ਸੜਕ ਸੁਰੱਖਿਆ ਮਹੀਨੇ ਤਹਿਤ ਲੋਕਾਂ ਨੂੰ ਆਵਾਜਾਈ ਨਿਯਮਾਂ ਬਾਰੇ ਕੀਤਾ ਜਾਗਰੂਕ
ਸੜਕਾਂ ’ਤੇ ਵਿਸ਼ੇਸ਼ ਨਾਕੇ ਲਾ ਕੇ ਜਿਹੜੇ ਦੋ ਪਹੀਆ ਵਾਹਨ ਚਾਲਕਾਂ ਕੋਲ ਹੈਲਮੇਟ ਨਹੀਂ ਸਨ, ਉਨ੍ਹਾਂ ਨੂੰ ਹੈਲਮੇਟ ਵੰਡੇ ਗਏ ਤੇ ਨਾਲ ਹੀ ਤਾਕੀਦ ਕੀਤੀ ਗਈ ਕਿ ਉਹ ਬਿਨਾਂ ਹੈਲਮਟ ਤੋਂ ਦੋ ਪਹੀਆ ਵਾਹਨ ਕਦੀ ਨਾ ਚਲਾਉਣ।
Publish Date: Mon, 19 Jan 2026 07:06 PM (IST)
Updated Date: Tue, 20 Jan 2026 04:15 AM (IST)
ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ : ਟਰਾਂਸਪੋਰਟ ਵਿਭਾਗ ਵੱਲੋਂ 1 ਤੋਂ 31 ਜਨਵਰੀ ਤੱਕ ਮਨਾਏ ਜਾ ਰਹੇ ਰੋਡ ਸੇਫਟੀ ਮਹੀਨੇ ਦੇ ਚੱਲਦਿਆਂ ਆਮ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਸਬੰਧੀ ਜਾਗਰੂਕ ਕਰਨ ਦੇ ਇਲਾਵਾ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਤਹਿਤ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਕਪਿਲ ਜਿੰਦਲ ਦੀ ਨਿਗਰਾਨੀ ਹੇਠ ਸਿਵਲ ਸਰਜਨ ਤਰਨਤਾਰਨ, ਜ਼ਿਲ੍ਹਾ ਸਿੱਖਿਆ ਅਫ਼ਸਰ, ਟ੍ਰੈਫਿਕ ਪੁਲਿਸ ਤੇ ਜ਼ਿਲ੍ਹਾ ਬਾਲ ਵਿਕਾਸ ਅਫ਼ਸਰ ਸਣੇ ਸਮੂਹ ਵਿਭਾਗਾਂ ਦੇ ਸਹਿਯੋਗ ਨਾਲ ਵੱਖ-ਵੱਖ ਗਤਿਵਿਧੀਆਂ ਕੀਤੀਆਂ ਗਈਆਂ। ਟਰਾਂਸਪੋਰਟ ਵਿਭਾਗ ਦੀ ਅਗਵਾਈ ਹੇਠ ਸੋਮਵਾਰ ਨੂੰ ਸੜਕ ਸੁਰੱਖਿਆ ਮਹੀਨੇ ਤਹਿਤ ਜਿੱਥੇ ਵਾਹਨਾਂ ’ਤੇ ਰਿਫਲੈਕਟਰ ਲਾਏ ਗਏ ਤਾਂ ਜੋ ਰਾਤ ਸਮੇਂ ਤੇ ਧੁੰਦ ਦੌਰਾਨ ਸੜਕੀ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ। ਉੱਥੇ ਹੀ ਹੀ ਵੱਖ-ਵੱਖ ਸਕੂਲਾਂ ’ਚ ਟਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਸੈਮੀਨਾਰ ਲਾਏ ਗਏ ਤੇ ਸਕੂਲੀ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਬਾਰੇ ਵਿਸਥਾਰ ’ਚ ਜਾਣਕਾਰੀ ਦੇਣ ਦੇ ਨਾਲ ਉਨ੍ਹਾਂ ਨੂੰ ਹਮੇਸ਼ਾ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਤ ਕੀਤਾ ਗਿਆ।
ਇਸੇ ਦੌਰਾਨ ਹੀ ਟਰਾਂਸਪੋਰਟ ਵਿਭਾਗ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਟੈਕਸੀ ਸਟੈਂਡਾਂ ’ਤੇ ਵਿਸ਼ੇਸ਼ ਕੈਂਪ ਲਾ ਕੇ ਡਰਾਈਵਰਾਂ ਦੀ ਨਜ਼ਰ ਟੈਸਟ ਕੀਤੀ ਗਈ। ਸੜਕਾਂ ’ਤੇ ਵਿਸ਼ੇਸ਼ ਨਾਕੇ ਲਾ ਕੇ ਜਿਹੜੇ ਦੋ ਪਹੀਆ ਵਾਹਨ ਚਾਲਕਾਂ ਕੋਲ ਹੈਲਮੇਟ ਨਹੀਂ ਸਨ, ਉਨ੍ਹਾਂ ਨੂੰ ਹੈਲਮੇਟ ਵੰਡੇ ਗਏ ਤੇ ਨਾਲ ਹੀ ਤਾਕੀਦ ਕੀਤੀ ਗਈ ਕਿ ਉਹ ਬਿਨਾਂ ਹੈਲਮਟ ਤੋਂ ਦੋ ਪਹੀਆ ਵਾਹਨ ਕਦੀ ਨਾ ਚਲਾਉਣ।
ਇਸ ਮੌਕੇ ਕਪਿਲ ਜਿੰਦਲ ਆਰਟੀਓ ਤੋਂ ਇਲਾਵਾ ਮਨਿੰਦਰ ਸਿੰਘ ਏਟੀਓ, ਦਿਲਬਾਗ ਸਿੰਘ ਟ੍ਰੈਫਿਕ ਇੰਚਾਰਜ ਤਰਨਤਾਰਨ, ਗੁਰਦੇਵ ਸਿੰਘ, ਹਰਜਿੰਦਰ ਸਿੰਘ, ਕਰਨਜੀਤ ਸਿੰਘ, ਸੁਖਦੇਵ ਸਿੰਘ ਅਤੇ ਅੰਗਰੇਜ਼ ਸਿੰਘ ਆਦਿ ਵੀ ਹਾਜ਼ਰ ਸਨ।