ਤਰਨਤਾਰਨ ਦਾ ਅਗਾਂਹਵਧੂ ਕਿਸਾਨ ਬਠਿੰਡਾ ਕਿਸਾਨ ਮੇਲੇ 'ਤੇ ਸਨਮਾਨਤ
ਸਾਰੇ ਹੀ ਮੌਜੂਦ ਅਧਿਕਾਰੀਆਂ ਵੱਲੋਂ ਜਰਨੈਲ ਸਿੰਘ ਨੂੰ ਵਧਾਈ ਦਿੱਤੀ ਗਈ
Publish Date: Tue, 24 Mar 2026 06:44 PM (IST)
Updated Date: Wed, 25 Mar 2026 04:07 AM (IST)

ਸਟਾਫ਼ ਰਿਪੋਰਟਰ•,ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹੇ ਦੇ ਪਿੰਡ ਜਗਤਪੁਰਾ ਦੇ ਅਗਾਂਹਵਧੂ ਕਿਸਾਨ ਜਰਨੈਲ ਸਿੰਘ ਨੂੰ ਪੀਏਯੂ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਲੱਗੇ ਕਿਸਾਨ ਮੇਲੇ ’ਚ ਮੁੱਖ ਮਹਿਮਾਨ ਗੁਰਮੀਤ ਸਿੰਘ ਖੁੱਡੀਆਂ, ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਪੰਜਾਬ ਵੱਲੋਂ ਜਥੇਦਾਰ ਗੁਰਦਿੱਤਾ ਸਿੰਘ ਮਾਹਲ ਯਾਦਗਾਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਤੇ ਵਧਾਈ ਵੀ ਦਿੱਤੀ ਗਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਤਰਨਤਾਰਨ ਦੇ ਇੰਚਾਰਜ ਡਾ. ਪਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਸਨਮਾਨ ਉਨ੍ਹਾਂ ਨੂੰ ਕੁਦਰਤੀ ਸੋਮਿਆਂ ਦੀ ਸੰਭਾਲ ਕਰਦਿਆਂ ਹੋਇਆਂ ਨਵੀਨੀਕਰਨ ਤੇ ਖੇਤੀ ਵਿਭਿੰਨਤਾ ਅਪਨਾਉਣ ਲਈ ਬਾਗਬਾਨੀ ਦੇ ਖੇਤਰ ’ਚ ਫੁੱਲਾਂ ਦੀ ਖੇਤੀ ਕਰ ਕੇ ਅਗਾਂਹਵਧੂ ਸੋਚ ਨੂੰ ਬਰਕਰਾਰ ਰੱਖਦੇ ਹੋਏ ਦਿੱਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੌਕੇ ਡਾ. ਸਤਿਬੀਰ ਸਿੰਘ ਗੋਸਲ, ਉਪ ਕੁਲਪਤੀ, ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਮੌਜੂਦ ਸਨ। ਸਾਰੇ ਹੀ ਮੌਜੂਦ ਅਧਿਕਾਰੀਆਂ ਵੱਲੋਂ ਜਰਨੈਲ ਸਿੰਘ ਨੂੰ ਵਧਾਈ ਦਿੱਤੀ ਗਈ ਤੇ ਹੋਰ ਕਿਸਾਨਾਂ ਨੂੰ ਵੀ ਇਸ ਅਗਾਂਹ ਵਧੂ ਕਿਸਾਨ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ 20-21 ਮਾਰਚ, 2026 ਨੂੰ ਹੋਏ ਦੋ ਰੋਜ਼ਾ ਕਿਸਾਨ ਮੇਲੇ ’ਤੇ ਫ਼ਸਲਾਂ ਦੇ ਮੁਕਾਬਲੇ ’ਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮੱਲ੍ਹਾ ਦੇ ਅਗਾਂਹ ਵਧੂ ਕਿਸਾਨ ਬਲਜੀਤ ਸਿੰਘ ਨੂੰ ਗੇਂਦੇ ਦੇ ਫੁੱਲਾਂ ਦਾ ਦੂਜਾ ਇਨਾਮ ਮਿਲਿਆ।