ਸਰਕਾਰੀ ਸਕੂਲਾਂ ’ਚ ਦਾਖ਼ਲਾ ਵਧਾਉਣ ਲਈ ਕੱਢੀ ਗਈ ‘ਪ੍ਰਚਾਰ ਵੈਨ’ ਦਾ ਕੈਰੋਂ ’ਚ ਸਮਾਪਨ
ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਦਾਖ਼ਲਾ ਵੱਧ ਤੋਂ ਵੱਧ ਸਰਕਾਰੀ ਸਕੂਲਾਂ ’ਚ ਕਰਵਾਉਣ ਤਾਂ ਜੋ ਉਹ ਮਿਆਰੀ ਸਿੱਖਿਆ ਦਾ ਲਾਭ ਲੈ ਸਕਣ।
Publish Date: Sat, 31 Jan 2026 06:11 PM (IST)
Updated Date: Sun, 01 Feb 2026 04:10 AM (IST)

ਕਾਰਜ ਸਿੰਘ ਬਿੱਟੂ/ਕੇਪੀ ਗਿੱਲ•,ਪੰਜਾਬੀ ਜਾਗਰਣ, ਸੁਰਸਿੰਘ/ਕੈਰੋਂ : ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ’ਚ ਦਾਖ਼ਲਾ ਵਧਾਉਣ ਲਈ ਚਲਾਈ ਗਈ ‘ਦਾਖ਼ਲਾ ਪ੍ਰਚਾਰ ਵੈਨ’ ਆਪਣੇ ਤੀਸਰੇ ਤੇ ਆਖਰੀ ਦਿਨ ਸੁਰਸਿੰਘ ਤੋਂ ਰਵਾਨਾ ਹੋ ਕੇ ਵੱਖ-ਵੱਖ ਪਿੰਡਾਂ ’ਚ ਜਾਗਰੂਕਤਾ ਫੈਲਾਉਣ ਤੋਂ ਬਾਅਦ ਕੈਰੋਂ ਵਿਖੇ ਸਮਾਪਤ ਹੋਈ। ਇਸ ਵੈਨ ਨੂੰ ਹਰਜੀਤ ਸਿੰਘ ਬੁਰਜ ਪੀਏ ਤੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਭਿੱਖੀਵਿੰਡ ਜਸਵਿੰਦਰ ਸਿੰਘ ਸੰਧੂ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਸਤਿਨਾਮ ਸਿੰਘ ਬਾਠ ਦੀ ਅਗਵਾਈ ਹੇਠ ਇਸ ਪ੍ਰਚਾਰ ਵੈਨ ਨੇ ਅੱਜ ਜ਼ਿਲ੍ਹੇ ਦੇ ਤਿੰਨ ਪ੍ਰਮੁੱਖ ਬਲਾਕਾਂ ਭਿੱਖੀਵਿੰਡ, ਵਲਟੋਹਾ ਤੇ ਪੱਟੀ ਨੂੰ ਕਵਰ ਕੀਤਾ। ਇਹ ਵੈਨ ਸੁਰਸਿੰਘ ਤੋਂ ਸ਼ੁਰੂ ਹੋ ਕੇ ਭਿੱਖੀਵਿੰਡ, ਅਲਗੋ ਕੋਠੀ, ਅਮਰਕੋਟ, ਵਲਟੋਹਾ, ਬਹਾਦਰ ਨਗਰ, ਜੋਧ ਸਿੰਘ ਵਾਲਾ, ਭੰਗਾਲਾ, ਤੂਤ, ਕੋਟ ਬੁੱਢਾ, ਆਂਸਲ ਅਤੇ ਪੱਟੀ ਤੋਂ ਹੁੰਦੀ ਹੋਈ ਕੈਰੋਂ ਵਿਖੇ ਪਹੁੰਚੀ, ਜਿੱਥੇ ਇਸ ਦਾ ਰਸਮੀ ਸਮਾਪਨ ਕੀਤਾ ਗਿਆ। ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਭਿੱਖੀਵਿੰਡ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦਾ ਕਾਇਆ-ਕਲਪ ਕੀਤਾ ਗਿਆ ਹੈ ਤੇ ਵਿਦਿਆਰਥੀਆਂ ਨੂੰ ਅਣਗਿਣਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਦਾਖ਼ਲਾ ਵੱਧ ਤੋਂ ਵੱਧ ਸਰਕਾਰੀ ਸਕੂਲਾਂ ’ਚ ਕਰਵਾਉਣ ਤਾਂ ਜੋ ਉਹ ਮਿਆਰੀ ਸਿੱਖਿਆ ਦਾ ਲਾਭ ਲੈ ਸਕਣ। ਇਸ ਮੌਕੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਵਲਟੋਹਾ ਪਾਰਸ ਕੁਮਾਰ, ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਪੱਟੀ ਮਨਜਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਡੀਆਰਸੀ ਅਨੂਪ ਸਿੰਘ ਮੈਣੀ, ਪ੍ਰਿੰਸੀਪਲ ਰੀਟਾ ਮਹਾਜਨ, ਐੱਚਟੀ ਮਨਜੀਤ ਸਿੰਘ, ਸੀਐੱਚਟੀ ਰਾਜੇਸ਼ ਕੁਮਾਰ, ਸੁਖਬੀਰ ਸਿੰਘ ਸੰਧੂ, ਗੁਰਭੇਜ ਸਿੰਘ, ਲਖਬੀਰ ਸਿੰਘ, ਦਰਸ਼ਨ ਸਿੰਘ ਬਲੇਰ ਅਤੇ ਕੰਵਲਜੀਤ ਕੌਰ, ਸਰਪੰਚ ਰਾਜਬੀਰ ਸਿੰਘ ਸੁਰ ਸਿੰਘ, ਸਰਪੰਚ ਦਿਲਬਾਗ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਵਿੰਦਰ ਸਿੰਘ ਮਾਣਾ ਅਤੇ ਹੋਰ ਸਥਾਨਕ ਆਗੂ ਤੇ ਅਧਿਆਪਕ ਵੱਡੀ ਗਿਣਤੀ ’ਚ ਹਾਜ਼ਰ ਸਨ। ਅਧਿਆਪਕਾਂ ਨੇ ਪਿੰਡ-ਪਿੰਡ ਜਾ ਕੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਤੇ ਨਵੇਂ ਸੈਸ਼ਨ ਲਈ ਦਾਖ਼ਲੇ ਸਬੰਧੀ ਜਾਣਕਾਰੀ ਸਾਂਝੀ ਕੀਤੀ।