ਕੰਪਨੀ ਕਮਾਂਡਰ ਸਰਬਜੀਤ ਸਿੰਘ ਦੀ ਛੇਵੀਂ ਬਰਸੀ ‘ਤੇ ਚੌਂਕੇ ਨੂੰ ਦਿੱਤੀ 10 ਹਜ਼ਾਰ ਦੀ ਸਹਾਇਤਾ
ਚੌਂਕਾ ਗ਼ਰੀਬ ਪਰਿਵਾਰਾਂ ਲਈ ਵੱਡਾ ਸਹਾਰਾ ਹੈ ਤੇ ਸਮਾਜ ਸੇਵੀਆਂ ਨੂੰ ਅੱਗੇ ਆ ਕੇ ਅਜਿਹੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ।
Publish Date: Sat, 28 Mar 2026 08:02 PM (IST)
Updated Date: Sun, 29 Mar 2026 04:15 AM (IST)
ਕੰਪਨੀ ਕਮਾਂਡਰ ਸਰਬਜੀਤ ਸਿੰਘ ਦੀ ਛੇਵੀਂ ਬਰਸੀ ‘ਤੇ ਚੌਂਕੇ ਨੂੰ ਦਿੱਤੀ 10 ਹਜ਼ਾਰ ਦੀ ਸਹਾਇਤਾ
ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਕੰਪਨੀ ਕਮਾਂਡਰ ਸਰਬਜੀਤ ਸਿੰਘ ਦੀ ਛੇਵੀਂ ਬਰਸੀ ਮੌਕੇ ਉਨ੍ਹਾਂ ਦੇ ਪਰਿਵਾਰ ਵੱਲੋਂ ਚੌਂਕਾ ਬੀਬੀ ਰਜਨੀ ਵਿਖੇ 10 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਇਹ ਰਕਮ ਚੌਂਕਾ ਬੀਬੀ ਰਜਨੀ ਦੇ ਪ੍ਰਧਾਨ ਜਤਿਨ ਕੁਮਾਰ ਸ਼ਰਮਾ ਪਟਵਾਰੀ ਨੂੰ ਸੌਂਪੀ ਗਈ। ਇਸ ਮੌਕੇ ਸਰਬਜੀਤ ਸਿੰਘ ਦੇ ਪੁੱਤਰ ਅੰਮ੍ਰਿਤਸ਼ੇਰ ਸਿੰਘ ਉਰਫ਼ ਦੀਪਕ ਨੇ ਕਿਹਾ ਕਿ ਚੌਂਕਾ ਬੀਬੀ ਰਜਨੀ ਵੱਲੋਂ ਲੋੜਵੰਦ ਤੇ ਮਜ਼ਦੂਰ ਵਰਗ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਬੇਮਿਸਾਲ ਹਨ। ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ ’ਚ ਦਿਹਾੜੀ ਕਰਨ ਆਉਣ ਵਾਲੇ ਮਜ਼ਦੂਰ ਇੱਥੇ ਕੇਵਲ ਦਸ ਰੁਪਏ ਵਿੱਚ ਪ੍ਰਸ਼ਾਦਾ ਛਕਦੇ ਹਨ, ਜਦੋਂਕਿ ਇਹੀ ਭੋਜਨ ਬਾਜ਼ਾਰ ’ਚ ਘੱਟੋ-ਘੱਟ 100 ਰੁਪਏ ਦਾ ਪੈਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਚੌਂਕਾ ਗ਼ਰੀਬ ਪਰਿਵਾਰਾਂ ਲਈ ਵੱਡਾ ਸਹਾਰਾ ਹੈ ਤੇ ਸਮਾਜ ਸੇਵੀਆਂ ਨੂੰ ਅੱਗੇ ਆ ਕੇ ਅਜਿਹੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ।
ਚੌਂਕੇ ਦੇ ਪ੍ਰਬੰਧਕ ਭਵਨ ਕੁਮਾਰ ਟਾਹ ਨੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੌਂਕਾ ਬੀਬੀ ਰਜਨੀ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਲਗਾਤਾਰ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ ਤੇ ਭਵਿੱਖ ’ਚ ਵੀ ਇਹ ਸਿਲਸਿਲਾ ਜਾਰੀ ਰਹੇਗਾ। ਇਸ ਮੌਕੇ ਅੰਮ੍ਰਿਤਸ਼ੇਰ ਸਿੰਘ ਉਰਫ਼ ਦੀਪਕ, ਹਰਮੀਤ ਕੌਰ, ਆਸ਼ੀਸ਼ ਕੌਰ ਪੋਤਰੀਆਂ, ਕਰਨਬੀਰ ਸਿੰਘ ਧਾਲੀਵਾਲ, ਰਾਜਵਿੰਦਰ ਸਿੰਘ ਪੈਰੀ, ਵਿਪਨ ਘਰਿਆਲਾ, ਮੁਕੇਸ਼ ਜੋਸ਼ੀ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਸਾਬਕਾ ਪ੍ਰਿੰਸੀਪਲ ਮੰਗਤ ਰਾਮ ਤੇ ਕ੍ਰਿਸ਼ਨ ਸ਼ਰਮਾ ਸਮੇਤ ਹੋਰ ਸਤਿਕਾਰਯੋਗ ਸ਼ਖ਼ਸੀਅਤਾਂ ਮੌਜੂਦ ਸਨ।