- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਹੱਲਾ ਨਾਨਕਸਰ ਨੂੰ ਜਾਣ ਵਾਲੀ ਰੋਹੀ ਕੰਢੇ ਵਾਲੀ ਸੜਕ ’ਤੇ ਲੱਗੇ ਕੂੜੇ ਦੇ ਢੇਰਾਂ ਨੂੰ ਜਲਦ ਤੋਂ ਜਲਦ ਚੁਕਾਇਆ ਜਾਵੇ

ਜਸਪਾਲ ਜੱਸੀ/ਗੁਰਪ੍ਰੀਤ ਕੱਦਗਿੱਲ,•ਪੰਜਾਬੀ ਜਾਗਰਣ, ਤਰਨਤਾਰਨ : ਸ਼ਹਿਰ ਦੀ ਸੰਘਣੀ ਅਬਾਦੀ ਵਿੱਚੋਂ ਬਰਸਾਤੀ ਨਾਲਾ ਲੰਘਦਾ ਹੈ। ਗੁਰਦਾਸਪੁਰ ਜ਼ਿਲ੍ਹੇ ਤੋਂ ਆਰੰਭ ਹੋ ਕੇ ਪਾਕਿਸਤਾਨ ਦੇ ਸ਼ਹਿਰ ਕਸੂਰ ਤੱਕ ਜਾਣ ਵਾਲੇ ਇਸ ਨਾਲੇ ਨੂੰ ਕਸੂਰ ਨਾਲੇ ਵਜੋਂ ਵੀ ਜਾਣਿਆ ਜਾਂਦਾ ਹੈ। ਗੰਦੇ ਪਾਣੀ ਦੀ ਡਾਫ ਲੱਗਣ ਕਾਰਨ ਪਹਿਲਾਂ ਹੀ ਬਦਬੂ ਦਾ ਘਰ ਬਣੇ ਇਸ ਨਾਲੇ, ਜਿਸ ਨੂੰ ਰੋਹੀ ਵੀ ਕਿਹਾ ਜਾਂਦਾ ਹੈ ਦੇ ਕਿਨਾਰਿਆਂ ’ਤੇ ਲੱਗੇ ਕੂੜੇ ਦੇ ਢੇਰ ਹੁਣ ਰਹਿੰਦੀ ਕਸਰ ਵੀ ਪੂਰੀ ਕਰ ਰਹੇ ਹਨ। ਜਿਨ੍ਹਾਂ ਵਿੱਚੋਂ ਉੱਠਦੀ ਬਦਬੂ ਦੇ ਕਾਰਨ ਰਾਹਗੀਰਾਂ ਤੇ ਨਾਲ ਲੱਗਦੇ ਦੁਕਾਨਦਾਰਾਂ ਦਾ ਵੀ ਮੰਦਾ ਹਾਲ ਹੈ।
ਦੱਸ ਦਈਏ ਕਿ ਕਸੂਰ ਨਾਲੇ ਉੱਪਰ ਪੁਲ ਨੂੰ ਚਾਰ ਮਾਰਗੀ ਕਰਨ ਉਪਰੰਤ ਇਸ ਦੇ ਇਕ ਹਿੱਸੇ ਨੂੰ ਮਿੱਟੀ ਪਾ ਕੇ ਪੂਰ ਦਿੱਤਾ ਗਿਆ ਸੀ, ਤਾਂ ਜੋ ਇੱਥੇ ਆਧੁਨਿਕ ਤਰੀਕੇ ਨਾਲ ਰੇਹੜੀ ਮਾਰਕੀਟ ਦਾ ਨਿਰਮਾਣ ਕਰਵਾਇਆ ਜਾ ਸਕੇ। ਇਹ ਕਾਰਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਸ਼ੁਰੂ ਹੋਇਆ ਸੀ। ਪਰ 2017 ਵਿਚ ਸਰਕਾਰ ਕਾਂਗਰਸ ਦੀ ਬਣ ਗਈ ਅਤੇ ਰੇਹੜੀ ਮਾਰਕੀਟ ਬਣਨਾ ਸੁਪਨਾ ਹੀ ਰਹਿ ਗਿਆ। ਫਿਰ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ’ਚ ਆ ਗਈ, ਪਰ ਰੇਹੜੀ ਮਾਰਕੀਟ ਆਪਣੇ ਅਸਤਿਤਵ ’ਚ ਨਾ ਆ ਸਕੀ। ਹੁਣ ਹਲਾਤ ਇਹ ਹਨ ਕਿ ਰੇਹੜੀ ਮਾਰਕੀਟ ਲਈ ਤਿਆਰ ਕੀਤੀ ਗਈ ਜਗ੍ਹਾ ਕੂੜੇ ਦਾ ਡੰਪ ਬਣਦੀ ਜਾ ਰਹੀ ਹੈ। ਇਲਾਕਾ ਵਾਸੀਆਂ ਦੀ ਮੰਨੀਏ ਤਾਂ ਮੁਹੱਲਿਆਂ ’ਚੋਂ ਇਕੱਠਾ ਕੀਤਾ ਕੂੜਾ ਇੱਥੇ ਸੁੱਟ ਦਿੱਤਾ ਜਾਂਦਾ ਹੈ। ਜਿਸ ਕਾਰਨ ਕੂੜੇ ’ਚੋਂ ਉੱਠਦੀ ਬਦਬੂ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਰੋਹੀ ਦੇ ਨਜ਼ਦੀਕ ਹੀ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਦਫਤਰ ਤੋਂ ਇਲਾਵਾ ਹਸਪਤਾਲ ’ਚ ਰਹਿੰਦੇ ਲੋਕਾਂ ਦੇ ਕੁਝ ਕੁਆਰਟਰ ਵੀ ਹਨ। ਜਦੋਂਕਿ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਨਾਲ-ਨਾਲ ਵੱਡੇ ਪੱਧਰ ’ਤੇ ਦੁਕਾਨਾਂ ਵੀ ਇੱਥੇ ਚੱਲਦੀਆਂ ਹਨ। ਜਿੱਥੇ ਸਾਰਾ ਦਿਨ ਗਾਹਕਾਂ ਦੀ ਆਵਾਜਾਈ ਰਹਿੰਦੀ ਹੈ। ਜਿਸ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹੱਲਾ ਨਾਨਕਸਰ ਨੂੰ ਜਾਣ ਵਾਲੀ ਸੜਕ ਜੋ ਕਿ ਕਈ ਮੁਹੱਲਿਆਂ ਨੂੰ ਆਪਸ ’ਚ ਜੋੜਦੀ ਹੈ ਅਤੇ ਇਸ ਸੜਕ ’ਤੇ ਵੀ ਭਾਰੀ ਆਵਾਜਾਈ ਰਹਿੰਦੀ ਹੈ। ਪਰ ਰੋਹੀ ਕੰਢੇ ਲੱਗੇ ਕੂੜੇ ਦੇ ਢੇਰ ਲੋਕਾਂ ਲਈ ਸਿਰਦਰਦੀ ਬਣੇ ਹੋਏ ਹਨ। ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਮੁਹੱਲਾ ਨਾਨਕਸਰ ਨੂੰ ਜਾਣ ਵਾਲੀ ਰੋਹੀ ਕੰਢੇ ਵਾਲੀ ਸੜਕ ’ਤੇ ਲੱਗੇ ਕੂੜੇ ਦੇ ਢੇਰਾਂ ਨੂੰ ਜਲਦ ਤੋਂ ਜਲਦ ਚੁਕਾਇਆ ਜਾਵੇ ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲ ਸਕੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕੂੜਾ ਕਰਕਟ ਸੁੱਟਣ ਵਾਲਿਆਂ ਨੂੰ ਵੀ ਰੋਕਿਆ ਜਾਵੇ।
======
ਕੂੜੇ ਦਾ ਪ੍ਰਬੰਧ ਕਰਕੇ ਲੋਕਾਂ ਨੂੰ ਦਿੱਤੀ ਜਾਵੇ ਰਾਹਤ : ਮੇਜਰ ਸਿੰਘ
ਸਮਾਜ ਸੇਵਕ ਮੇਜਰ ਸਿੰਘ ਨੇ ਕਿਹਾ ਕਿ ਰੋਹੀ ਕੰਢੇ ਅਕਸਰ ਕੂੜਾ ਕਰਕਟ ਪਿਆ ਹੁੰਦਾ ਹੈ, ਜਿਸ ’ਚੋਂ ਬਦਬੂ ਆ ਰਹੀ ਹੁੰਦੀ ਹੈ ਤੇ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ, ਉੱਥੇ ਰੋਹੀ ਕੰਢੇ ਵਸੇ ਮੁਹੱਲਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਬੰਧਤ ਵਿਭਾਗ ਨੂੰ ਸਾਫ਼ ਸਫਾਈ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਤਾਂ ਜੋ ਲੋਕਾਂ ਨੂੰ ਬਿਮਾਰੀਆਂ ਦੇ ਖਦਸ਼ੇ ਤੋਂ ਬਚਾਇਆ ਜਾ ਸਕੇ।
====
ਰੋਹੀ ਦੀ ਗੰਦਗੀ ਨਾਲ ਬਿਮਾਰੀਆਂ ਫੈਲਣ ਦਾ ਰਹਿੰਦੈ ਖਦਸ਼ਾ : ਸਾਹਿਲ
ਐਂਟੀ ਕੁਰੱਪਸ਼ਨ ਸੁਸਾਇਟੀ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਸਾਹਿਲ ਨੇ ਕਿਹਾ ਕਿ ਕਸੂਰ ਨਾਲੇ ਵਿਚ ਜਮ੍ਹਾਂ ਗੰਦੇ ਪਾਣੀ ਅਤੇ ਇਸ ਦੇ ਕਿਨਾਰਿਆਂ ਤੇ ਫੈਲੀ ਗੰਦਗੀ ਕਾਰਨ ਬਿਮਾਰਆਂ ਫੈਲਣ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਨਾਲਾ ਅਕਸਰ ਸੁਰਖੀਆਂ ਵਿਚ ਰਹਿੰਦਾ ਹੈ। ਕਦੇ ਗੰਦੇ ਪਾਣੀ ਦੀ ਡਾਫ, ਕਦੇ ਕੂੜਾ ਕਰਕਟ ਦਾ ਡੰਪ ਤੇ ਕਦੇ ਹੜ੍ਹਾਂ ਦਾ ਕਾਰਨ ਬਣਨ ਕਰ ਕੇ।
ਸ਼ਹਿਰ ਦੀ ਮੁੱਖ ਸੜਕ ’ਤੇ ਪੁਲ ਦੇ ਨੇੜੇ ਗੰਦਗੀ ਦੇ ਢੇਰ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲਗਾਉਂਦੇ ਹਨ। ਜਿਸਦਾ ਪ੍ਰਬੰਧ ਹੋਣਾ ਚਾਹੀਦਾ ਹੈ। ਕਿਉਂਕਿ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਬਣੀ ਵਾਹਨ ਪਾਰਕਿੰਗ ਵੀ ਰੋਹੀ ਕੰਢੇ ਹੀ ਹੈ।