ਪਿੰਡ ਢੰਡ ਤੋਂ ਲਾਪਤਾ ਹੋਏ ਜਿਊਲਰ ਦਾ ਪੁਲਿਸ ਨੂੰ ਨਹੀਂ ਮਿਲਿਆ ਕੋਈ ਸੁਰਾਗ
ਪਰਿਵਾਰਿਕ ਮੈਂਬਰਾਂ ਵੱਲੋਂ ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਦਰਖ਼ਾਸਤ ਦੇ ਦਿੱਤੀ ਗਈ ਹੈ।
Publish Date: Tue, 20 Jan 2026 05:40 PM (IST)
Updated Date: Wed, 21 Jan 2026 04:07 AM (IST)
ਨਰਿੰਦਰ ਸਿੰਘ ਦੋਦੇ•,ਪੰਜਾਬੀ ਜਾਗਰਣ, ਸਰਾਏ ਅਮਾਨਤ ਖਾਂ : ਪਿੰਡ ਢੰਡ ’ਚ ਸਥਿਤ ਸਿਮਰਨ ਜਿਊਲਰ ਦੇ ਮਾਲਕ ਅਮਰਜੀਤ ਸਿੰਘ ਦੇ ਅਚਾਨਕ ਲਾਪਤਾ ਹੋ ਜਾਣ ਕਾਰਨ ਇਲਾਕੇ ’ਚ ਦਹਿਸ਼ਤ ਪਾਈ ਜਾ ਰਹੀ ਹੈ। ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਵਾਸੀ ਅੱਡਾ ਝਬਾਲ ਨੇ ਦੱਸਿਆ ਕਿ ਉਸ ਦਾ ਲੜਕਾ ਅਮਰਜੀਤ ਸਿੰਘ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਸਿਮਰਨ ਜਿਊਲਰ ’ਤੇ ਗਿਆ ਤੇ ਅਚਾਨਕ ਦੁਪਹਿਰ 2 ਵਜੇ ਆਪਣੀ ਦੁਕਾਨ ਤੋਂ ਬਾਹਰ ਨਿਕਲ ਕੇ ਕਿਸੇ ਵਿਅਕਤੀ ਦੇ ਮੋਟਰਸਾਈਕਲ ’ਤੇ ਬੈਠ ਕੇ ਕਿਸੇ ਅਣਦੱਸੀ ਥਾਂ ’ਤੇ ਚਲਾ ਗਿਆ। ਉਸ ਨੇ ਆਪਣੇ ਭਰਾ ਦੇ ਫ਼ੋਨ ’ਤੇ ਮੈਸੇਜ ਕਰ ਦਿੱਤਾ, ਮੈਂ ਕਿਸੇ ਵਿਅਕਤੀ ਨੂੰ 20 ਲੱਖ ਰੁਪਏ ਦੇ ਦਿੱਤੇ ਨੇ ਹੁਣ ਮੇਰੀ ਕੋਈ ਉਡੀਕ ਨਾ ਰੱਖਿਓ। ਇਸ ਤੋਂ ਬਾਅਦ ਅਮਰਜੀਤ ਸਿੰਘ ਦਾ ਫ਼ੋਨ ਲਗਾਤਾਰ ਬੰਦ ਆ ਰਿਹਾ ਹੈ।
ਜਿਸ ਕਾਰਨ ਪਰਿਵਾਰਿਕ ਮੈਂਬਰਾਂ ’ਚ ਸਹਿਮ ਦਾ ਮਾਹੌਲ ਹੈ। ਪਰਿਵਾਰਿਕ ਮੈਂਬਰਾਂ ਵੱਲੋਂ ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਦਰਖ਼ਾਸਤ ਦੇ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਅਣਪਛਾਤੇ ਵਿਅਕਤੀਆਂ ਵੱਲੋਂ ਅਗਵਾ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।
ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਬਲਜਿੰਦਰ ਸਿੰਘ ਬਾਜਵਾ ਨਾਲ ਗੱਲਬਾਤ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਪਰਿਵਾਰ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ ਉਕਤ ਵਿਅਕਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਕੇ ਵੱਖ-ਵੱਖ ਪਹਿਲੂਆਂ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਅਜੇ ਤੱਕ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਿਆ ਤੇ ਪੁਲਿਸ ਵੱਲੋਂ ਜਲਦੀ ਹੀ ਕੋਈ ਨਾ ਕੋਈ ਸੁਰਾਗ ਲੱਭਣ ’ਚ ਸਫ਼ਲਤਾ ਹਾਸਲ ਕਰ ਲਈ ਜਾਵੇਗੀ ।