ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਫਿਰੌਤੀ ਮੰਗਣ ਵਾਲਾ ਪੁਲਿਸ ਨੇ ਕੀਤਾ ਕਾਬੂ
ਮੁਲਜ਼ਮ ਨੇ ਮੰਨਿਆ ਕਿ ਇਸੇ ਫੋਨ ਦੀ ਵਰਤੋਂ ਉਸਨੇ ਫਿਰੌਤੀ ਮੰਗਣ ਲਈ ਕੀਤੀ ਸੀ। ਉਨ੍ਹਾਂ ਦੱਸਿਆ ਕਿ ਬਰਾਮਦ ਹੋਏ ਫੋਨ ਦੀ ਵੀ ਤਕੀਨੀਕ ਅਤੇ ਫੌਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ।
Publish Date: Mon, 12 Jan 2026 07:52 PM (IST)
Updated Date: Tue, 13 Jan 2026 04:12 AM (IST)

ਸਟਾਫ ਰਿਪੋਰਟਰ•,ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਭੁੱਲਰ ਦੇ ਕਾਰੋਬਾਰੀ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਫਿਰੌਤੀ ਲਈ ਧਮਕਾਉਣ ਵਾਲੇ ਦੀ ਤਰਨਤਾਰਨ ਪੁਲਿਸ ਨੇ ਪਛਾਣ ਕਰਕੇ ਉਸ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਫੜ੍ਹੇ ਗਏ ਨੌਜਵਾਨ ਦੀ ਪਛਾਣ ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਬਾਠ ਵਜੋਂ ਹੋਈ ਹੈ। ਜਿਸ ਕੋਲੋਂ ਪੁਲਿਸ ਹੋਰ ਪੁੱਛਗਿੱਛ ਕਰਨ ਵਿਚ ਲੱਗੀ ਹੈ। ਜਦੋਂਕਿ ਫਿਰੌਤੀ ਲਈ ਕਾਲ ਕਰਨ ਵਾਸਤੇ ਵਰਤੇ ਗਏ ਮੋਬਾਈਲ ਫੋਨ ਨੂੰ ਵੀ ਪੁਲਿਸ ਨੇ ਕਬਜੇ ਵਿਚ ਲੈ ਲਿਆ ਹੈ। ਐੱਸਪੀ ਇਨਵੈਸਟੀਗੇਸ਼ਨ ਡਾ. ਰਿਪੁਤਪਨ ਸਿੰਘ ਨੇ ਸੋਮਵਾਰ ਨੂੰ ਪ੍ਰੈੱਸ ਵਾਰਤਾ ਦੌਰਾਨ ਦੱਸਿਆ ਕਿ ਪਿੰਡ ਭੁੱਲਰ ਦੇ ਇਕ ਕਾਰੋਬਾਰੀ ਨੂੰ ਚਾਰ ਜਨਵਰੀ ਵਾਲੇ ਦਿਨ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਫਿਰੌਤੀ ਦੀ ਮੰਗ ਕੀਤੀ ਗਈ ਸੀ। ਜਿਸ ਸਬੰਧੀ ਥਾਣਾ ਸਦਰ ਤਰਨਤਾਰਨ ਵਿਖੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰਨ ਉਪਰੰਤ ਐੱਸਐੱਸਪੀ ਸੁਰੇਂਦਰ ਲਾਂਬਾ ਦੀ ਨਿਗਰਾਨੀ ਹੇਠ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਜਾਂਚ ਸ਼ੁਰੂ ਕੀਤੀ। ਮਨੁੱਖੀ ਅਤੇ ਤਕਨੀਕੀ ਸਰੋਤਾਂ ਤੋਂ ਖੁਲਾਸਾ ਹੋਇਆ ਕਿ ਭੁੱਲਰ ਦੇ ਕਾਰੋਬਾਰੀ ਨੂੰ ਫੋਨ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਪਿੰਡ ਬਾਠ ਦਾ ਜਸ਼ਨਪ੍ਰੀਤ ਸਿੰਘ ਹੀ ਹੈ। ਉਨ੍ਹਾਂ ਦੱਸਿਆ ਕਿ ਤੁਰੰਤ ਕਾਰਵਾਈ ਕਰਦਿਆਂ ਜਸ਼ਨਪ੍ਰੀਤ ਸਿੰਘ ਨੂੰ ਬੀਤੇ ਦਿਨ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੁੱਛਗਿੱਛ ਦੌਰਾਨ ਉਸਦਾ ਫੋਨ ਵੀ ਬਰਾਮਦ ਹੋਇਆ। ਜਿਸ ਸਬੰਧੀ ਉਸਨੇ ਮੰਨਿਆ ਕਿ ਇਸੇ ਫੋਨ ਦੀ ਵਰਤੋਂ ਉਸਨੇ ਫਿਰੌਤੀ ਮੰਗਣ ਲਈ ਕੀਤੀ ਸੀ। ਉਨ੍ਹਾਂ ਦੱਸਿਆ ਕਿ ਬਰਾਮਦ ਹੋਏ ਫੋਨ ਦੀ ਵੀ ਤਕੀਨੀਕ ਅਤੇ ਫੌਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ। ਕੈਪਸ਼ਨ- ਫਿਰੌਤੀ ਮੰਗਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਨੌਜਵਾਨ ਸਬੰਧੀ ਜਾਣਕਾਰੀ ਦਿੰਦੇ ਐੱਸਪੀ ਰਿਪੂੁਤਪਨ ਸਿੰਘ ਨਾਲ ਹਨ ਥਾਣਾ ਮੁਖੀ ਇੰਸਪੈਕਟਰ ਗੁਰਚਰਨ ਸਿੰਘ।