹਾਜ਼ਰ ਸਨ।