ਕਿਰਤੀਆਂ ਨੇ ਹੜਤਾਲ ’ਚ ਹਿੱਸਾ ਲੈ ਕੇ ਕੇਂਦਰ ਦੀਆਂ ਨੀਤੀਆਂ ਖਿਲਾਫ਼ ਆਵਾਜ਼ ਕੀਤੀ ਬੁਲੰਦ
ਕਿਰਤੀ ਲੋਕਾਂ ਨੇ ਦੇਸ਼ ਵਿਆਪੀ ਹੜਤਾਲ ’ਚ ਹਿੱਸਾ ਲੈ ਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਅਵਾਜ਼ ਬੁਲੰਦ ਕੀਤੀ
Publish Date: Thu, 12 Feb 2026 06:09 PM (IST)
Updated Date: Fri, 13 Feb 2026 04:09 AM (IST)

ਬਿਜਲੀ ਸੋਧ ਬਿੱਲ ਤੇ ਬੀਜ ਬਿੱਲ 2025 ਸਮੇਤ ਲੋਕ ਮਾਰੂ ਨੀਤੀਆਂ ਵਿਰੁੱਧ ਸੰਘਰਸ਼ਸ਼ੀਲ ਲੋਕ ਹੋਏ ਇਕਜੁੱਟ ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਕੇਂਦਰ ਸਰਕਾਰ ਉਪਰ ਦੇਸ਼ ਦੀ ਮਿਹਨਤਕਸ਼ ਜਮਾਤ ਦੇ ਸਾਰੇ ਹੱਕ-ਹਕੂਕ ਖ਼ਤਮ ਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਘੜਨ ਦਾ ਦੋਸ਼ ਲਗਾਉਂਦਿਆਂ ਵੀਰਵਾਰ ਨੂੰ ਜ਼ਬਰਦਸਤ ਵਿਰੋਧ ਕੀਤਾ ਗਿਆ। ਜਿਸ ਦੇ ਤਹਿਤ ਦੇਸ਼ ਦੀਆਂ 10 ਕੇਂਦਰੀ ਟਰੇਡ ਯੂਨੀਅਨਾਂ, ਮੁਲਾਜ਼ਮ ਤੇ ਪੈਨਸ਼ਨਰ ਫੈਡਰੇਸ਼ਨਾਂ, ਅਜ਼ਾਦ ਜਥੇਬੰਦੀਆਂ ਦੇ ਦੇਸ਼ ਵਿਆਪੀ ਸੱਦੇ ’ਤੇ ਅਤੇ ਸਯੁੰਕਤ ਕਿਸਾਨ ਮੋਰਚੇ ਦੀ ਡਟਵੀਂ ਹਮਾਇਤ ਪ੍ਰਾਪਤ ਇਕ ਰੋਜ਼ਾ ਹੜਤਾਲ ਵਿਚ ਹਿੱਸਾ ਲੈ ਕੇ ਮੁਲਾਜ਼ਮਾਂ, ਮਜ਼ਦੂਰਾਂ, ਪੈਨਸ਼ਨਰਾਂ, ਕਿਸਾਨਾਂ, ਨੌਜਵਾਨਾਂ, ਆਸ਼ਾ ਵਰਕਰਾਂ, ਮਿਡ-ਡੇ-ਮੀਲ ਅਤੇ ਆਂਗਣਵਾੜੀ ਵਰਕਰਾਂ ਨੇ ਵੱਡੀ ਗਿਣਤੀ ’ਚ ਸਥਾਨਕ ਗਾਂਧੀ ਪਾਰਕ ’ਚ ਇਕੱਤਰ ਹੋ ਕੇ ਰੋਹ ਭਰਪੂਰ ਨਾਅਰੇਬਾਜ਼ੀ ਕਰਦੇ ਹੋਏ ਰੋਸ ਰੈਲੀ ਕੀਤੀ। ਜਿਸ ਦੌਰਾਨ ਬਿਜਲੀ ਸੋਧ ਬਿੱਲ 2025, ਬੀਜ ਬਿੱਲ 2025, ਚਾਰ ਲੇਬਰ ਕੋਡ ਲਾਗੂ ਕਰਨ, ਮਨਰੇਗਾ ਕਾਨੂੰਨ ਖਤਮ ਕਰਕੇ ‘ਜੀ ਰਾਮ ਜੀ’ ਕਾਨੂੰਨ ਬਣਾਉਣ ਸਮੇਤ ਸਾਰੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਆਪਣੀ ਅਵਾਜ਼ ਬੁਲੰਦ ਕੀਤੀ। ਇਸ ਮੌਕੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਪ੍ਰਗਟ ਸਿੰਘ ਜਾਮਾਰਾਏ, ਮਹਾਂਵੀਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਗੰਡੀਵਿੰਡ, ਮੇਜਰ ਸਿੰਘ ਭਿੱਖੀਵਿੰਡ, ਨਛੱਤਰ ਸਿੰਘ ਮੁਗਲਚੱਕ, ਜਸਬੀਰ ਸਿੰਘ ਵੈਰੋਵਾਲ, ਦੇਵੀ ਕੁਮਾਰੀ, ਮੇਹਰ ਸਿੰਘ ਸਖੀਰਾ, ਹਰਜੀਤ ਸਿੰਘ ਰਵੀ, ਗੁਰਚਰਨ ਸਿੰਘ ਸਭਰਾ, ਭੁਪਿੰਦਰ ਸਿੰਘ ਪੰਡੋਰੀ ਤਖ਼ਤਮੱਲ, ਧਰਮ ਸਿੰਘ ਪੱਟੀ, ਪੂਰਨ ਸਿੰਘ ਮਾੜੀਮੇਘਾ, ਮਾਸਟਰ ਸਤਵਿੰਦਰ ਸਿੰਘ, ਤਰਸੇਮ ਸਿੰਘ ਲੁਹਾਰ, ਜਗਤਾਰ ਸਿੰਘ ਆਂਸਲ, ਕਾਰਜ ਸਿੰਘ ਕੈਰੋਂ, ਦਵਿੰਦਰ ਸੋਹਲ, ਰਣਜੀਤ ਸਿੰਘ, ਧਰਮਵੀਰ ਸਿੰਘ ਪੱਟੀ, ਲਖਬੀਰ ਸਿੰਘ ਸੰਧੂ, ਦਲਜੀਤ ਸਿੰਘ ਦਿਆਲਪੁਰਾ, ਜਸਵਿੰਦਰ ਸਿੰਘ ਮਾਣੋਚਾਹਲ, ਨਰਿੰਦਰ ਕੌਰ ਠੱਕਰਪੁਰਾ, ਇੰਦਰਜੀਤ ਸਿੰਘ ਮਰਹਾਣਾ, ਬਾਬਾ ਮਹਿੰਦਰ ਸਿੰਘ ਵੇਂਈਪੂੰਈ, ਦਲਵਿੰਦਰ ਸਿੰਘ ਪਨੂੰ, ਸੀਮਾ ਸੋਹਲ, ਰਾਜਵਿੰਦਰ ਕੌਰ, ਲਖਬੀਰ ਸਿੰਘ ਸੰਧੂ, ਸੁਖਦੇਵ ਸਿੰਘ ਜਵੰਦਾ, ਸੁਖਵਿੰਦਰ ਕੌਰ ਸੂਰਵਿੰਡ, ਦਵਿੰਦਰ ਸਿੰਘ, ਤਰਜੀਤ ਸਿੰਘ ਨਾਗੋਕੇ ਆਦਿ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਲੋਕ ਵਿਰੋਧੀ ਨੀਤੀਆਂ ਧੱਕੇ ਨਾਲ ਲਾਗੂ ਕਰਕੇ ਦੇਸ਼ ਦੀ ਮਿਹਨਤਕਸ਼ ਜਮਾਤ ਨਾਲ ਧੋਖਾ ਕਰ ਰਹੀ ਹੈ। ਆਗੂਆਂ ਨੇ ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ 2025 ਸਮੇਤ ਚਾਰੇ ਲੇਬਰ ਕੋਡਾਂ ਨੂੰ ਬਹੁਤ ਹੀ ਘਾਤਕ ਦੱਸਦਿਆਂ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਸਮੁੱਚੇ ਪਾਵਰ ਸੈਕਟਰ ਨੂੰ ਤਬਾਹ ਕਰਕੇ ਖੇਤੀ ਸੈਕਟਰ ਨੂੰ ਪੂੰਜੀਪਤੀਆਂ ਦੇ ਹਵਾਲੇ ਕਰਨ ਦੀ ਨੀਤੀ ਤਹਿਤ ਹੀ ਸਾਰੇ ਕਿਰਤ ਕਾਨੂੰਨ ਖਤਮ ਕਰਕੇ ਧੱਕੇ ਨਾਲ ਚਾਰ ਲੇਬਰ ਕੋਡ ਲਾਗੂ ਕਰਕੇ ਸਮੁੱਚੀ ਮਿਹਨਤਕਸ਼ ਜਮਾਤ ਨੂੰ ਹਾਸੀਏ ’ਤੇ ਧੱਕਣਾ ਚਾਹੁੰਦੀ ਹੈ। ਜਿਸ ਨੂੰ ਸੰਘਰਸ਼ਸ਼ੀਲ ਲੋਕ ਕਦਾਚਿਤ ਬਰਦਾਸ਼ਤ ਨਹੀਂ ਕਰਨਗੇ। ਆਗੂਆਂ ਨੇ ਮਿਡ-ਡੇ-ਮੀਲ, ਆਸ਼ਾ ਅਤੇ ਆਂਗਣਵਾੜੀ ਵਰਕਰਾਂ ਨੂੰ ਬਝਵੀਂ ਘੱਟੋ-ਘੱਟ ਤਨਖਾਹ ਦੇਣ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਜੋਰਦਾਰ ਮੰਗ ਕੀਤੀ। ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਾਰੀਆਂ ਨੀਤੀਆਂ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਦੇਸ਼ ਵਿਆਪੀ ਹੜਤਾਲ ਨੂੰ ਭਰਵਾਂ ਹੁੰਗਾਰਾਂ ਦੇਣ ਲਈ ਕਿਰਤੀ ਲੋਕਾਂ ਦਾ ਧੰਨਵਾਦ ਕੀਤਾ। ਅਖੀਰ ’ਤੇ ਸ਼ਹਿਰ ਵਿਚ ਟਰੈਫਿਕ ਦੀ ਮੁਸ਼ਕਿਲ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਦਰਸ਼ਨ ਕਾਰੀਆਂ ਨੇ ਚਾਰ ਖੰਬਾ ਚੌਂਕ ਤੋਂ ਤਹਿਸੀਲ ਚੌਂਕ ਤੱਕ ਛੋਟੇ ਰੂਟ ’ਤੇ ਹੱਥਾਂ ਵਿਚ ਝੰਡੇ ਅਤੇ ਮਾਟੋ ਫੜ ਕੇ ਸਰਮਾਏਦਾਰ ਪੱਖੀ ਹਾਕਮਾਂ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਰੋਹ ਭਰਪੂਰ ਮਾਰਚ ਕੀਤਾ।