ਵਾਰਡ 10 ’ਚ ਸਫ਼ਾਈ ਦੇ ਪ੍ਰਬੰਧ ਨਾਕਸ, ਬਿਮਾਰੀਆਂ ਫੈਲਣ ਦਾ ਖ਼ਦਸ਼ਾ
ਥਾਂ-ਥਾਂ ਖਿੱਲਰਿਆ ਕੂੜਾ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ
Publish Date: Wed, 18 Mar 2026 04:30 PM (IST)
Updated Date: Thu, 19 Mar 2026 04:04 AM (IST)
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੀ ਵਾਰਡ ਨੰਬਰ 10 ਤੋਂ ਕੌਂਸਲਰ ਮਨੋਜ ਅਗਨੀਹੋਤਰੀ ਨੇ ਆਪਣੀ ਵਾਰਡ ’ਚ ਸਫ਼ਾਈ ਦੇ ਪ੍ਰਬੰਧ ਨਾ ਹੋਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਕਿਹਾ ਕਿ ਥਾਂ-ਥਾਂ ਖਿੱਲਰਿਆ ਕੂੜਾ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ ਤੇ ਨਗਰ ਕੌਂਸਲ ਵੱਲੋਂ ਇਸ ਨੂੰ ਸਮੇਂ ਸਿਰ ਨਾ ਚੁੱਕੇ ਜਾਣ ਕਰਕੇ ਬਰਸਾਤ ਦੇ ਮੌਸਮ ’ਚ ਹਲਾਤ ਹੋਰ ਖਰਾਬ ਹੋ ਰਹੇ ਹਨ। ਜਿਸ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਹੋ ਸਕਦਾ ਹੈ।
ਖਾਲਸਾਪੁਰ ਰੋਡ ’ਤੇ ਕੂੜੇ ਦੇ ਢੇਰ ਦਿਖਾਉਂਦਿਆਂ ਅਕਾਲੀ ਦਲ ਦੇ ਕੌਂਸਲਰ ਮਨੋਜ ਅਗਨੀਹੋਤਰੀ ਨੇ ਕਿਹਾ ਕਿ ਵਾਰਡ ਨਾਲ ਹੋ ਰਹੇ ਵਿਤਕਰੇ ਬਾਰੇ ਉਹ ਕਈ ਵਾਰ ਆਵਾਜ਼ ਉਠਾ ਚੁੱਕੇ ਹਨ, ਪਰ ਪਰਨਾਲਾ ਉੱਥੇ ਦਾ ਉੱਥੇ ਹੈ। ਕੌਂਸਲਰ ਅਗਨੀਹੋਤਰੀ ਨੇ ਕਿਹਾ ਕਿ ਜਦੋਂ ਉਹ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਗੱਲ ਕਰਦੇ ਹਨ, ਤਾਂ ਉਹ ਅੱਗੋਂ ਬੱਸ ਇਹ ਕਹਿ ਦਿੰਦੇ ਹਨ ਕਿ ਜਲਦ ਮਸਲਾ ਹੱਲ ਹੋ ਜਾਵੇਗਾ, ਪਰ ਹੁੰਦਾ ਕੁਝ ਨਹੀਂ। ਮਨੋਜ ਅਗਨੀਹੋਤਰੀ ਨੇ ਕਿਹਾ ਕਿ ਵਾਰਡ ਕੋਈ ਵੀ ਹੋਵੇ ਨਗਰ ਕੌਂਸਲ ਦਾ ਫ਼ਰਜ਼ ਬਣਦਾ ਹੈ ਕਿ ਸ਼ਹਿਰ ਵਾਸੀਆਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਸਫ਼ਾਈ ਦੇ ਪ੍ਰਬੰਧ ਕੀਤੇ ਜਾਣ। ਮਨੋਜ ਨੇ ਕਿਹਾ ਕਿ ਵਾਰਡ ਵਾਸੀਆਂ ਨੇ ਉਨ੍ਹਾਂ ਨੂੰ ਵੋਟਾਂ ਨਾਲ ਆਪਣਾ ਨੁਮਾਇੰਦਾ ਚੁਣਿਆ ਹੈ ਤੇ ਵਾਰਡ ਵਾਸੀਆਂ ਦੀ ਆਵਾਜ਼ ਬਣਨਾ ਉਨ੍ਹਾਂ ਦਾ ਫ਼ਰਜ਼ ਹੈ, ਜਿਸ ਨੂੰ ਉਹ ਹਮੇਸ਼ਾ ਨਿਭਾਉਂਦੇ ਰਹਿਣਗੇ।
ਕੈਪਸ਼ਨ - ਵਾਰਡ ਵਿਚ ਲੱਗੇ ਕੂੜੇ ਦੇ ਢੇਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਅਕਾਲੀ ਦਲ ਦੇ ਕੌਂਸਲਰ ਮਨੋਜ ਅਗਨੀਹੋਤਰੀ।