ਮੈਡੀਕਲ ਸਟੋਰ ’ਤੇ ਫਾਇਰਿੰਗ ਦਾ ਮਾਮਲਾ, ਪੁਲਿਸ ਨੇ ਜਾਰੀ ਕੀਤੀ ਸ਼ੱਕੀਆਂ ਦੀ ਤਸਵੀਰ
ਪੁਲਿਸ ਨੇ ਸੰਦੇਸ਼ ਵੀ ਦਿੱਤਾ ਹੈ ਕਿ ਜੇਕਰ ਗੋਲੀਕਾਂਡ ’ਚ ਲੁੜੀਂਦੇ ਇਨ੍ਹਾਂ ਸ਼ੂਟਰਾਂ ਦੀ ਜਾਣਕਾਰੀ ਮਿਲੇ ਤਾਂ ਉਹ ਪੁਲਿਸ ਨੂੰ ਸੂਚਿਤ ਕਰੇ।
Publish Date: Sun, 29 Mar 2026 07:20 PM (IST)
Updated Date: Mon, 30 Mar 2026 04:09 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਅਮਰਕੋਟ : ਕਸਬਾ ਅਮਰਕੋਟ ਵਿਖੇ ਸਥਿਤ ਜੱਜ ਮੈਡੀਕਲ ਸਟੋਰ ਨਾਂ ਦੀ ਦੁਕਾਨ ’ਤੇ ਗੋਲ਼ੀਆਂ ਚਲਾਉਣ ਵਾਲੇ ਸ਼ੱਕੀ ਬਾਈਕ ਸਵਾਰ ਦੋ ਨਕਾਬਪੋਸ਼ਾਂ ਦੀ ਸੀਸੀਟੀਵੀ ਤਸਵੀਰ ਪੁਲਿਸ ਨੇ ਐਤਵਾਰ ਨੂੰ ਜਾਰੀ ਕੀਤੀ ਹੈ। ਪੁਲਿਸ ਨੇ ਸੰਦੇਸ਼ ਵੀ ਦਿੱਤਾ ਹੈ ਕਿ ਜੇਕਰ ਗੋਲੀਕਾਂਡ ’ਚ ਲੁੜੀਂਦੇ ਇਨ੍ਹਾਂ ਸ਼ੂਟਰਾਂ ਦੀ ਜਾਣਕਾਰੀ ਮਿਲੇ ਤਾਂ ਉਹ ਪੁਲਿਸ ਨੂੰ ਸੂਚਿਤ ਕਰੇ। ਦੱਸ ਦਈਏ ਕਿ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਅਮਰਕੋਟ ਵਿਖੇ ਸ਼ਨਿਚਰਵਾਰ ਸਵੇਰੇ ਕਰੀਬ ਗਿਆਰਾਂ ਵਜੇ ਬਾਈਕ ਸਵਾਰ ਦੋ ਨੌਜਵਾਨਾਂ ਨੇ ਰਾਜੋਕੇ ਰੋਡ ’ਤੇ ਸਥਿਤ ਜੱਜ ਮੈਡੀਕਲ ਸਟੋਰ ’ਤੇ ਚਾਰ ਗੋਲ਼ੀਆਂ ਚਲਾਈਆਂ ਸਨ। ਇਸ ਗੋਲ਼ੀਬਾਰੀ ਦੌਰਾਨ ਜੱਜਪਾਲ ਦਾ ਲੜਕਾ ਸੁਨੀਲ ਅਰੋੜਾ ਲੱਤ ’ਚ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਭਿੱਖੀਵਿੰਡ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਉੱਧਰ ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਗੋਲ਼ੀਆਂ ਚਲਾਉਣ ਤੋਂ ਪਹਿਲਾਂ ਦੁਕਾਨ ਦੇ ਅੱਗੇ ਵਾਰ-ਵਾਰ ਚੱਕਰ ਲਾਏ ਸਨ। ਬਾਅਦ ’ਚ ਉਕਤ ਲੋਕਾਂ ਨੇ ਦੁਕਾਨ ’ਤੇ ਸਿੱਧੀਆਂ ਗੋਲ਼ੀਆਂ ਚਲਾ ਦਿੱਤੀਆਂ। ਇਕ ਪਾਸੇ ਜਿੱਥੇ ਦੁਕਾਨਦਾਰਾਂ ’ਚ ਉਕਤ ਘਟਨਾ ਨੂੰ ਲੈ ਕੇ ਸਹਿਮ ਹੈ, ਉੱਥੇ ਹੀ ਪੁਲਿਸ ਨੇ ਬਾਈਕ ਸਵਾਰ ਦੋ ਨਕਾਬਪੋਸ਼ਾਂ ਦੀ ਸੀਸੀਟੀਵੀ ਕੈਮਰਿਆਂ ’ਚੋਂ ਲਈ ਗਈ ਤਸਵੀਰ ਵੀ ਸੋਸ਼ਲ ਮੀਡੀਆ ’ਤੇ ਜਾਰੀ ਕੀਤੀ ਹੈ। ਡੀਐੱਸਪੀ ਨੇ ਕਿਹਾ ਕਿ ਜੇਕਰ ਇਨ੍ਹਾਂ ਲੋਕਾਂ ਬਾਰੇ ਕਿਸੇ ਨੂੰ ਜਾਣਕਾਰੀ ਮਿਲਦੀ ਹੈ ਤਾਂ ਉਹ ਥਾਣਾ ਵਲਟੋਹਾ ਦੇ ਮੁਖੀ ਜਾਂ ਪੁਲਿਸ ਕੰਟਰੋਲ ਰੂਮ ’ਤੇ ਸੂਚਨਾ ਦੇਵੇ।