ਬਿਜਲੀ ਕਾਮਿਆਂ ਨੇ ਦੇਸ਼-ਵਿਆਪੀ ਹੜਤਾਲ ’ਚ ਵਧ-ਚੜ੍ਹ ਕੇ ਲਿਆ ਹਿੱਸਾ
ਬਿਜਲੀ ਕਾਮਿਆਂ ਨੇ ਦੇਸ਼ ਵਿਆਪੀ ਹੜਤਾਲ ’ਚ ਵਧ ਚੜ੍ਹ ਕੇ ਹਿੱਸਾ ਲਿਆ
Publish Date: Thu, 12 Feb 2026 07:46 PM (IST)
Updated Date: Fri, 13 Feb 2026 04:12 AM (IST)

ਬਿਜਲੀ ਸੋਧ ਬਿੱਲ 2025 ਦਾ ਕੀਤਾ ਤਿੱਖਾ ਵਿਰੋਧ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੇ ਸਮੁੱਚੇ ਪਾਵਰ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਬਿਜਲੀ ਸੋਧ ਬਿੱਲ 2025 ਪਾਰਲੀਮੈਂਟ ਦੇ ਬਜਟ ਸੈਸ਼ਨ ਵਿਚ ਪਾਸ ਕਰਵਾਉਣ ਦੇ ਖਦਸ਼ੇ ਦੇ ਮੱਦੇਨਜ਼ਰ ਅਤੇ ਹੋਰ ਲੋਕ ਵਿਰੋਧੀ ਨੀਤੀਆਂ ਖਿਲਾਫ਼ ਕੇਂਦਰੀ ਟਰੇਡ ਯੂਨੀਅਨਾਂ ਦੇ ਦੇਸ਼ ਵਿਆਪੀ ਸੱਦੇ ’ਤੇ ਬਿਜਲੀ ਕਾਮਿਆਂ ਦੀਆਂ ਪ੍ਰਮੁੱਖ ਜਥੇਬੰਦੀਆਂ ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੌਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ ਦੇ ਵਰਕਰਾਂ ਨੇ ਅੱਜ ਦੀ ਦੇਸ਼ ਵਿਆਪੀ ਇਕ ਰੋਜ਼ਾ ਹੜਤਾਲ ਵਿਚ ਹਿੱਸਾ ਲੈ ਕੇ ਬਿਜਲੀ ਸੋਧ ਬਿੱਲ 2025 ਦਾ ਡੱਟਵਾਂ ਅਤੇ ਤਿੱਖਾ ਵਿਰੋਧ ਕੀਤਾ ਹੈ। ਇਸੇ ਤਰ੍ਹਾਂ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਸਬੰਧਤ ਏਟਕ ਅਤੇ ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪਹਿਲਵਾਨ ਜਥੇਬੰਦੀਆਂ ਦੇ ਵਰਕਰਾਂ ਨੇ ਵੀ ਅਦਾਰੇ ਦੀ ਹੌਂਦ ਨੂੰ ਬਚਾਉਣ ਲਈ ਵਧ ਚੜ੍ਹ ਕੇ ਰੋਸ ਪ੍ਰਦਰਸ਼ਨਾਂ ’ਚ ਹਿੱਸਾ ਲੈ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਇਸ ਸਬੰਧੀ ਸਾਂਝੇ ਥੜੇ ਦੇ ਆਗੂਆਂ ਰਤਨ ਸਿੰਘ ਮਜਾਰੀ, ਗੁਰਪ੍ਰੀਤ ਸਿੰਘ ਗੰਡੀਵਿੰਡ, ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਬਲਦੇਵ ਸਿੰਘ ਮੰਡਾਲੀ ਨੇ ਕਿਹਾ ਕੇ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਸਮੁੱਚੇ ਪਾਵਰ ਸੈਕਟਰ ਜੋ ਪਬਲਿਕ ਸੈਕਟਰ ਦਾ ਬਹੁਤ ਵੱਡੇ ਅਕਾਰ ਦਾ ਲੋਕਾਂ ਦੇ ਟੈਕਸਾਂ ਨਾਲ ਉਸਰਿਆ ਅਦਾਰਾ ਹੈ, ਨੂੰ ਬਿਜਲੀ ਸੋਧ ਬਿੱਲ ਦੀ ਆੜ ਹੇਠ ਧੱਕੇ ਨਾਲ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦੀ ਮੋਦੀ ਸਰਕਾਰ ਦੀ ਨੀਤੀ ਖਿਲਾਫ਼ ਬਿਜਲੀ ਕਾਮਿਆਂ ਨੇ ਪਹਿਲਾਂ ਬਿਜਲੀ ਬੋਰਡ ਅਤੇ ਹੁਣ ਪਾਵਰਕਾਮ ਵਿਚ ਇਤਿਹਾਸ ਰਚਦਿਆਂ ਦੇਸ਼-ਵਿਆਪੀ ਹੜਤਾਲ ’ਚ ਵੱਡੇ ਪੱਧਰ ’ਤੇ ਹਿੱਸਾ ਲੈ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਕੁਲਵਿੰਦਰ ਸਿੰਘ ਢਿੱਲੋਂ, ਸਰਿੰਦਰਪਾਲ ਲਹੌਰੀਆ, ਗੁਰਭੇਜ ਸਿੰਘ ਢਿੱਲੋਂ, ਰਵੇਲ ਸਿੰਘ ਸਹਾਏਪੁਰ, ਦਵਿੰਦਰ ਸਿੰਘ ਪਿਸੋਰ, ਬਲਜੀਤ ਸਿੰਘ ਮੋਦਲਾ, ਰਾਧੇਸ਼ਿਆਮ, ਬਾਬਾ ਅਮਰਜੀਤ ਸਿੰਘ, ਹਰਮਨਦੀਪ, ਕੌਰ ਸਿੰਘ ਸੋਹੀ, ਜਸਬੀਰ ਸਿੰਘ ਆਂਡਲੂ, ਦਲੀਪ ਕੁਮਾਰ, ਪਵਨਪ੍ਰੀਤ ਸਿੰਘ, ਗੁਰਪਿਆਰ ਸਿੰਘ ਆਦਿ ਨੇ ਕਿਹਾ ਕੇ ਬਿਜਲੀ ਕਾਮਿਆਂ ਨੇ ਵੱਡੇ ਖਤਰੇ ਨੂੰ ਭਾਂਪਦਿਆਂ ਪਹਿਲੀ ਵਾਰ ਦੇਸ਼ ਵਿਆਪੀ ਹੜਤਾਲ ਨੂੰ ਕਾਮਯਾਬ ਕਰਨ ਲਈ ਬਹੁਤ ਉਤਸ਼ਾਹ ਨਾਲ ਹੜਤਾਲ ਵਿਚ ਹਿੱਸਾ ਲੈ ਕੇ ਸੂਬਾ ਪੱਧਰ ਤੇ ਮੈਨੇਜਮੈਂਟ ਵਲੋਂ ਅੰਕੜਿਆਂ ਨੂੰ ਘਟਾਉਣ ਦੇ ਬਾਵਜੂਦ ਵੀ 60 ਫੀਸਦੀ ਤੋਂ ਵੱਧ ਹੜਤਾਲ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਪੂੰਜੀਪਤੀਆਂ ਦੇ ਪੱਖ ਵਾਲੀ ਲੋਕ ਵਿਰੋਧੀ ਨੀਤੀ ਖਿਲਾਫ਼ ਅਵਾਜ਼ ਬੁਲੰਦ ਕੀਤੀ ਹੈ। ਮੁਲਾਜ਼ਮ ਆਗੂਆਂ ਨੇ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ ਵਿਚ ਮੁਲਾਜ਼ਮ, ਪੈਨਸ਼ਨਰ ਅਤੇ ਮਜਦੂਰ ਵਿਰੋਧੀ ਨੀਤੀਆਂ ਬੰਦ ਕਰਕੇ ਵਾਜਿਬ ਮਸਲੇ ਹੱਲ ਕਰਨ ਦੀ ਤਾੜਨਾ ਕੀਤੀ। ਬਾਕਸ- ਕਿਨ੍ਹਾਂ ਸੈਂਟਰਾਂ ’ਚ ਕਿੰਨੇ ਫੀਸਦੀ ਮਿਲਿਆ ਹੜਤਾਲ ਨੂੰ ਸਮਰਥਣ ਆਗੂਆਂ ਨੇ ਦੱਸਿਆ ਕਿ ਬਿਜਲੀ ਕਾਮਿਆਂ ਨੇ ਬਾਰਡਰ ਜੋਨ ਅੰਮ੍ਰਿਤਸਰ ਵਿਚ 52 ਫੀਸਦੀ, ਵੈਸਟ ਜ਼ੋਨ ਬਠਿੰਡਾ ਵਿਚ 69 ਫੀਸਦੀ, ਸਾਊਥ ਜੋਨ ਪਟਿਆਲਾ ਵਿਚ 62 ਫੀਸਦੀ, ਸੈਂਟਰਲ ਜੋਨ ਲੁਧਿਆਣਾ ਵਿਚ 47 ਫੀਸਦੀ, ਉੱਤਰੀ ਜੋਨ ਜਲੰਧਰ ਵਿਚ 38 ਫੀਸਦੀ, ਈਸਟ ਜੋਨ ਮੁਹਾਲੀ ਵਿਚ 55 ਫੀਸਦੀ,ਪੀ ਐਮ ਜੋਨ ਲੁਧਿਆਣਾ ਵਿਚ 59 ਫੀਸਦੀ ਹੜਤਾਲ ਕਰਕੇ ਦੇਸ਼ ਵਿਆਪੀ ਹੜਤਾਲ ਦਾ ਸਮਰਥਨ ਕਰਕੇ ਇਤਿਹਾਸ ਰਚ ਦਿੱਤਾ ਹੈ।