ਪੱਟੀ ’ਚ ਈਦ-ਉਲ-ਫ਼ਿਤਰ ਮੌਕੇ ਜਾਮਾ ਮਸਜਿਦ ਦਾਣਾ ਮੰਡੀ ’ਚ ਅਦਾ ਕੀਤੀ ਨਮਾਜ਼, ਭਾਈਚਾਰਕ ਸਾਂਝ ਦਾ ਦਿੱਤਾ ਸੰਦੇਸ਼
ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਲੋਕ ਇਬਾਦਤਾਂ ਦੇ ਨਾਲ-ਨਾਲ ਖ਼ੁਸ਼ੀ ਦੇ ਇਸ ਤਿਉਹਾਰ ਲਈ ਤਿਆਰੀਆਂ ਕਰਦੇ ਹਨ।
Publish Date: Sat, 21 Mar 2026 04:51 PM (IST)
Updated Date: Sun, 22 Mar 2026 04:07 AM (IST)

ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਪਵਿੱਤਰ ਤਿਉਹਾਰ ਈਦ-ਉਲ-ਫਿਤਰ ਮੌਕੇ ਸ਼ਹਿਰ ਦੀ ਉਮਰ ਫ਼ਾਰੂਕ ਜਾਮਾ ਮਸਜਿਦ ਦਾਣਾ ਮੰਡੀ ਪੱਟੀ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਅਕੀਦਤ ਨਾਲ ਈਦ ਦੀ ਨਮਾਜ਼ ਅਦਾ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ’ਚ ਮੁਸਲਿਮ ਭਾਈਚਾਰੇ ਦੇ ਲੋਕਾਂ ਸਮੇਤ ਨੰਨ੍ਹੇ-ਮੁੰਨੇ ਬੱਚਿਆਂ ਨੇ ਵੀ ਭਾਗ ਲਿਆ ਤੇ ਇਕ-ਦੂਜੇ ਨਾਲ ਗਲੇ-ਮਿਲ ਕੇ ਈਦ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ। ਇਸ ਮੌਕੇ ਮਸਜਿਦ ਦੇ ਇਮਾਮ ਮੁਹੰਮਦ ਅਕਮਲ ਤੇ ਸਈਅਦ ਮੁਹੰਮਦ ਆਰਿਫ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਲੋਕ ਇਬਾਦਤਾਂ ਦੇ ਨਾਲ-ਨਾਲ ਖ਼ੁਸ਼ੀ ਦੇ ਇਸ ਤਿਉਹਾਰ ਲਈ ਤਿਆਰੀਆਂ ਕਰਦੇ ਹਨ। ਬਾਜ਼ਾਰਾਂ ’ਚੋਂ ਨਵੇਂ ਕੱਪੜੇ ਖਰੀਦੇ ਜਾਂਦੇ ਹਨ ਤੇ ਈਦ ਵਾਲੇ ਦਿਨ ਘਰਾਂ ’ਚ ਖੀਰ, ਦੁੱਧ ਵਾਲੀਆਂ ਸੇਵੀਆਂ ਤੇ ਹੋਰ ਵੱਖ-ਵੱਖ ਪਕਵਾਨ ਤਿਆਰ ਕਰ ਕੇ ਆਪਸੀ ਪਿਆਰ ਨਾਲ ਵੰਡੇ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਈਦ ਦਾ ਇਤਿਹਾਸ ਸਦੀਆਂ ਪੁਰਾਣਾ ਹੈ ਤੇ ਇਹ ਤਿਉਹਾਰ ਖੁਸ਼ੀ, ਬਰਕਤ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਧਾਰਮਿਕ ਰਿਵਾਇਤਾਂ ਅਨੁਸਾਰ, ਹਜ਼ਰਤ ਆਦਮ ਅਲੈਹਿਸਲਾਮ ਦੀ ਤੌਬਾ ਕਬੂਲ ਹੋਣ ਤੋਂ ਬਾਅਦ ਪਹਿਲੀ ਵਾਰ ਈਦ ਮਨਾਈ ਗਈ। ਇਸੇ ਤਰ੍ਹਾਂ ਹਜ਼ਰਤ ਇਬਰਾਹੀਮ ਅਲੈਹਿਸਲਾਮ ਨਾਲ ਜੁੜੀਆਂ ਘਟਨਾਵਾਂ ਵੀ ਇਸ ਤਿਉਹਾਰ ਦੀ ਮਹੱਤਤਾ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਹੋਰ ਕਿਹਾ ਕਿ ਇਸਲਾਮ ਧਰਮ ’ਚ ਗ਼ਰੀਬ, ਬੇਸਹਾਰਾ ਤੇ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਦੀ ਸਹਾਇਤਾ ਕਰਨ ਦਾ ਖ਼ਾਸ ਸੰਦੇਸ਼ ਦਿੱਤਾ ਗਿਆ ਹੈ ਤੇ ਮਨੁੱਖ ਆਪਣੇ ਗੁਨਾਹਾਂ ਲਈ ਤੌਬਾ ਕਰ ਕੇ ਮਾਫ਼ੀ ਮੰਗਦਾ ਹੈ। ਅੱਜ ਦੀ ਇਹ ਇਬਾਦਤ ਸਮੂਹ ਦੇਸ਼ ਵਾਸੀਆਂ ਦੀ ਭਲਾਈ, ਭਾਈਚਾਰਕ ਸਾਂਝ ਤੇ ਦੇਸ਼ ਦੀਆਂ ਸਰਹੱਦਾਂ ਦੀ ਮਜ਼ਬੂਤੀ ਲਈ ਅਰਦਾਸ ਵਜੋਂ ਕੀਤੀ ਗਈ। ਇਸ ਮੌਕੇ ਹੁੰਮਦ ਅਕਮਲ ਇਮਾਮ ,ਡਾ. ਸੁਲਮਾਨ, ਮੁਹੰਮਦ ਸਫ਼ੀ ਖਾਂ, ਡਾ. ਨਵਾਬ ਅਲੀ, ਸਮਸੂਦੀਨ, ਮੁਹੰਮਦ ਆਰਿਫ਼, ਮੁਹੰਮਦ ਹੰਸ, ਫਿਰੋਜ਼ ਦੀਨ, ਸਮਸ਼ੇਰ ਅਲੀ, ਮੁਮਤਾਜ ਅਲੀ, ਮੁਹੰਮਦ ਹਨੀਫ਼, ਮੁਹੰਮਦ ਹਸਨ, ਮਹਿਰੀਨ ਮਲਿਕ, ਅਕਬਰ, ਮੁਹੰਮਦ ਅਸਲਮ, ਸਾਦਿਕ, ਸੁਲਤਾਨ, ਮਨਤਾਜ ਅਲੀ ਪ੍ਰਧਾਨ, ਮੁਹੰਮਦ ਸ਼ਫੀ ਖ਼ਾਨ, ਡਾ. ਸਲਮਾਨ ਖਾਨ, ਨਵਾਬ ਅਲੀ, ਫਿਰੋਜ਼ਦੀਨ ਆਦਿ ਹਾਜ਼ਰ ਸਨ।