ਬਕਾਏ ਤੇ ਹੋਰ ਬਣਦੇ ਹੱਕਾਂ ਲਈ 8 ਨੂੰ ਹੋਵੇਗੀ ਸੂਬਾਈ ਰੈਲੀ
ਪੈਨਸ਼ਨਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ
Publish Date: Thu, 05 Mar 2026 04:49 PM (IST)
Updated Date: Fri, 06 Mar 2026 04:03 AM (IST)

ਪੈਨਸ਼ਨਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ, ਤਰਨਤਾਰਨ ਦੀ ਜ਼ਿਲ੍ਹਾ ਪੱਧਰੀ ਮਾਸਿਕ ਮੀਟਿੰਗ ਪ੍ਰਧਾਨ ਅਜੀਤ ਸਿੰਘ ਫ਼ਤਿਹਚੱਕ ਦੀ ਅਗਵਾਈ ਹੇਠ ਹੋਈ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਜਨਰਲ ਸਕੱਤਰ ਮਨਜੀਤ ਸਿੰਘ ਨੇ ਮੀਟਿੰਗ ਲਈ ਆਏ ਪੈਨਸ਼ਨਰਾਂ ਨੂੰ ‘ਜੀ ਆਇਆਂ’ ਆਖਿਆ ਅਤੇ ਮੀਟਿੰਗ ਦਾ ਏਜੰਡਾ ਦੱਸਿਆ। ਬੁਲਾਰਿਆਂ ਵਿੱਚੋਂ ਸਰਪ੍ਰਸਤ ਸੁਰਜੀਤ ਸਿੰਘ ਅਤੇ ਰਸ਼ਪਾਲ ਸਿੰਘ ਰੰਧਾਵਾ, ਸੀਨੀਅਰ ਮੀਤ ਪ੍ਰਧਾਨ ਸ਼ਮੀਰ ਸਿੰਘ ਲਾਲਪੁਰਾ, ਕਾਨੂੰਨੀ ਸਲਾਹਕਾਰ ਬਲਵਿੰਦਰ ਕੁਮਾਰ ਕਪੂਰ, ਪੰਜਾਬ ਪੁਲੀਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਸੰਧੂ, ਸਰਵਣ ਸਿੰਘ ਰਸੂਲਪੁਰ, ਅਰਜਨ ਸਿੰਘ, ਜਗਤਾਰ ਸਿੰਘ ਸਰਲੀ, ਜਸਵਿੰਦਰ ਸਿੰਘ ਢਿੱਲੋਂ ਆਦਿ ਨੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਮਾਨ ਸਰਕਾਰ ਦੀ ਪੈਨਸ਼ਨਰਾਂ ਪ੍ਰਤੀ ਪਾਲਿਸੀ ਦੀ ਸਖ਼ਤ ਵਿਰੋਧਤਾ ਤੇ ਅਲੋਚਨਾ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਪਿਛਲੇ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਵੱਲ ਕੀਤੇ ਮਾਰਚ ਦੇ ਦਬਾਅ ਅਧੀਨ ਵਿੱਤ ਮੰਤਰੀ ਦੀ ਹਾਜਰੀ ਵਿਚ ਕੈਬਨਿਟ ਸਬ ਕਮੇਟੀ ਨਾਲ ਸਾਂਝਾ ਫਰੰਟ ਦੀ ਮੀਟਿੰਗ ਹੋਈ। ਪਰ ਮੀਟਿੰਗ ਵਿਚ ਜਿਨ੍ਹਾਂ ਮੁੱਦਿਆਂ ’ਤੇ ਸਹਿਮਤੀ ਬਣੀ ਸੀ, ਉਨ੍ਹਾਂ ਨੂੰ ਵੀ ਅਮਲ ਵਿਚ ਨਹੀਂ ਲਿਆਂਦਾ ਗਿਆ। ਪੈਨਸ਼ਨਰ ਆਗੂਆਂ ਨੇ ਰੋਸ ਅਤੇ ਰੋਹ ਭਰੇ ਲਹਿਜੇ ਵਿਚ ਆਖਿਆ ਕਿ ਪੰਜਾਬ ਸਰਕਾਰ ਸਿਰਫ਼ ਡੰਗ ਟਪਾਈ ਹੀ ਕਰ ਰਹੀ ਹੈ। ਉਹ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਮਸਲਿਆਂ ਪ੍ਰਤੀ ਗੰਭੀਰ ਨਹੀਂ ਹੈ। ਤਨਖਾਹ ਕਮਿਸ਼ਨ ਦੇ ਸਾਢੇ 5 ਸਾਲ ਦੇ ਬਕਾਏ ਯਕਮੁਸ਼ਤ ਅਦਾ ਕਰਨ ਦੀ ਬਜਾਏ 36 ਤੋਂ 42 ਮਹੀਨਿਆਂ ਵਿਚ ਦੇਣ ਦੀ ਖੋਖਲੀ ਨੀਤੀ ਅਪਣਾਈ ਜਾ ਰਹੀ ਹੈ। ਮੀਟਿੰਗ ਦੇ ਅਖੀਰ ਵਿਚ ਪ੍ਰਧਾਨ ਅਜੀਤ ਸਿੰਘ ਫ਼ਤਿਹਚੱਕ ਨੇ ਪੰਜਾਬ ਸਰਕਾਰ ਦੀਆਂ ਪੈਨਸ਼ਨਰਜ਼ ਵਿਰੋਧੀ ਨੀਤੀਆਂ ਦੀਆਂ ਕਈ ਉਦਾਹਰਣਾਂ ਦਿੰਦਿਆਂ ਪੰਜਾਬ ਸਰਕਾਰ ਦੀ ਤਿੱਖੀ ਅਲੋਚਨਾ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤਾਂ ਅਜੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਵੀ ਲਾਗੂ ਨਹੀਂ ਕੀਤਾ ਗਿਆ ਅਤੇ ਛੇਵੇਂ ਤਨਖਾਹ ਕਮਿਸ਼ਨ ਦਾ ਰਹਿੰਦਾ ਦੂਜਾ ਭਾਗ ਠੰਡੇ ਬਸਤੇ ਵਿਚ ਪਾਇਆ ਹੋਇਆ ਹੈ। ਜਦਕਿ ਕੇਂਦਰ ਸਰਕਾਰ ਵੱਲੋਂ ਅੱਠਵੇਂ ਤਨਖਾਹ ਕਮਿਸ਼ਨ ਦੀ ਸਥਾਪਨਾ ਕਰ ਦਿੱਤੀ ਗਈ ਹੈ। ਪੱਟੀ ਤਹਿਸੀਲ ਇਕਾਈ ਦੇ ਪ੍ਰਧਾਨ ਜੋਧਬੀਰ ਸ਼ਰਮਾ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਉਨ੍ਹਾਂ ਦੁਹਰਾਇਆ ਕਿ 10 ਲੱਖ ਦੇ ਮੈਡੀਕਲ ਇਲਾਜ ਸਬੰਧੀ ਵੀ ਪੰਜਾਬ ਸਰਕਾਰ ਨੇ ਲੋਕਾਂ ਨੂੰ ਉਲਝਣ ਵਿਚ ਪਾ ਰੱਖਿਆ ਹੈ। ਆਮ ਨਾਗਰਿਕ ਨੂੰ ਇਸ ਬਾਰੇ ਨਾ ਤਾਂ ਸਹੀ ਜਾਣਕਾਰੀ ਹੈ ਅਤੇ ਨਾ ਹੀ ਤਸੱਲੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਅੱਗੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਤਨਖਾਹ ਕਮਿਸ਼ਨ ਦੀ ਸਿਫਾਰਸ਼ ਦੇ ਬਾਵਜੂਦ ਪੈਨਸ਼ਨਰਾਂ ਨੂੰ ਕਿਸ਼ਤਾਂ ਵਿਚ ਬਕਾਇਆ ਦੇਣ ਸਬੰਧੀ ਬਣਾਈ ਗਈ ਨੀਤੀ ਅੱਜ ਤੱਕ ਦੀਆਂ ਸਾਰੀਆਂ ਨੀਤੀਆਂ ਨਾਲੋਂ ਘਟੀਆ ਹੈ। ਟਾਲਮਟੋਲ ਕਰ ਕੇ ਸਮਾਂ ਲੰਘਾਉਣ ਵਾਲੀ ਜਿੱਦੀ ਸਰਕਾਰ ਨੂੰ ਜਗਾਉਣ ਲਈ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੇ ਸਾਂਝੇ ਫਰੰਟ ਵੱਲੋਂ ਬਜਟ ਸੈਸ਼ਨ ਨੂੰ ਸਾਹਮਣੇ ਰੱਖਦਿਆਂ 8 ਮਾਰਚ ਨੂੰ ਮੋਹਾਲੀ ਵਿਖੇ ਵਿਸ਼ਾਲ ਰੋਸ ਰੈਲੀ ਅਤੇ ਧਰਨੇ-ਪ੍ਰਦਰਸ਼ਨ ਕਰਨ ਲਈ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸਰਗਰਮ ਸਾਥੀ ਵੱਡੀ ਗਿਣਤੀ ’ਚ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਣਗੇ। ਉਨ੍ਹਾਂ ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ, ਤਰਨਤਾਰਨ ਦੀ ਜ਼ਿਲ੍ਹਾ ਇਕਾਈ ਦੇ ਨਾਲ ਤਹਿਸੀਲ ਆਗੂਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਵਿਉਤਬੰਦੀ ਕਰਕੇ ਕਾਫ਼ਲੇ ਦੇ ਰੂਪ ਵਿਚ ਵੱਧ ਤੋਂ ਵੱਧ ਪੈਨਸ਼ਨਰ ਮੁਹਾਲੀ ਦੀ ਸੂਬਾਈ ਰੋਸ ਰੈਲੀ ਵਿਚ ਸ਼ਾਮਲ ਹੋਣ। ਇਸ ਮੀਟਿੰਗ ਵਿਚ ਸ਼ਾਮਲ ਪੈਨਸ਼ਨਰ ਆਗੂਆਂ ਵਿਚ ਸਰਪ੍ਰਸਤ ਸੁਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਸਰਲੀ ਅਤੇ ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੀਂਹ, ਵਿੱਤ ਸਕੱਤਰ ਕੁਲਦੀਪ ਸਿੰਘ, ਉਪ ਵਿੱਤ ਸਕੱਤਰ ਕੁਲਵੰਤ ਸਿੰਘ, ਵਧੀਕ ਜਨਰਲ ਸਕੱਤਰ ਵਿਜੇ ਕੁਮਾਰ ਵਿਨਾਇਕ, ਪ੍ਰੈੱਸ ਸਕੱਤਰ ਹਰਸੁਖਦੇਵ ਸਿੰਘ, ਪੈਨਸ਼ਨਰ ਆਗੂ ਸਰਵਨ ਸਿੰਘ, ਤਹਿਸੀਲ ਪ੍ਰਧਾਨ ਸੁਰਿੰਦਰ ਸਿੰਘ ਤਰਨਤਾਰਨ, ਮੀਤ ਪ੍ਰਧਾਨ ਵਿਜੇ ਕੁਮਾਰ ਸ਼ਰਮਾ, ਗੁਰਮੁੱਖ ਸਿੰਘ, ਜਗੀਰ ਸਿੰਘ, ਪ੍ਰਿਤਪਾਲ ਸਿੰਘ, ਅਰੁਣ ਕੁਮਾਰ ਸ਼ਰਮਾ, ਜਸਬੀਰ ਸਿੰਘ, ਸੇਵਾ ਸਿੰਘ, ਜਗਦੀਸ਼ ਕੁਮਾਰ ਹਾਂਡਾ, ਬਲਰਾਮ ਕੁਮਾਰ, ਦਿਲਬਾਗ ਸਿੰਘ ਰਿਟਾ ਇੰਸ, ਪ੍ਰਵੀਨ ਕੁਮਾਰ, ਮੋਹਨ ਸਿੰਘ, ਸਰੂਪ ਸਿੰਘ, ਮਹਿੰਦਰ ਕੌਰ, ਪਤਵੰਤ ਕੌਰ, ਬਸੰਤ ਕੌਰ, ਲਖਵਿੰਦਰ ਕੌਰ, ਆਦਿ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ।