ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ ਦਿੱਤਾ ਜਾਵੇਗਾ ਰੋਸ ਧਰਨਾ : ਸੁਖਦੀਪ ਸਿੰਘ ਔਲਖ
ਸਾਰੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਅਮਲੀ ਰੂਪ ’ਚ ਲਾਗੂ ਕਰਨ ਸਬੰਧੀ ਇਕ ਰੋਸ ਪੱਤਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨੂੰ ਭੇਜਿਆ ਗਿਆ
Publish Date: Sun, 18 Jan 2026 07:22 PM (IST)
Updated Date: Mon, 19 Jan 2026 04:18 AM (IST)

ਲਵਦੀਪ ਦੇਵਗਨ•,ਪੰਜਾਬੀ ਜਾਗਰਣ, ਸਰਹਾਲੀ ਕਲਾਂ : ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਇਕ ਭਾਰੀ ਇੱਕਤਰਤਾ ਮੋਗਾ ਦਾਣਾ ਮੰਡੀ ਵਿਖੇ ਕੀਤੀ ਗਈ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਐੱਚਸੀ ਸਰਹਾਲੀ ਦੇ ਮੁਲਾਜ਼ਮ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਯੂਨੀਅਨ ਤੇ ਸੂਬਾ ਆਗੂ ਸੁਖਦੀਪ ਸਿੰਘ ਔਲਖ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਮੋਗਾ ਦਾਣਾ ਮੰਡੀ ਵਿਖੇ ਯੂਨੀਅਨ ਵੱਲੋਂ ਭਾਰੀ ਇਕੱਤਰਤਾ ਕੀਤੀ ਗਈ ਸੀ ਅਤੇ 1 ਜਨਵਰੀ 2004 ਤੋਂ ਬਾਅਦ ਭਰਤੀ ਸਮੂਹ ਸਰਕਾਰੀ, ਅਰਧ ਸਰਕਾਰੀ, ਬੋਰਡ, ਯੂਨੀਵਰਸਿਟੀਆਂ, ਨਿਗਮਾਂ ਆਦਿ ਦੇ ਸਾਰੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਅਮਲੀ ਰੂਪ ’ਚ ਲਾਗੂ ਕਰਨ ਸਬੰਧੀ ਇਕ ਰੋਸ ਪੱਤਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨੂੰ ਭੇਜਿਆ ਗਿਆ। ਜਿਸ ’ਚ 18 ਨਵੰਬਰ 2022 ਦੇ ਨੋਟੀਫਿਕੇਸ਼ਨ ’ਚ ਸੋਧ ਕਰਨ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਹੜਤਾਲ ਸਮੇਂ ਤੋਂ ਐੱਨਪੀਐੱਸ ਮੁਲਾਜ਼ਮਾਂ ਦੇ ਜੀਪੀਐੱਫ ਨੰਬਰ ਅਲਾਟ ਕੀਤੇ ਜਾਣ, 1 ਜਨਵਰੀ 2004 ਤੋਂ ਬਾਅਦ ਸਾਰੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜੇਕਰ ਪ੍ਰਸ਼ਾਸਨ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਪ੍ਰਧਾਨ ਪਰਮਿੰਦਰ ਸਿੰਘ ਢਿਲੋਂ, ਮੀਤ ਪ੍ਰਧਾਨ ਰਜਿੰਦਰ ਸਿੰਘ, ਗੁਰਦੀਪ ਸਿੰਘ, ਪ੍ਰਦੀਪ ਸਿੰਘ, ਸੰਤੋਖ ਸਿੰਘ, ਅਮਨਪ੍ਰੀਤ ਸਿੰਘ ਧੂੰਦਾ, ਵਿਕਾਸ ਤੇਜਪਾਲ ਆਦਿ ਹਾਜ਼ਰ ਸਨ।