ਪੰਡੋਰੀ ਤਖ਼ਤ ਮੱਲ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਯਾਦਗਾਰੀ ਹੋ ਨਿੱਬੜਿਆ
ਬੱਚਿਆਂ ਨੂੰ ਆਪਣੇ ਮਾਪਿਆਂ ਦਾ ਸਤਿਕਾਰ ਕਰਨ ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
Publish Date: Tue, 31 Mar 2026 04:03 PM (IST)
Updated Date: Wed, 01 Apr 2026 04:01 AM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤਖ਼ਤ ਮੱਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਸ਼ੁਰੂ ’ਚ ਅਧਿਆਪਕ ਗੁਰਿੰਦਰਪਾਲ ਸਿੰਘ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਤੇ ਵੱਖ-ਵੱਖ ਖੇਤਰ ’ਚ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਕਿਰਨਦੀਪ ਕੌਰ ਨੇ ਬਤੌਰ ਸਟੇਟ ਸੰਚਾਲਕ ਭੂਮਿਕਾ ਨਿਭਾਈ। ਇਸ ਸਬੰਧੀ ਮੁੱਖ ਅਧਿਆਪਕ ਜਗਜੀਤ ਸਿੰਘ ਖਹਿਰਾ ਸਟੇਟ ਐਵਾਰਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਸਕੂਲ ’ਚ ਹਰ ਸਾਲ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਦੇ ਨਾਲ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਾਪੇ ਅਧਿਆਪਕ ਮਿਲਣੀ ਤੇ ਐੱਫਐੱਲ ਐੱਨ ਮੇਲਾ ਵੀ ਕਰਵਾਇਆ ਗਿਆ। ਇਸ ਮੌਕੇ ਜਿੱਥੇ ਸਾਲਾਨਾ ਇਮਤਿਹਾਨਾਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਨਾਲ ਹੀ ਵੱਖ ਗਤੀਵਿਧੀਆਂ ਜਿਵੇਂ ਖੇਡਾਂ ’ਚ ਜੇਤੂ ਰਹੇ, ਸਭ ਤੋਂ ਸੁੰਦਰ ਲਿਖਾਈ ਵਾਲੇ ਬੱਚੇ, ਸੁੰਦਰ ਵਰਦੀ ਵਾਲੇ, ਸਭ ਤੋਂ ਵੱਧ ਹਾਜ਼ਰੀ ਵਾਲੇ, ਸਮੇਂ ਦੇ ਪਾਬੰਦ, ਸੱਭਿਆਚਾਰਕ ਗਤੀਵਿਧੀਆਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਬੱਚਿਆਂ ਨੂੰ ਆਪਣੇ ਮਾਪਿਆਂ ਦਾ ਸਤਿਕਾਰ ਕਰਨ ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਮਾਪਿਆ ਨੂੰ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਦਾਖ਼ਲ ਕਰਵਾਉਣ ਲਈ ਕਿਹਾ। ਇਸ ਮੌਕੇ ਸਕੂਲ ’ਚ ਬੱਚਿਆਂ ਦੇ ਬੌਧਿਕ ਤੇ ਸਰੀਰਿਕ ਵਿਕਾਸ ਨਾਲ ਸਬੰਧਤ ਮਟੀਰੀਅਲ ਦੇ ਸਟਾਲ ਵੀ ਲਾਏ ਗਏ। ਸਰਕਾਰ ਵੱਲੋਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਸਕੂਲ ਦੇ ਬੱਚਿਆਂ ਵੱਲੋਂ ਗਿੱਧੇ ਤੇ ਭੰਗੜੇ ਸਮੇਤ ਸੋਲੋ ਤੇ ਗਰੁੱਪ ਡਾਂਸ ਪੇਸ਼ ਕੀਤਾ ਗਿਆ। ਇਸ ਮੌਕੇ ਪਸਵਕ ਕਮੇਟੀ ਮੈਂਬਰ, ਪਿੰਡ ਦੇ ਪਤਵੰਤੇ, ਸਾਬਕਾ ਵਿਦਿਆਰਥੀ ਤੇ ਵੱਡੀ ਗਿਣਤੀ ’ਚ ਬੱਚਿਆਂ ਦੇ ਮਾਪੇ ਹਾਜ਼ਰ ਸਨ।