ਸਰਕਾਰੀ ਹਸਪਤਾਲ ਕਸੇਲ ਦੀ ਪੁਰਾਣੀ ਇਮਾਰਤ ਬਣੀ ਨਸ਼ੇੜੀਆਂ ਦਾ ਅੱਡਾ
ਪੱਤਰਕਾਰਾਂ ਦੀ ਟੀਮ ਨੇ ਜਦੋਂ ਹਸਪਤਾਲ ਦੀ ਪੁਰਾਣੀ ਇਮਾਰਤ ’ਚ ਜਾ ਕੇ ਵੇਖਿਆ ਤਾਂ ਸ਼ਰੇਆਮ ਕਈ ਵਿਅਕਤੀ ਨਸ਼ਾ ਕਰਦੇ ਮਿਲੇ ਤੇ ਟੀਮ ਨੂੰ ਵੇਖ ਕੰਧਾਂ ਟੱਪ ਕੇ ਭੱਜ ਗਏ।
Publish Date: Sat, 24 Jan 2026 04:28 PM (IST)
Updated Date: Sun, 25 Jan 2026 04:04 AM (IST)

ਸਰਕਾਰੀ ਹਸਪਤਾਲ ਕਸੇਲ ਦੀ ਪੁਰਾਣੀ ਇਮਾਰਤ ਬਣੀ ਨਸ਼ੇੜੀਆਂ ਦਾ ਅੱਡਾ ਨਸ਼ੇੜੀ ਨਸ਼ਿਆਂ ਦਾ ਸੇਵਨ ਕਰਕੇ ਹਸਪਤਾਲ ਦੇ ਸਮਾਨ ਦੀ ਹੀ ਕਰ ਲੈਂਦੇ ਹਨ ਚੋਰੀ ਨਰਿੰਦਰ ਸਿੰਘ ਦੋਦੇ•,ਪੰਜਾਬੀ ਜਾਗਰਣ, ਸਰਾਏ ਅਮਾਨਤ ਖਾਂ : ਪੰਜਾਬ ਸਰਕਾਰ ਵੱਲੋਂ ਨਸ਼ੇ ਖ਼ਿਲਾਫ਼ ਵਿੱਢੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਕਾਮਯਾਬ ਕਰਨ ਲਈ ਜਿੱਥੇ ਪੁਲਿਸ ਪ੍ਰਸ਼ਾਸਨ ਵੱਡੀਆਂ ਕਾਰਵਾਈਆਂ ਦੇ ਦਾਅਵੇ ਕਰ ਰਿਹਾ ਹੈ, ਉੱਥੇ ਹੀ ਕਸਬਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਕਸੇਲ ਵਿਖੇ ਸਥਿਤ ਸਰਕਾਰੀ ਹਸਪਤਾਲ ਦੀ ਪੁਰਾਣੀ ਇਮਾਰਤ ’ਚ ਨਸ਼ੇੜੀ ਇਸ ਮੁਹਿੰਮ ਨੂੰ ਟਿੱਚ ਜਾਣਦਿਆਂ ਦਿਨ-ਰਾਤ ਨਸ਼ਿਆਂ ਦਾ ਸੇਵਨ ਕਰਦੇ ਦਿਖਾਈ ਦੇ ਰਹੇ ਹਨ। ਜਿਸ ਕਾਰਨ ਹਸਪਤਾਲ ਨਜ਼ਦੀਕ ਰਹਿਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਲੋਕਾਂ ਨੇ ਆਪਣੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਜਦੋਂ ਦਾ ਸਰਕਾਰੀ ਹਸਪਤਾਲ ’ਚ ਓਟ ਕੇਂਦਰ ਸਰਕਾਰ ਵੱਲੋਂ ਸਥਾਪਤ ਕੀਤਾ ਗਿਆ ਹੈ, ਉਦੋਂ ਤੋਂ ਇਲਾਕੇ ਭਰ ਦੇ ਪਿੰਡਾਂ ’ਚੋਂ ਨਸ਼ਾ ਛਡਾਊ ਗੋਲ਼ੀਆਂ ਲੈਣ ਲਈ ਵਿਅਕਤੀ ਇੱਥੇ ਆਉਂਦੇ ਹਨ ਤੇ ਜਦੋਂ ਬਾਅਦ ’ਚ ਨਸ਼ੇ ਦੀ ਤੋੜ ਲੱਗਦੀ ਹੈ ਤਾਂ ਉਹੀ ਵਿਅਕਤੀ ਹਸਪਤਾਲ ’ਚੋਂ ਬੂਹੇ ਬਾਰੀਆਂ ਤੇ ਵੱਖ-ਵੱਖ ਤਰ੍ਹਾਂ ਦੇ ਕਮੀਤੀ ਸਾਮਾਨ ਦੀ ਚੋਰੀ ਕਰ ਕੇ ਬਾਹਰ ਸਸਤੇ ਭਾਅ ’ਚ ਵੇਚ ਕੇ ਆਪਣੇ ਨਸ਼ੇ ਦੀ ਪੂਰਤੀ ਕਰਦੇ ਹਨ। ਕਈ ਵਿਅਕਤੀ ਇੱਥੇ ਦਿੱਤੀਆਂ ਜਾਣ ਵਾਲੀਆਂ ਗੋਲ਼ੀਆਂ 50 ਤੋਂ ਲੈ ਕੇ 100 ਰੁਪਏ ਪ੍ਰਤੀ ਗੋਲ਼ੀ ਤੱਕ ਕਿਸੇ ਹੋਰ ਨੂੰ ਵੇਚ ਦਿੰਦੇ ਹਨ। ਪੱਤਰਕਾਰਾਂ ਦੀ ਟੀਮ ਨੇ ਜਦੋਂ ਹਸਪਤਾਲ ਦੀ ਪੁਰਾਣੀ ਇਮਾਰਤ ’ਚ ਜਾ ਕੇ ਵੇਖਿਆ ਤਾਂ ਸ਼ਰੇਆਮ ਕਈ ਵਿਅਕਤੀ ਨਸ਼ਾ ਕਰਦੇ ਮਿਲੇ ਤੇ ਟੀਮ ਨੂੰ ਵੇਖ ਕੰਧਾਂ ਟੱਪ ਕੇ ਭੱਜ ਗਏ। ਉਸ ਜਗ੍ਹਾ ’ਤੇ ਸਰਿੰਜਾਂ ਤੇ ਵੱਖ-ਵੱਖ ਤਰ੍ਹਾਂ ਦੇ ਨਸ਼ੇ ਕਰਨ ਵਾਲਾ ਸਾਮਾਨ ਵੱਡੀ ਮਾਤਰਾ ’ਚ ਖਿੱਲਰਿਆ ਮਿਲਿਆ। ਜਦੋਂਕਿ ਉਸ ਇਮਾਰਤ ਦੇ ਸਾਰੇ ਦਰਵਾਜ਼ੇ ਤੇ ਬਾਰੀਆਂ ਵੀ ਨਸ਼ਾ ਕਰਨ ਵਾਲਿਆਂ ਨੇ ਲਾਹ ਕੇ ਵੇਚ ਦਿੱਤੀਆਂ ਹਨ। ==== ਖ਼ਸਤਾ ਹਾਲ ਹੋ ਚੁੱਕੀ ਇਮਾਰਤ ਬਾਰੇ ਮਹਿਕਮੇ ਸੂਚਿਤ ਕਰ ਚੁੱਕੇ ਹਾਂ : ਸੀਨੀਅਰ ਮੈਡੀਕਲ ਅਫ਼ਸਰ ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਅਮਿਤਾ ਸੌਂਧੀ ਨੇ ਕਿਹਾ ਉਨ੍ਹਾਂ ਬਹੁਤ ਸਮਾਂ ਪਹਿਲਾਂ ਹੀ ਇਸ ਖ਼ਸਤਾ ਹਾਲ ਹੋ ਚੁੱਕੀ ਇਮਾਰਤ ਬਾਰੇ ਮਹਿਕਮੇ ਨੂੰ ਲਿਖਿਆ ਹੈ ਤੇ ਇਸ ਇਮਾਰਤ ਨੂੰ ਢਾਹੁਣ ਦੀ ਪ੍ਰਕਿਰਿਆ ਜਲਦੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਇੱਥੇ ਨਸ਼ਾ ਕਰਨ ਵਾਲਿਆਂ ਖ਼ਿਲਾਫ਼ ਬਹੁਤ ਵਾਰੀ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਨੂੰ ਲਿਖਤੀ ਸ਼ਿਕਾਇਤ ਵੀ ਦੇ ਚੁੱਕੇ ਹਾਂ ਤੇ ਕਈ ਵਾਰ ਪੁਲਿਸ ਦੇ ਕੁਝ ਅਧਿਕਾਰੀ ਆਉਂਦੇ ਹਨ ਤੇ ਫੇਰਾ ਮਾਰ ਕੇ ਚਲੇ ਜਾਂਦੇ ਹਨ। ਪਰ ਇਨ੍ਹਾਂ ਵਿਅਕਤੀਆਂ ਤੇ ਕੋਈ ਕਾਰਵਾਈ ਨਹੀਂ ਹੁੰਦੀ। ਕਈ ਵਾਰੀ ਇਸ ਹਸਪਤਾਲ ’ਚੋਂ ਕੀਮਤੀ ਸਾਮਾਨ ਵੀ ਚੋਰੀ ਹੋ ਚੁੱਕਾ ਹੈ। ਹਸਪਤਾਲ ਦਾ ਸਾਰੇ ਸਟਾਫ਼ ਨੂੰ ਵੀ ਇਨ੍ਹਾਂ ਨਸ਼ਾ ਕਰਨ ਵਾਲਿਆਂ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।