ਕੇਂਦਰੀ ਜੇਲ੍ਹ ’ਚੋਂ ਬਰਾਮਦ ਹੋਏ ਫੋਨ ਤੇ ਵੱਡੀ ਮਾਤਰਾ ’ਚ ਤੰਬਾਕੂ ਪਦਾਰਥ
ਚੈਕਿੰਗ ਮੁਹਿੰਮ ਤਹਿਤ ਦੋ ਕੀਪੈਡ ਵਾਲੇ ਫੋਨ, 7 ਸਿਗਰਟ ਦੀਆਂ ਡੱਬੀਆਂ, ਬੀੜੀਆਂ ਦੇ 19 ਬੰਟਲ ਅਤੇ 6 ਤੰਬਾਕੂ ਦੀਆਂ ਪੁੜੀਆਂ ਬਰਾਮਦ ਕੀਤੀਆਂ।
Publish Date: Wed, 14 Jan 2026 07:37 PM (IST)
Updated Date: Thu, 15 Jan 2026 04:10 AM (IST)

ਗੁਰਬਰਿੰਦਰ ਸਿੰਘ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ’ਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਜੇਲ੍ਹ ਅਧਿਕਾਰੀਆਂ ਨੇ 13 ਮੋਬਾਈਲ ਫੋਨ, 128 ਬੀੜੀਆਂ ਦੇ ਬੰਡਲ ਤੋਂ ਇਲਾਵਾ ਵੱਡੀ ਮਾਤਰਾ ’ਚ ਤੰਬਾਕੂ ਦੀਆਂ ਪੁੜੀਆਂ, ਚਾਰਜਰ ਤੇ ਹੈੱਡਫੋਨ ਆਦਿ ਬਰਾਮਦ ਕੀਤੇ ਹਨ। ਜਿਨ੍ਹਾਂ ਨੂੰ ਕਬਜ਼ੇ ’ਚ ਲੈ ਕੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਜਿੱਥੇ ਜੇਲ੍ਹ ਨਿਯਮਾਂ ਦੀ ਉਲੰਘਣਾ ਸਬੰਧੀ ਦੋ ਕੇਸ ਦਰਜ ਕਰ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਲਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਨੇ ਆਪਣੀ ਟੀਮ ਸਮੇਤ ਜਦੋਂ ਜੇਲ੍ਹ ਦੀਆਂ ਬੈਰਕਾਂ ’ਚ ਚੈਕਿੰਗ ਕੀਤੀ ਤਾਂ 11 ਕੀਪੈਡ ਵਾਲੇ ਮੋਬਾਈਲ ਫੋਨ, 15 ਚਾਰਜਰ, 14 ਹੈੱਡ ਫੋਨ, 1 ਬੈਟਰੀ, 10 ਹੀਟਰ ਸਪਰਿੰਗ, 36 ਸਿਗਰਟ ਦੀਆਂ ਡੱਬੀਆਂ, 29 ਤੰਬਾਕੂ ਦੀਆਂ ਪੁੜੀਆਂ, 109 ਬੀਡੀਆਂ ਦੇ ਬੰਡਲ ਅਤੇ 36 ਕੂਲਲਿਪ ਲਾਵਾਰਿਸ ਹਾਲਤ ’ਚ ਬਰਾਮਦ ਹੋਏ। ਇਸੇ ਤਰ੍ਹਾਂ ਹੀ ਇਕ ਹੋਰ ਚੈਕਿੰਗ ਮੁਹਿੰਮ ਤਹਿਤ ਦੋ ਕੀਪੈਡ ਵਾਲੇ ਫੋਨ, 7 ਸਿਗਰਟ ਦੀਆਂ ਡੱਬੀਆਂ, ਬੀੜੀਆਂ ਦੇ 19 ਬੰਟਲ ਅਤੇ 6 ਤੰਬਾਕੂ ਦੀਆਂ ਪੁੜੀਆਂ ਬਰਾਮਦ ਕੀਤੀਆਂ। ਦੂਜੇ ਪਾਸੇ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਨੇ ਦੱਸਿਆ ਕਿ ਜੇਲ੍ਹ ਵਿੱਚੋਂ ਹੋਈ ਬਰਾਮਦਗੀ ਸਬੰਧੀ ਦਰਜ ਕੀਤੇ ਗਏ ਦੋ ਕੇਸਾਂ ਵਿੱਚੋਂ ਇਕ ’ਚ ਗੁਲਾਬ ਸਿੰਘ ਪੁੱਤਰ ਰਾਜ ਸਿੰਘ ਵਾਸੀ ਹੰਸਾ ਵਾਲਾ ਨੂੰ ਨਾਮਜ਼ਦ ਕੀਤਾ ਗਿਆ ਹੈ। ਜਦੋਂਕਿ ਦੋਵਾਂ ਕੇਸਾਂ ਦੀ ਜਾਂਚ ਲਈ ਏਐੱਸਆਈ ਚਰਨਜੀਤ ਸਿੰਘ ਅਤੇ ਏਐੱਸਆਈ ਅਰਜਨ ਸਿੰਘ ਦੀ ਡਿਊਟੀ ਲਗਾਈ ਗਈ ਹੈ।