ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਮਿਲੇਗੀ 3100 ਰੁਪਏ ਬੁਢਾਪਾ ਪੈਨਸ਼ਨ
ਗੁਰਸੇਵਕ ਸਿੰਘ ਸ਼ੇਖ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਪੂਰੀ ਮਜ਼ਬੂਤੀ ਵੱਲ ਜਾ ਰਹੀ ਹੈ।
Publish Date: Tue, 03 Mar 2026 07:05 PM (IST)
Updated Date: Wed, 04 Mar 2026 04:09 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਂਦਿਆਂ ਹੀ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਨੇ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਅੰਦਰ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਹੈ। ਜਿਸਦੇ ਤਹਿਤ ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵਿਸ਼ੇਸ਼ ਤੌਰ ’ਤੇ ਮੁਲਾਕਾਤ ਕਰਦਿਆਂ ਹਲਕੇ ਦੀਆਂ ਸਰਗਰਮੀਆਂ ਬਾਰੇ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ। ਉਕਤ ਮੁਲਾਕਾਤ ਬਾਰੇ ਜਾਣਕਾਰੀ ਦਿੰਦਿਆਂ ਗੁਰਸੇਵਕ ਸਿੰਘ ਸ਼ੇਖ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਪੂਰੀ ਮਜ਼ਬੂਤੀ ਵੱਲ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਲਈ ਕਈ ਐਲਾਨ ਕੀਤੇ ਗਏ ਹਨ। ਜਿਨ੍ਹਾਂ ਵਿਚ ਬੁਢਾਪਾ ਪੈਨਸ਼ਨ 3100 ਰੁਪਏ ਕਰਨ ਤੋਂ ਇਲਾਵਾ ਕੁੜੀਆਂ ਦੇ ਵਿਆਹ ਲਈ ਇਕ ਲੱਖ ਰੁਪਏ ਦੀ ਸ਼ਗਨ ਸਕੀਮ, 70-80 ਸਾਲ ਤੋਂ ਜ਼ਮੀਨਾਂ ਵਾਹ ਰਹੇ ਕਿਸਾਨਾਂ ਨੂੰ ਮਾਲਕੀ ਹੱਕ, ਹੜ੍ਹਾਂ ਤੋਂ ਬਚਾਅ ਲਈ ਪੱਕੇ ਬੰਨ੍ਹ ਬਣਾਉਣ ਦਾ ਕੰਮ ਡੇਢ ਸਾਲ ਵਿਚ ਮੁਕੰਮਲ ਕਰਨਾ, ਸਾਰੇ ਕਿਸਾਨਾ ਨੂੰ ਇਕ ਹਫਤੇ ’ਚ ਟਿਊਬਵੈਲ ਕੁਨੈਕਸ਼ਨ ਦੇਣਾ, ਨੌਜਵਾਨਾਂ ਨੂੰ ਰੁਜ਼ਗਾਰ ਸ਼ੁਰੂ ਕਰਨ ਲਈ ਬਿਨ੍ਹਾਂ ਵਿਆਜ ਦੇ ਦਸ ਲੱਖ ਰੁਪਏ ਕਰਜ, ਪੰਜਾਬ ਨੂੰ ਵਰਡਲ ਟੂਰਿਜ਼ਮ ਵਜੋਂ ਵਿਕਸਤ ਕਰਨ ਦੇ ਨਾਲ ਕਬੱਡੀ ਵਰਲਡ ਕੱਪ ਅਤੇ ਪਸ਼ੂਆਂ ਦੇ ਮੇਲੇ ਮੁੜ ਸ਼ੁਰੂ ਕਰਵਾਉਣਾ ਸ਼ਾਮਲ ਹਨ। ਸ਼ੇਖ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 2027 ਦੌਰਾਨ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੇ ਅਤੇ ਸੂਬੇ ਵਿਚ ਇਕ ਵਾਰ ਫਿਰ ਪੰਜਾਬ ਦੀ ਆਪਣੀ ਇੱਕੋ ਇਕ ਪਾਰਟੀ ਅਕਾਲੀ ਦਲ ਦੀ ਸਰਕਾਰ ਬਣੇਗੀ। ਜਦੋਂਕਿ ਦਿੱਲੀ ਵਾਲਿਆਂ ਨੂੰ ਪਛਾੜ ਕੇ ਪੰਜਾਬ ਵਾਸੀ ਵਾਪਸ ਦਿੱਲੀ ਭੇਜਣ ਦਾ ਰਾਹ ਪੱਧਰਾ ਕਰਨਗੇ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਇਕਜੁੱਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ, ਤਾਂ ਜੋ ਪੰਜਾਬ ਇਕ ਵਾਰ ਫਿਰ ਵਿਕਾਸ ਦੀਆਂ ਬੁਲੰਦੀਆਂ ’ਤੇ ਜਾਵੇ ਅਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ।